ਪੇਈਚਿੰਗ (ਸਮਾਜ ਵੀਕਲੀ) : ਟੋਕੀਓ ਵਿਚ ਹੋਣ ਵਾਲੀ ਭਾਰਤ, ਆਸਟਰੇਲੀਆ, ਜਪਾਨ ਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦੀ ਮਿਲਣੀ ਦੀ ਚੀਨ ਨੇ ਨਿਖੇਧੀ ਕੀਤੀ ਹੈ। ਚੀਨ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ‘ਵਿਸ਼ੇਸ਼ ਗੁੱਟ’ ਕਾਇਮ ਕਰਨ ਦੇ ਖ਼ਿਲਾਫ਼ ਹੈ ਤੇ ਇਹ ਕਿਸੇ ਤੀਜੀ ਧਿਰ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏਗਾ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 6 ਅਕਤੂਬਰ ਨੂੰ ਇਸ ਬੈਠਕ ਵਿਚ ਹਿੱਸਾ ਲੈਣਗੇ। ਉਹ 6 ਤੇ 7 ਅਕਤੂਬਰ ਨੂੰ ਟੋਕੀਓ ਦਾ ਦੌਰਾ ਕਰਨਗੇ। ਜਪਾਨ ਤੇ ਭਾਰਤ ਇਸ ਦੌਰਾਨ ਸਾਂਝੇ ਹਿੱਤਾਂ ਵਾਲੇ ਦੁਵੱਲੇ ਤੇ ਖੇਤਰੀ ਮੁੱਦਿਆਂ ’ਤੇ ਵਿਚਾਰ-ਚਰਚਾ ਕਰਨਗੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਖੇਤਰੀ ਮੁਲਕਾਂ ਵਿਚਾਲੇ ਆਪਸੀ ਸਮਝ ਤੇ ਭਰੋਸਾ ਵਿਕਸਿਤ ਕਰਨ ਲਈ ਯਤਨ ਹੋਣੇ ਚਾਹੀਦੇ ਹਨ ਨਾ ਕਿ ਗੁੱਟ ਬਣਾ ਕੇ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ।