ਭਾਰਤ ਵੱਲੋਂ ਖਾੜੀ ਮੁਲਕਾਂ ਨਾਲ ਤਾਲਮੇਲ ਵਧਾਉਣ ਲਈ ਸਮਝੌਤਾ ਸਹੀਬੱਧ

ਰਿਆਧ (ਸਮਾਜ ਵੀਕਲੀ) : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਖਾੜੀ ਮੁਲਕਾਂ ਦੀ ਕੌਂਸਲ (ਜੀਸੀਸੀ) ਦੇ ਸਕੱਤਰ ਜਨਰਲ ਨਾਯੇਫ ਫਾਲਾਹ ਮੁਬਾਰਕ ਅਲ-ਹਜਰਾਫ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦੋਵਾਂ ਆਗੂਆਂ ਨੇ ਭਾਰਤ ਤੇ ਛੇ ਦੇਸ਼ਾਂ ਦੇ ਇਸ ਸਮੂਹ ਦਰਮਿਆਨ ਤਾਲਮੇਲ ਹੋਰ ਮਜ਼ਬੂਤ ਕਰਨ ਦੇ ਢੰਗ-ਤਰੀਕਿਆਂ ਸਬੰਧੀ ਇਕ ਸਮਝੌਤੇ ਉਤੇ ਸਹੀ ਪਾਈ। ਜੈਸ਼ੰਕਰ ਸਾਊਦੀ ਅਰਬ ਦੇ ਤਿੰਨ ਦਿਨਾਂ ਦੇ ਦੌਰੇ ਉਤੇ ਹਨ। ਉਹ ਇਸ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਮਜ਼ਬੂਤ ਕਰਨ ਦੇ ਵੱਖ-ਵੱਖ ਪੱਖਾਂ ਉਤੇ ਚਰਚਾ ਕਰਨਗੇ। ਵਿਦੇਸ਼ ਮੰਤਰੀ ਵਜੋਂ ਸਾਊਦੀ ਅਰਬ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਜੀਸੀਸੀ ਦੇ ਸਕੱਤਰ ਜਨਰਲ ਨਾਲ ਮੁਲਾਕਾਤ ਦੌਰਾਨ ਜੈਸ਼ੰਕਰ ਨੇ ਕਈ ਖੇਤਰੀ ਤੇ ਆਲਮੀ ਮੁੱਦਿਆਂ ਉਤੇ ਚਰਚਾ ਕੀਤੀ। ਦੱਸਣਯੋਗ ਹੈ ਕਿ ਜੀਸੀਸੀ ਇਕ ਖੇਤਰੀ ਤੇ ਕਈ ਸਰਕਾਰਾਂ ਦੇ ਤਾਲਮੇਲ ਲਈ ਕਾਇਮ ਕੀਤਾ ਗਿਆ ਸੰਗਠਨ ਹੈ। ਇਸ ਸਿਆਸੀ ਤੇ ਆਰਥਿਕ ਯੂਨੀਅਨ ਵਿਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਤੇ ਯੂਏਈ ਸ਼ਾਮਲ ਹਨ।

ਭਾਰਤ ਦੇ ਜੀਸੀਸੀ ਨਾਲ ਸਬੰਧ ਤੇ ਸਹਿਯੋਗ ਜ਼ਿਆਦਾਤਰ ਮਜ਼ਬੂਤ ਹੀ ਰਿਹਾ ਹੈ। ਖਾੜੀ ਮੁਲਕਾਂ ਤੋਂ ਭਾਰਤ ਤੇਲ ਤੇ ਗੈਸ ਦਰਾਮਦ ਕਰਦਾ ਹੈ। ਵੱਡੀ ਗਿਣਤੀ ਭਾਰਤੀ ਨਾਗਰਿਕ ਖਾੜੀ ਮੁਲਕਾਂ ਵਿਚ ਕੰਮ ਕਰਦੇ ਹਨ। ਵਿੱਤੀ ਵਰ੍ਹੇ 2020-21 ਵਿਚ ਭਾਰਤ ਤੋਂ ਜੀਸੀਸੀ ਨੂੰ 28 ਅਰਬ ਡਾਲਰ ਤੋਂ ਵੱਧ ਦੀ ਬਰਾਮਦ ਹੋਈ ਹੈ। ਜਦਕਿ ਦੁਵੱਲਾ ਵਪਾਰ 87 ਅਰਬ ਡਾਲਰ ਤੋਂ ਵੱਧ ਦਾ ਰਿਹਾ ਹੈ। ਇਸੇ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਸਾਊਦੀ ਅਰਬ ਵਿਚਾਲੇ ਤਾਲਮੇਲ ਸਾਂਝੇ ਵਿਕਾਸ ਤੇ ਖ਼ੁਸ਼ਹਾਲੀ ਦਾ ਵਾਅਦਾ ਹੈ। ਉਨ੍ਹਾਂ ਅੱਜ ਇੱਥੇ ਪ੍ਰਿੰਸ ਸੌਦ ਅਲ ਫ਼ੈਸਲ ਇੰਸਟੀਚਿਊਟ ਵਿਚ ਕੂਟਨੀਤਕਾਂ ਨੂੰ ਸੰਬੋਧਨ ਕੀਤਾ। ਆਪਣੇ ਦੌਰੇ ਦੌਰਾਨ ਜੈਸ਼ੰਕਰ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਇਹ ਮੀਟਿੰਗ ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਕੌਂਸਲ ਦੇ ਢਾਂਚੇ ਤਹਿਤ ਹੋਵੇਗੀ। ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਇੱਥੇ ਕਿਹਾ ਕਿ ਭਾਰਤ ਨੇ ਆਪਣੇ ਅਰਥਚਾਰੇ ਦੀ ਬਿਹਤਰੀ ਲਈ ਵੱਡੇ ਕਦਮ ਚੁੱਕੇ ਹਨ ਤੇ ਆਸ ਹੈ ਕਿ ਇਸ ਸਾਲ ਦੇਸ਼ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਿਹਾ ਅਰਥਚਾਰਾ ਬਣੇਗਾ।

Previous articleਯੂਕਰੇਨ ਨੇ ਰੂਸੀ ਸੈਨਾ ਨੂੰ ਖਾਰਕੀਵ ’ਚੋਂ ਹਟਣ ਲਈ ਮਜਬੂਰ ਕੀਤਾ
Next articleਅਭਿਸ਼ੇਕ ਬੈਨਰਜੀ ਦੀ ਰਿਸ਼ਤੇਦਾਰ ਨੂੰ ਵਿਦੇਸ਼ ਯਾਤਰਾ ਤੋਂ ਰੋਕਿਆ