ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਸਰਬਸੰਮਤੀ ਨਾਲ ਬਣੇ ਬਹੁਪੱਖੀ ਕਾਰਜ ਢਾਂਚੇ ਰਾਹੀਂ ਹੀ ਪਰਮਾਣੂ ਹਥਿਆਰ ਘਟਾਉਣ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ ਅਤੇ ਭਾਰਤ ਪਰਮਾਣੂ ਹਥਿਆਰ ਰੱਖਣ ਵਾਲੇ ਮੁਲਕਾਂ ਵਿਚਾਲੇ ਭਰੋਸਾ ਕਾਇਮ ਕਰਨ ’ਚ ਯਕੀਨ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਪਰਮਾਣੂ ਤਾਕਤਾਂ ਖ਼ਿਲਾਫ਼ ਇਨ੍ਹਾਂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਦੀ ਹਮਾਇਤ ਕਰਦਾ ਹੈ। ਸ਼੍ਰਿੰਗਲਾ ਨੇ ਪਰਮਾਣੂ ਹਥਿਆਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕੌਮਾਂਤਰੀ ਦਿਵਸ ਮਨਾਉਣ ਲਈ ਉੱਚ ਪੱਧਰੀ ਡਿਜੀਟਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘ਭਾਰਤ ਸਰਬ ਵਿਆਪਕ, ਪੁਸ਼ਟੀ ਯੋਗ ਅਤੇ ਭੇਦਭਾਵ ਮੁਕਤ ਪ੍ਰਮਾਣੂ ਨਿਸ਼ਸਤਰੀਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਤਾਂ ਜੋ ਸੰਯੁਕਤ ਰਾਸ਼ਟਰ ਆਮ ਇਜਲਾਸ ਦੇ ਪਹਿਲੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਸਤਾਵੇਜ਼ ਅਨੁਸਾਰ ਪਰਮਾਣੂ ਹਥਿਆਰ ਪੂਰੀ ਤਰ੍ਹਾਂ ਨਸ਼ਟ ਹੋ ਸਕਣ।’
ਉਨ੍ਹਾਂ ਕਿਹਾ ਕਿ ਪਰਮਾਣੂ ਹਥਿਆਰਾਂ ਬਾਰੇ ਭਾਰਤ ਦੇ ਰੁਖ਼ ਸਬੰਧੀ 2006 ’ਚ ਸੰਯੁਕਤ ਰਾਸ਼ਟਰ ਆਮ ਸਭਾ ਦੀ ਪਹਿਲੀ ਕਮੇਟੀ ਤੇ 2007 ’ਚ ਪਰਮਾਣੂ ਹਥਿਆਰਾਂ ਬਾਰੇ ਸੰਮੇਲਨ ’ਚ ਸੌਂਪੇ ਗਏ ਕਾਰਜ ਪੱਤਰ ’ਚ ਦੱਸਿਆ ਗਿਆ ਸੀ। ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਦੁਨੀਆਂ ਇਸ ਸਮੇਂ ਪਰਮਾਣੂ ਹਥਿਆਰਾਂ ਦੇ ਸਾਏ ਹੇਠ ਜੀਅ ਰਹੀ ਹੈ। ਉਨ੍ਹਾਂ ਇਹ ਟਿੱਪਣੀ ਅਮਰੀਕਾ ਤੇ ਚੀਨ, ਭਾਰਤ ਤੇ ਚੀਨ ਤੇ ਹੋਰ ਮੁਲਕਾਂ ਵਿਚਾਲੇ ਲਗਾਤਾਰ ਵੱਧ ਰਹੇ ਤਣਾਅ ਦਰਮਿਆਨ ਕਹੀ। ਉਨ੍ਹਾਂ ਕਿਹਾ ਕਿ ਅੱਜ ਪਰਮਾਣੂ ਹਥਿਆਰਾਂ ਨਾਲ ਲੈਸ ਕਈ ਮੁਲਕਾਂ ਵਿਚਾਲੇ ਤਣਾਅ ਵਧਣ ਕਾਰਨ ਦੁਨੀਆਂ ’ਤੇ ਵੱਡਾ ਖਤਰਾ ਮੰਡਰਾ ਰਿਹਾ ਹੈ।