ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਨੇ ਤਿੰਨ ਦਿਨ ਪਹਿਲਾਂ ਕਾਬੂ ਕੀਤੇ ਚੀਨੀ ਫ਼ੌਜ (ਪੀਐਲਏ) ਦੇ ਇਕ ਜਵਾਨ ਨੂੰ ਅੱਜ ਚੀਨ ਹਵਾਲੇ ਕਰ ਦਿੱਤਾ। ਉਸ ਨੂੰ ਪੂਰਬੀ ਲੱਦਾਖ ਵਿਚ ਪੈਂਗੌਂਗ ਝੀਲ ਦੇ ਦੱਖਣੀ ਕੰਢੇ ’ਤੇ ਭਾਰਤੀ ਫ਼ੌਜ ਨੇ ਹਿਰਾਸਤ ਵਿਚ ਲਿਆ ਸੀ। ਸੂਤਰਾਂ ਮੁਤਾਬਕ ਫ਼ੌਜੀ ਨੂੰ ਚੁਸ਼ੂਲ-ਮੋਲਡੋ ਸਰਹੱਦੀ ਨਾਕੇ ’ਤੇ ਸਵੇਰੇ ਚੀਨ ਹਵਾਲੇ ਕੀਤਾ ਗਿਆ।
ਚੀਨੀ ਸਿਪਾਹੀ ਨੂੰ ਸ਼ੁੱਕਰਵਾਰ ਸੁਵਖ਼ਤੇ ਹਿਰਾਸਤ ਵਿਚ ਲਿਆ ਗਿਆ ਸੀ। ਉਹ ਐਲਏਸੀ ਪਾਰ ਕਰ ਕੇ ਭਾਰਤ ਵਾਲੇ ਪਾਸੇ ਦਾਖ਼ਲ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਜਵਾਨ ਦੇ ਫੜੇ ਜਾਣ ਮਗਰੋਂ ਚੀਨ ਨੇ ਤੁਰੰਤ ਉਸ ਨੂੰ ਪੀਐਲਏ ਹਵਾਲੇ ਕਰਨ ਲਿਆ ਕਿਹਾ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿਚ ਵੀ ਭਾਰਤੀ ਫ਼ੌਜ ਨੇ ਪੀਐਲਏ ਦੇ ਇਕ ਜਵਾਨ ਨੂੰ ਭਾਰਤ ਵਾਲੇ ਪਾਸੇ ਹਿਰਾਸਤ ਵਿਚ ਲਿਆ ਸੀ। ਪੈਂਗੌਂਗ ਝੀਲ ਨੇੜਲੇ ਇਲਾਕੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਦਾ ਕੇਂਦਰ ਬਣੇ ਹੋਏ ਹਨ।