ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਭਾਰਤੀ ਖੇਤਰ ਵਿਚ ਘੁਸਪੈਠ ਬਰਦਾਸ਼ਤ ਨਹੀਂ ਕਰੇਗੀ ਤੇ ਅਜਿਹੀ ਕਿਸੀ ਵੀ ਸਥਿਤੀ ਨਾਲ ਸਖਤੀ ਨਾਲ ਨਜਿੱਠੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਾਰਾ-370 ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਸਥਿਤੀ ਸ਼ਾਂਤੀਪੂਰਨ ਹੈ। ਇਸ ਤੋਂ ਬਾਅਦ ਨਾ ਹੀ ਇਥੇ ਗੋਲੀ ਚੱਲਣ ਦੀ ਖਬਰ ਹੈ ਤੇ ਨਾ ਹੀ ਕਿਸੇ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਉਹ ਆਪਣੀ ਧਰਤੀ ਵਿਚ ਇੱਕ ਇੰਚ ਵੀ ਘੁਸਪੈਠ ਨਹੀਂ ਹੋਣ ਦੇਣਗੇ। ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਭਾਰਤੀ ਫੌਜੀਆਂ ਦੇ ਖੂਨ ਨੂੰ ਵਿਅਰਥ ਨਹੀਂ ਜਾਣ ਦੇਣਗੇ।
ਉਨ੍ਹਾਂ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵੇਲੇ ਵਿਆਪਕ ਕੌਮੀ ਸੁਰੱਖਿਆ ਪਾਲਸੀ ਨਹੀਂ ਬਣਾਈ ਗਈ ਪਰ ਮੋਦੀ ਸਰਕਾਰ ਵਲੋਂ ਸਰਜੀਕਲ ਤੇ ਏਅਰ ਸਟਰਾਈਕ ਤੋਂ ਬਾਅਦ ਭਾਰਤ ਦੀ ਵਿਸ਼ਵ ਵਿਚ ਵੱਖਰੀ ਪਛਾਣ ਬਣੀ ਹੈ ਤੇ ਭਾਰਤ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾਣ ਲੱਗਾ ਹੈ। ਉਨ੍ਹਾਂ ਜੰਮੂ ਤੇ ਕਸ਼ਮੀਰ ਵਿਚੋਂ ਧਾਰਾ-370 ਨੂੰ ਹਟਾਉਣ ’ਤੇ ਕਿਹਾ ਕਿ ਹੁਣ ਸਾਰਾ ਭਾਰਤ ਇਕ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਰੇ ਫੈਸਲੇ ਲੋਕਾਂ ਦੀ ਭਲਾਈ ਲਈ ਲਏ ਹਨ।
HOME ਭਾਰਤ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ: ਸ਼ਾਹ