ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਦੂਜੇ ਕੌਮਾਂਤਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਸਟਰੇਲੀਆ ’ਤੇ ਅੱਠ ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਭਾਰਤ ਨੇ ਇਸ ਜਿੱਤ ਨਾਲ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਭਾਰਤੀ ਕਪਤਾਨ ਕੋਹਲੀ ਨੇ ਦਬਾਅ ਦੀਆਂ ਹਾਲਤਾਂ ਵਿੱਚ 40ਵਾਂ ਇੱਕ ਰੋਜ਼ਾ ਸੈਂਕੜਾ ਮਾਰਿਆ, ਜਿਸ ਨਾਲ ਭਾਰਤ ਨੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਡਿੱਗਣ ਦੇ ਬਾਵਜੂਦ ਆਸਟਰੇਲੀਆ ਖ਼ਿਲਾਫ਼ 48.2 ਓਵਰਾਂ ਵਿੱਚ 250 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਵਿੱਚ ਮਹਿਮਾਨ ਟੀਮ 49.3 ਓਵਰਾਂ ਵਿੱਚ 242 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਦੇ ਤਿੰਨ ਸਪਿੰਨਰਾਂ ਐਡਮ ਜ਼ੰਪਾ (62 ਦੌੜਾਂ ਦੇ ਕੇ ਦੋ ਵਿਕਟਾਂ), ਗਲੈਨ ਮੈਕਸਵੈੱਲ (45 ਦੌੜਾਂ ਦੇ ਕੇ ਇੱਕ ਵਿਕਟ) ਅਤੇ ਨਾਥਨ ਲਿਓਨ (42 ਦੌੜਾਂ ਦੇ ਕੇ ਇੱਕ ਵਿਕਟ) ਨੇ ਚੰਗੀ ਗੇਂਦਬਾਜ਼ੀ ਕੀਤੀ, ਭਰ ਪੈਟ ਕਮਿਨਜ਼ (29 ਦੌੜਾਂ ਦੇ ਕੇ ਚਾਰ ਵਿਕਟਾਂ) ਸਭ ਤੋਂ ਸਫਲ ਗੇਂਦਬਾਜ਼ ਰਿਹਾ। ਕਮਿਨਜ਼ ਨੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (ਸਿਫ਼ਰ) ਨੂੰ ਪਹਿਲੇ ਓਵਰ ਵਿੱਚ ਹੀ ਆਊਟ ਕੀਤਾ, ਜਿਸ ਮਗਰੋਂ ਕੋਹਲੀ ਨੇ 120 ਗੇਂਦਾਂ ਵਿੱਚ 116 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਦਸ ਚੌਕੇ ਮਾਰੇ। ਕੋਹਲੀ ਨੇ ਸ਼ੁਰੂ ਤੋਂ ਪਾਰੀ ਸੰਭਾਲੀ, ਜਦਕਿ ਦੂਜੇ ਪਾਸੇ ਸ਼ਿਖਰ ਧਵਨ (21 ਦੌੜਾਂ) ਅਤੇ ਅੰਬਾਤੀ ਰਾਇਡੂ (18 ਦੌੜਾਂ) ਕੁੱਝ ਸਮਾਂ ਹੀ ਕ੍ਰੀਜ਼ ’ਤੇ ਟਿਕ ਸਕੇ। ਧਵਨ ਚੰਗੀ ਲੈਅ ਵਿੱਚ ਲੱਗ ਰਿਹਾ ਸੀ, ਪਰ ਗਲੈਨ ਮੈਕਸਵੈੱਲ ਨੇ ਉਸ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ। ਰਾਇਡੂ ਨੂੰ ਅਖ਼ੀਰ ਵਿੱਚ ਲਿਓਨ ਨੇ ਐਲਬੀਡਬਲਯੂ ਆਊਟ ਕੀਤਾ। ਕੋਹਲੀ ਨੂੰ ਵਿਜੈ ਸ਼ੰਕਰ (41 ਗੇਂਦਾਂ ’ਤੇ 46 ਦੌੜਾਂ) ਵਜੋਂ ਚੰਗਾ ਸਹਿਯੋਗੀ ਮਿਲਿਆ। ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 81 ਦੌੜਾਂ ਬਣਾਈਆਂ। ਸ਼ੰਕਰ ਨੂੰ ਜ਼ੰਪਾ ਨੇ ਰਨ ਆਊਟ ਕੀਤਾ। ਇਸ ਮਗਰੋਂ ਜ਼ੰਪਾ ਨੇ ਕੇਦਾਰ ਜਾਧਵ (11 ਦੌੜਾਂ) ਅਤੇ ਮਹਿੰਦਰ ਸਿੰਘ ਧੋਨੀ (ਸਿਫ਼ਰ) ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕੀਤਾ, ਪਰ ਕੋਹਲੀ ਨੇ ਇੱਕ ਸਮੇਂ ਤੱਕ ਪਾਰੀ ਸੰਭਾਲੀ ਰੱਖੀ। ਕੋਹਲੀ ਨੇ ਨਾਥਨ ਕੂਲਟਰ ਨਾਈਲ ਦੀ ਗੇਂਦ ’ਤੇ ਚੌਕਾ ਮਾਰ ਕੇ ਕੌਮਾਂਤਰੀ ਕ੍ਰਿਕਟ ਵਿੱਚ ਆਪਣਾ 65ਵਾਂ ਸੈਂਕੜਾ ਪੂਰਾ ਕੀਤਾ। ਪਾਰੀ ਦੇ ਆਖ਼ਰੀ ਪਲਾਂ ਵਿੱਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਲੋੜ ਸੀ, ਪਰ ਰਵਿੰਦਰ ਜਡੇਜਾ 40 ਗੇਂਦਾਂ ’ਤੇ ਸਿਰਫ਼ 21 ਦੌੜਾਂ ਬਣਾ ਸਕਿਆ। ਕਮਿਨਜ਼ ਨੇ ਜਡੇਜਾ ਨੂੰ ਆਊਟ ਕਰਨ ਮਗਰੋਂ ਕੋਹਲੀ ਦੀ ਪਾਰੀ ਦਾ ਵੀ ਅੰਤ ਕੀਤਾ। ਕੁਲਦੀਪ ਯਾਦਵ (ਤਿੰਨ) ਅਤੇ ਜਸਪ੍ਰੀਤ ਬੁਮਰਾਹ (ਸਿਫ਼ਰ) ਵੀ ਤੇਜ਼ੀ ਨਾਲ ਦੌੜਾਂ ਬਣਾਉਣ ਦੇ ਯਤਨ ਵਿੱਚ ਆਊਟ ਹੋ ਗਏ ਅਤੇ ਭਾਰਤ ਪੂਰੇ 50 ਓਵਰ ਵੀ ਨਹੀਂ ਖੇਡ ਸਕਿਆ। ਆਸਟਰੇਲੀਆ ਵੱਲੋਂ ਅਰੋਨ ਫਿੰਚ ਨੇ 37 ਦੌੜਾਂ ਅਤੇ ਉਸਮਾਨ ਖਵਾਜਾ ਨੇ 38 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਪੀਟਰ ਹੈਂਡਸਕੰਬ (48 ਦੌੜਾਂ) ਨੀਮ ਸੈਂਕੜਾ ਮਾਰਨ ਤੋਂ ਦੋ ਦੌੜਾਂ ਨਾਲ ਖੁੰਝ ਗਿਆ। ਫਿੰਚ ਨੂੰ ਕੁਲਦੀਪ ਯਾਦਵ ਨੇ ਐਲਬੀਡਬਲਯੂ ਅਤੇ ਰਵਿੰਦਰ ਜਡੇਜਾ ਨੇ ਹੈਂਡਬਸਕੰਬ ਨੂੰ ਰਨ ਆਊਟ ਕੀਤਾ। ਗਲੈਨ ਮੈਕਸਵੈੱਲ ਚਾਰ ਦੌੜਾਂ ਅਤੇ ਸ਼ਾਨ ਮੌਰਸ 16 ਦੌੜਾਂ ਹੀ ਬਣਾ ਸਕੇ। ਮਾਰਕਸ ਸਟੋਈਨਿਸ ਨੇ 65 ਗੇਂਦਾਂ ਵਿੱਚ 52 ਦੌੜਾਂ ਦੀ ਸ਼ਾਨਦਾਰ ਨੀਮ ਸੈਂਕੜਾ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ ਚਾਰ ਚੌਕੇ ਅਤੇ ਇੱਕ ਛੱਕਾ ਮਾਰਿਆ। ਜਦੋਂਕਿ ਦੂਜੇ ਪਾਸੇ ਅਲੈਕਸ ਕੈਰੀ (22 ਦੌੜਾਂ), ਨਾਥਨ ਕੂਲਟਰ (ਚਾਰ ਦੌੜਾਂ) ਅਤੇ ਪੈਟ ਕਮਿਨਜ਼ (ਸਿਫ਼ਰ) ਦਾ ਉਸ ਨੂੰ ਸਾਥ ਨਹੀਂ ਮਿਲਿਆ। ਇੱਕ ਸਮੇਂ ਆਸਟਰੇਲੀਆ ਦੀਆਂ ਦੋ ਓਵਰਾਂ ਵਿੱਚ ਤਿੰਨ ਵਿਕਟਾਂ ਡਿੱਗ ਗਈਆਂ ਸਨ। ਭਾਰਤ ਵੱਲੋਂ ਕੁਲਦੀਪ ਯਾਦਵ ਨੇ ਤਿੰਨ ਵਿਕਟਾਂ ਝਟਕਾਈਆਂ, ਜਦੋਂਕਿ ਜਸਪ੍ਰੀਤ ਬੁਮਰਾਹ ਅਤੇ ਵਿਜੇ ਸ਼ੰਕਰ ਨੇ ਦੋ-ਦੋ ਸ਼ਿਕਾਰ ਕੀਤੇ। ਇਨ੍ਹਾਂ ਤੋਂ ਇਲਾਵਾ ਰਵਿੰਦਰ ਜਡੇਜਾ ਤੇ ਕੇਦਾਰ ਜਾਧਵ ਨੂੰ ਇੱਕ-ਇੱਕ ਵਿਕਟ ਹੱਥ ਲੱਗੀ।