ਢੇਕੀਆਜੁਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਭਾਰਤ ਦੀ ਚਾਹ ਨੂੰ ‘ਬਦਨਾਮ’ ਕਰਨ ਲਈ ਕੌਮਾਂਤਰੀ ਸਾਜ਼ਿਸ਼ ਘੜੀ ਗਈ ਹੈ। ਇਹ ਦਾਅਵਾ ਉਨ੍ਹਾਂ ਅਸਾਮ ਦੀ ਯਾਤਰਾ ਦੌਰਾਨ ਕੀਤਾ ਜੋ ਕਿ ਚਾਹ ਦਾ ਵੱਡਾ ਉਤਪਾਦਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਅਸਾਮ ਦੇ ਚਾਹ ਦੇ ਬਾਗ਼ਾਂ ਵਿਚ ਕੰਮ ਕਰਦੇ ਵਰਕਰ ਇਸ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦੇਣਗੇ। ਮੋਦੀ ਨੇ ਇਹ ਦਾਅਵਾ ਗ਼ੈਰ ਸਰਕਾਰੀ ਸੰਗਠਨ ‘ਗ੍ਰੀਨਪੀਸ’ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕੀਤਾ, ਜਿਸ ਵਿਚ ਭਾਰਤੀ ਚਾਹ ਸਨਅਤ ’ਚ ਕੀਟਨਾਸ਼ਕਾਂ ਦੀ ਲੋੜੋਂ ਵੱਧ ਵਰਤੋਂ ਦਾ ਹਵਾਲਾ ਦਿੱਤਾ ਗਿਆ ਹੈ।
ਚੋਣਾਂ ਵਾਲੇ ਸੂਬੇ ਦੇ ਦੂਜੇ ਦੌਰੇ ਦੌਰਾਨ ਉਨ੍ਹਾਂ ਨਾਲ ਹੀ ਕਿਹਾ ਕਿ ਹਰੇਕ ਸੂਬੇ ਵਿਚ ਘੱਟੋ-ਘੱਟ ਇਕ ਮੈਡੀਕਲ ਕਾਲਜ ਤੇ ਤਕਨੀਕੀ ਸੰਸਥਾ ਅਜਿਹੀ ਹੋਣੀ ਚਾਹੀਦੀ ਹੈ ਜੋ ਮਾਤ ਭਾਸ਼ਾ ਵਿਚ ਸਿੱਖਿਆ ਦੇਵੇ। ‘ਅਸਾਮ ਮਾਲਾ’ ਸਕੀਮ ਲਾਂਚ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਅਸਾਮ ਦੇ ਵਿਕਾਸ ਨੂੰ ਹਮੇਸ਼ਾ ਚਾਹ ਦੇ ਬਾਗ਼ਾਂ ਦੇ ਵਰਕਰਾਂ ਦੀ ਹਾਲਤ ਨਾਲ ਜੋੜਦੇ ਹਨ। ‘ਅਸਾਮ ਮਾਲਾ’ ਸਕੀਮ ਤਹਿਤ ਰਾਜ ਦੀਆਂ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਦੋ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬਜਟ ਵਿਚ ਵਰਕਰਾਂ ਲਈ ਕਈ ਤਜਵੀਜ਼ਾਂ ਰੱਖੀਆਂ ਹਨ।