ਭਾਰਤ ਤੇ ਰੂਸ ਅੰਦਰੂਨੀ ਮਾਮਲਿਆਂ ’ਚ ‘ਬਾਹਰੀ ਦਖ਼ਲ’ ਦੇ ਖ਼ਿਲਾਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਉਪਰੰਤ ਕਿਹਾ ਕਿ ਭਾਰਤ ਤੇ ਰੂਸ ਕਿਸੇ ਵੀ ਮੁਲਕ ਦੇ ਅੰਦਰੂਨੀ ਮਾਮਲਿਆਂ ’ਚ ‘ਬਾਹਰੀ ਦਖ਼ਲ’ ਦੇ ਖ਼ਿਲਾਫ਼ ਹਨ। ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਵਪਾਰ ਤੇ ਨਿਵੇਸ਼, ਤੇਲ ਤੇ ਗੈਸ, ਪ੍ਰਮਾਣੂ ਊਰਜਾ, ਰੱਖਿਆ, ਪੁਲਾੜ ਤੇ ਸਮੁੰਦਰੀ ਸਹਿਯੋਗ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਤੇ 15 ਸਮਝੌਤਿਆਂ ’ਤੇ ਸਹੀ ਪਾਈ। ਦੋ ਰੋਜ਼ਾ ਫੇਰੀ ਤਹਿਤ ਰੂਸ ਪੁੱਜੇ ਮੋਦੀ ਪੂਰਬੀ ਆਰਥਿਕ ਫੋਰਮ (ਈਈਐਫ਼) ਵਿੱਚ ਵੀ ਸ਼ਾਮਲ ਹੋਣਗੇ। ਉਹ ਰੂਸ ਦੇ ਇਸ ਪੂਰਬੀ ਖਿੱਤੇ ਦੀ ਫੇਰੀ ਪਾਉਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਸ੍ਰੀ ਮੋਦੀ ਨੇ ਰਾਸ਼ਟਰਪਤੀ ਪੂਤਿਨ ਨਾਲ ਗੱਲਬਾਤ ਮਗਰੋਂ ਸਾਂਝੀ ਪ੍ਰੈੱਸ ਮਿਲਣੀ ਦੌਰਾਨ ਕਿਹਾ, ‘ਅਸੀਂ ਦੋਵੇਂ ਕਿਸੇ ਵੀ ਮੁਲਕ ਦੇ ਅੰਦਰੂਨੀ ਮਾਮਲਿਆਂ ਵਿੱਚ ਬਾਹਰੀ ਦਖ਼ਲ ਦੇ ਖ਼ਿਲਾਫ਼ ਹਾਂ।’ ਮੋਦੀ ਦੀ ਇਹ ਟਿੱਪਣੀ ਭਾਰਤ ਵੱਲੋਂ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਮਗਰੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਬਣੇ ਤਣਾਅ ਦੇ ਮੱਦੇਨਜ਼ਰ ਆਈ ਹੈ। ਰੂਸ ਨੇ ਜੰਮੂ ਤੇ ਕਸ਼ਮੀਰ ਦੇ ਮੁੱਦੇ ’ਤੇ ਭਾਰਤੀ ਪੇਸ਼ਕਦਮੀ ਦੀ ਹਮੇਸ਼ਾ ਹਮਾਇਤ ਕੀਤੀ ਹੈ। ਰੂਸ ਦਾ ਕਹਿਣਾ ਹੈ ਕਿ ਜੰਮੂ ਤੇ ਕਸ਼ਮੀਰ ਦੇ ਰੁਤਬੇ ’ਚ ਤਬਦੀਲੀ ਭਾਰਤੀ ਸੰਵਿਧਾਨ ਦੇ ਢਾਂਚੇ ਮੁਤਾਬਕ ਹੈ। ਦੋਵਾਂ ਆਗੂਆਂ ਨੇ 20ਵੇਂ ਭਾਰਤ-ਰੂਸ ਸਾਲਾਨਾ ਸਿਖਰ ਵਾਰਤਾ ਲਈ ਵਫ਼ਦ ਪੱਧਰ ਦੀ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਇਕ ਬੇੜੇ ’ਤੇ ਇਕੱਲਿਆਂ ਗੱਲਬਾਤ ਕੀਤੀ, ਜਿਸ ਦਾ ਮੁੱਖ ਮੰਤਵ ਦੋਵਾਂ ਮੁਲਕਾਂ ਦਰਮਿਆਨ ਵਿਸ਼ੇਸ਼ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਸੀ। ਦੋਵਾਂ ਆਗੂਆਂ ਨੇ ਵਪਾਰ ਤੇ ਨਿਵੇਸ਼, ਤੇਲ ਤੇ ਗੈਸ, ਖਣਨ, ਪ੍ਰਮਾਣੂ ਊਰਜਾ, ਰੱਖਿਆ ਤੇ ਸੁਰੱਖਿਆ, ਹਵਾ ਤੇ ਸਮੁੰਦਰੀ ਸੰਪਰਕ, ਆਵਾਜਾਈ ਬੁਨਿਆਦੀ ਢਾਂਚਾ, ਹਾਈਟੈੱਕ, ਬਾਹਰੀ ਪੁਲਾੜ ਤੇ ਲੋਕਾਂ ਦਰਮਿਆਨ ਸੰਪਰਕ ਦੇ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਇਸ ਮੌਕੇ ਚੇਨੱਈ ਤੇ ਵਲਾਦੀਵੋਸਤੋਕ ਵਿਚਾਲੇ ਸਮੁੰਦਰੀ ਸੰਚਾਰ ਵਿਕਸਤ ਕਰਨ ਬਾਰੇ ਇਕ ਸਮਝੌਤੇ ’ਤੇ ਵੀ ਸਹੀ ਪਾਈ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਰੂਸ ਦੀ ਦੋਸਤੀ ਉਨ੍ਹਾਂ ਦੀਆਂ ਰਾਜਧਾਨੀਆਂ ਤਕ ਸੀਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਰੂਸ ਭਾਰਤੀ ਪੁਲਾੜ ਯਾਤਰੀਆਂ ਨੂੰ ‘ਗਗਨਯਾਨ’ ਮਿਸ਼ਨ ਲਈ ਸਿਖਲਾਈ ਦੇਵੇਗਾ। ਦੋਵਾਂ ਧਿਰਾਂ ਨੇ ਰੱਖਿਆ, ਹਵਾ ਤੇ ਸਮੁੰਦਰੀ ਸੰਪਰਕ, ਊਰਜਾ, ਕੁਦਰਤੀ ਗੈਸ, ਪੈਟਰੋਲੀਅਮ ਤੇ ਵਣਜ ਜਿਹੇ ਖੇਤਰਾਂ ’ਚ 15 ਸਮਝੌਤਿਆਂ ’ਤੇ ਸਹੀ ਪਾਈ। ਇਸ ਦੌਰਾਨ ਰੂਸੀ ਰਾਸ਼ਟਰਪਤੀ ਪੂਤਿਨ ਨੇ ਕਿਹਾ ਕਿ ਭਾਰਤ, ਰੂਸ ਦੇ ਪ੍ਰਮੁੱਖ ਭਾਈਵਾਲਾਂ ’ਚੋਂ ਇਕ ਹੈ ਤੇ ਦੋਵਾਂ ਮੁਲਕਾਂ ਵਿਚਾਲੇ ਸਬੰਧ ਰਣਨੀਤਕ ਤੇ ਵਿਸ਼ੇਸ਼ ਕਿਸਮ ਦੇ ਹਨ। ਉਨ੍ਹਾਂ ਕਿਹਾ, ‘ਅਸੀਂ ਪਿਛਲੇ ਸਾਲ ਵਪਾਰ ਤੇ ਨਿਵੇਸ਼ ਸਹਿਯੋਗ ਬਾਰੇ ਆਪਣੀਆਂ ਤਰਜੀਹਾਂ ਰੱਖੀਆਂ ਸਨ। ਸਾਡਾ ਦੁਵੱਲਾ ਵਪਾਰ ਲਗਪਗ 17 ਫੀਸਦ ਵਧਿਆ ਤੇ 11 ਅਰਬ ਅਮਰੀਕੀ ਡਾਲਰ ਤਕ ਪੁੱਜਿਆ ਹੈ। ਰੂਸੀ ਸਦਰ ਨੇ ਕਿਹਾ ਕਿ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਲਈ ਪਹਿਲੀਆਂ ਦੋ ਇਕਾਈਆਂ ਪਹਿਲਾਂ ਤੋਂ ਹੀ ਚਾਲੂ ਹਨ ਜਦੋਂਕਿ ਤੀਜੀ ਤੇ ਚੌਥੀ ਇਕਾਈ ਲਈ ਕੰਮ ਤੈਅ ਪ੍ਰੋਗਰਾਮ ਮੁਤਾਬਕ ਚੱਲ ਰਿਹਾ ਹੈ।

Previous articleਅਜ਼ਹਰ, ਸਈਦ, ਦਾਊਦ ਤੇ ਲਖਵੀ ਨਵੇਂ ਕਾਨੂੰਨ ਤਹਿਤ ਅਤਿਵਾਦੀ ਐਲਾਨੇ
Next articleਰਾਣਾ ਸੋਢੀ ਦੇ ਪੁੱਤਰ ਖ਼ਿਲਾਫ਼ ਇਰਾਦਾ ਕਤਲ ਦਾ ਦੋਸ਼ ਤੈਅ