ਭਾਰਤ ’ਚ ਪਹਿਲੀ ਵਾਰ ਗੰਭੀਰ ਮੰਦੀ

ਮੁੰਬਈ (ਸਮਾਜ ਵੀਕਲੀ) : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਮੁਲਕ ਗੰਭੀਰ ਮੰਦੀ (ਰੀਸੈਸ਼ਨ) ਦੇ ਦੌਰ ’ਚ ਦਾਖ਼ਲ ਹੋ ਗਿਆ ਹੈ ਅਤੇ ਜੁਲਾਈ ਤੋਂ ਸਤੰਬਰ ਦੇ ਵਕਫ਼ੇ ਦੌਰਾਨ ਜੀਡੀਪੀ ਦਾ ਘਟਣਾ ਇਸ ਦਾ ਸਬੂਤ ਹੈ। ਆਰਬੀਆਈ ਦੇ ਆਰਥਿਕ ਸਰਗਰਮੀ ਸੂਚਕ ਅੰਕ ਦੇ ਅੰਦਾਜ਼ੇ ਮੁਤਾਬਕ ਭਾਰਤ ਦੀ ਜੀਡੀਪੀ ਮੌਜੂਦਾ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ’ਚ ਨਕਾਰਾਤਮਕ ਸੀ ਅਤੇ ਜੀਡੀਪੀ 8.6 ਫ਼ੀਸਦੀ ਤੱਕ ਘਟੀ।

ਰਿਪੋਰਟ ’ਚ ਕਿਹਾ ਗਿਆ,‘‘ਭਾਰਤ ਇਤਿਹਾਸ ’ਚ ਪਹਿਲੀ ਵਾਰ 2020-21 ਦੇ ਪਹਿਲੇ ਅੱਧ ’ਚ ਗੰਭੀਰ ਮੰਦੀ ਦਾ ਸ਼ਿਕਾਰ ਹੋ ਗਿਆ। ਵਿੱਤੀ ਵਰ੍ਹੇ ਦੀ ਲਗਾਤਾਰ ਦੂਜੀ ਤਿਮਾਹੀ ’ਚ ਜੀਡੀਪੀ ਦੇ ਹੋਰ ਡਿੱਗਣ ਦੇ ਆਸਾਰ ਬਣੇ।’’ ਵਿਕਾਸ ਦਰ ’ਚ ਵਾਧਾ ਕਾਰੋਬਾਰੀ ਗਤੀਵਿਧੀਆਂ ਦੇ ਹੌਲੀ-ਹੌਲੀ ਆਮ ਵਾਂਗ ਹੋਣ ਕਾਰਨ ਦਰਜ ਹੋ ਰਿਹਾ ਹੈ ਅਤੇ ਅਰਥਚਾਰੇ ’ਚ ਮੰਦੀ ਥੋੜ੍ਹੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਕਾਰਨ ਜਦੋਂ ਆਲਮੀ ਆਰਥਿਕਤਾ ’ਤੇ ਬੁਰਾ ਅਸਰ ਪੈ ਰਿਹਾ ਹੈ ਤਾਂ ਅਕਤੂਬਰ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤੀ ਅਰਥਚਾਰੇ ’ਚ ਸੁਧਾਰ ਹੋ ਰਿਹਾ ਹੈ ਅਤੇ ਖਪਤਕਾਰਾਂ ਤੇ ਕਾਰੋਬਾਰੀਆਂ ਦਾ ਭਰੋਸਾ ਮੁੜ ਕਾਇਮ ਹੋ ਰਿਹਾ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ 2020-21 ਦੇ ਪਹਿਲੇ ਅੱਧ ’ਚ ਭਾਰਤੀ ਅਰਥਚਾਰੇ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਕਾਸ ਦੇ ਕਈ ਨਵੇਂ ਰਾਹ ਖੁੱਲ੍ਹ ਰਹੇ ਹਨ ਅਤੇ ਤਿਉਹਾਰੀ ਮੌਸਮ ਦੌਰਾਨ ਕੋਵਿਡ-19 ਦੀ ਜਕੜ ’ਚੋਂ ਨਿਕਲ ਕੇ ਆਰਥਿਕ ਸਰਗਰਮੀਆਂ ਤੇਜ਼ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਦਾ ਜ਼ਿਕਰ ਅਕਤੂਬਰ ’ਚ ਪੇਸ਼ ਕੀਤੀ ਗਈ ਆਰਥਿਕ ਨੀਤੀ ਰਿਪੋਰਟ ’ਚ ਕੀਤਾ ਗਿਆ ਹੈ।

Previous articleDeadline for redesigning 7 Delhi roads extended to March 2021
Next article‘ਭਾਰਤ ਨਾਲ ਰੱਖਿਆ ਭਾਈਵਾਲੀ ਨੂੰ ਤਰਜੀਹ ਦੇਣਗੇ ਬਾਇਡਨ’