ਨਵੀਂ ਦਿੱਲੀ, (ਸਮਾਜ ਵੀਕਲੀ) : ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਜੇਕਰ ਭਾਰਤ ਅਤੇ ਚੀਨ ਦੇ ਅਕਾਰ ਅਤੇ ਪ੍ਰਭਾਵ ਨੂੰ ਦੇਖੀਏ ਤਾਂ ਵਿਸ਼ਵ ਦੀ ਦੋਵਾਂ ਮੁਲਕਾਂ ’ਤੇ ਵੱਡੀ ਟੇਕ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਭਵਿੱਖ ਵਿੱਚ ਦੋਵਾਂ ਮੁਲਕਾਂ ਵਿਚਾਲੇ ਸਬੰਧ ‘ਕਿਸੇ ਤਰ੍ਹਾਂ ਦੇ ਸੰਤੁਲਨ ਜਾਂ ਸਮਝੌਤੇ’ ਉੱਪਰ ਨਿਰਭਰ ਹਨ।
ਸੀਆਈਆਈ ਸੰਮੇਲਨ ਦੌਰਾਨ ਆਨਲਾਈਨ ਗੱਲਬਾਤ ਮੌਕੇ ਜੈਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ‘ਸਮੱਸਿਆਵਾਂ’ ਹਨ, ਜੋ ਕਿ ‘ਬਹੁਤ ਸਪੱਸ਼ਟ’ ਹਨ। ਉਹ ਅਗਲੇ 10-20 ਸਾਲਾਂ ਵਿੱਚ ਭਾਰਤ ਅਤੇ ਚੀਨ ਵਲੋਂ ਫਰਾਂਸ ਅਤੇ ਜਰਮਨੀ ਵਾਂਗ ਅਤੀਤ ਭੁਲਾ ਕੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਸਿੱਧਾ ਜਵਾਬ ਦੇਣ ਦੀ ਬਜਾਏ ਦੋਵਾਂ ਮੁਲਕਾਂ ਦੇ ਅਤੀਤ ਵਿੱਚ ਰਿਸ਼ਤਿਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਚੀਨ ਦੇ ਗੁਆਂਢੀ ਹਾਂ। ਚੀਨ ਪਹਿਲਾਂ ਹੀ ਦੁਨੀਆਂ ਦੀ ਦੂਜਾ ਸਭ ਤੋਂ ਵੱਡਾ ਅਰਥਚਾਰਾ ਹੈ। ਇੱਕ ਦਿਨ ਅਸੀਂ ਵੀ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵਾਂਗੇ। ਤੁਸੀਂ ਸਮੇਂ ਨੂੰ ਲੈ ਕੇ ਤਰਕ-ਵਿਤਰਕ ਕਰ ਸਕਦੇ ਹੋ। ਅਸੀਂ ਦੋਵੇਂ ਮੁਲਕ ਭੂਗੋਲਿਕ ਤੌਰ ’ਤੇ ਬਹੁਤ ਹੀ ਵਿਲੱਖਣ ਹਾਂ। ਅਸੀਂ ਦੋ ਹੀ ਅਜਿਹੇ ਮੁਲਕ ਹਾਂ, ਜਿਨ੍ਹਾਂ ਦੀ ਅਬਾਦੀ ਇੱਕ ਅਰਬ ਤੋਂ ਵਧੇਰੇ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਸਾਡੀਆਂ ਮੁਸ਼ਕਲਾਂ ਦਾ ਦੌਰ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਯੂਰੋਪੀ ਮੁਲਕਾਂ ਨਾਲ ਸਾਡੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋਈਆਂ।’’
ਉਨ੍ਹਾਂ ਕਿਹਾ, ‘‘ਕੌਮਾਂਤਰੀ ਰਾਜਨੀਤੀ ਵਿੱਚ ਭਾਰਤ ਅਤੇ ਚੀਨ ਦਾ ਮੁੜ-ਉਭਾਰ ਲਗਭਗ ਨੇੜੇ-ਤੇੜੇ ਹੀ ਸ਼ੁਰੂ ਹੋਇਆ ਸੀ। ਦੋਵਾਂ ਮੁਲਕਾਂ ਦੇ ਉਭਾਰ ਵਿੱਚ ਕਈ ਸਮਾਨਤਾਈਆਂ ਅਤੇ ਵਖਰੇਵੇਂ ਨਜ਼ਰ ਆਉਂਦੇ ਹਨ ਪਰ ਇਹ ਸਭ ਕੁਝ ਉਦੋਂ ਵਾਪਰ ਰਿਹਾ ਹੈ ਜਦੋਂ ਅਸੀਂ ਇੱਕ-ਦੂਜੇ ਦੇ ਗੁਆਂਢੀ ਹਾਂ। ਮੇਰਾ ਖਿਆਲ ਹੈ ਕਿ ਅਹਿਮ ਗੱਲ ਇਹ ਹੈ ਕਿ ਦੋਵਾਂ ਮੁਲਕਾਂ ਵਿੱਚ ਇੱਕ ਕਿਸਮ ਦਾ ਤਵਾਜ਼ਨ ਜਾਂ ਸੂਝ-ਬੂਝ ਕਾਇਮ ਹੋਵੇ ਕਿਉਂਕਿ ਇਹ ਨਾ ਕੇਵਲ ਸਾਡੇ ਸਗੋਂ ਉਨ੍ਹਾਂ ਦੇ ਵੀ ਹਿੱਤ ਵਿੱਚ ਹੋਵੇਗਾ, ਪਰ ਇਸ ਨੂੰ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੈ।’’