ਨਵੀਂ ਦਿੱਲੀ (ਸਮਾਜ ਵੀਕਲੀ) : ਰੂਸ ਨੇ ਕਿਹਾ ਹੈ ਕਿ ਆਲਮੀ ਹਲਚਲ ਅਤੇ ਬੇਯਕੀਨੀ ਦੇ ਮਾਹੌਲ ਦਰਮਿਆਨ ਜੇਕਰ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਤਣਾਅ ਹੋਰ ਵਧਦਾ ਹੈ ਤਾਂ ਪੂਰੇ ਯੂਰੇਸ਼ੀਆ ਖ਼ਿੱਤੇ ’ਚ ਅਸਥਿਰਤਾ ਵਧੇਗੀ ਅਤੇ ਇਸ ਦਾ ਲਾਹਾ ਹੋਰ ਸਰਗਰਮ ਤਾਕਤਾਂ ਆਪਣੇ ਮੰਤਵਾਂ ਲਈ ਕਰ ਸਕਦੀਆਂ ਹਨ।
ਆਨਲਾਈਨ ਮੀਡੀਆ ਕਾਨਫਰੰਸ ਦੌਰਾਨ ਰੂਸ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਰੋਮਨ ਬਾਬੂਸ਼ਕਿਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸੁਭਾਵਿਕ ਤੌਰ ’ਤੇ ਏਸ਼ੀਆ ਦੀਆਂ ਦੋ ਤਾਕਤਾਂ ਵਿਚਕਾਰ ਤਣਾਅ ਤੋਂ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਲਈ ‘ਹਾਂ-ਪੱਖੀ ਸੰਵਾਦ’ ਬਹੁਤ ਅਹਿਮ ਹੈ। ਭਾਰਤ ਅਤੇ ਚੀਨ ਦੇ ਸ਼ੰਘਾਈ ਸਹਿਯੋਗ ਸੰਗਠਨ ਅਤੇ ਬ੍ਰਿਕਸ ਦਾ ਮੈਂਬਰ ਹੋਣ ਦਾ ਹਵਾਲਾ ਦਿੰਦਿਆਂ ਬਾਬੂਸ਼ਕਿਨ ਨੇ ਕਿਹਾ ਕਿ ਜਦੋਂ ਬਹੁਧਿਰੀ ਮੰਚ ’ਤੇ ਸਹਿਯੋਗ ਦੀ ਗੱਲ ਹੁੰਦੀ ਹੈ ਤਾਂ ਸਨਮਾਨਜਨਕ ਸੰਵਾਦ ਹੀ ਅਹਿਮ ਸੰਦ ਹੁੰਦਾ ਹੈ। ਉਨ੍ਹਾਂ ਕਿਹਾ,‘‘ਹੁਣੇ ਜਿਹੇ ਦੋਵੇਂ ਮੁਲਕਾਂ ਵੱਲੋਂ ਸੰਜਮ ਵਰਤਣ ਅਤੇ ਤਣਾਅ ਨੂੰ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਗੱਲਬਾਤ ਜ਼ਰੀਏ ਹੱਲ ਕਰਨ ਲਈ ਪ੍ਰਗਟਾਈ ਗਈ ਵਚਨਬੱਧਤਾ ਦੀਆਂ ਖ਼ਬਰਾਂ ਸਵਾਗਤਯੋਗ ਕਦਮ ਹਨ।’’
ਜ਼ਿਕਰਯੋਗ ਹੈ ਕਿ ਯੂਰੇਸ਼ੀਆ ਵੀ ਪਿਛਲੇ ਕੁਝ ਮਹੀਨਿਆਂ ਤੋਂ ਕੋਵਿਡ-19 ਦੇ ਵਧਦੇ ਮਾਮਲਿਆਂ ਅਤੇ ਨਗੋਰਨੋ-ਕਾਰਾਬਾਖ ਇਲਾਕਿਆਂ ਨੂੰ ਲੈ ਕੇ ਅਰਮੀਨੀਆ ਅਤੇ ਅਜ਼ਰਬਾਇਜਾਨ ਵਿਚਕਾਰ ਜੰਗ ਕਾਰਨ ਤਣਾਅ ਦਾ ਸਾਹਮਣਾ ਕਰ ਰਿਹਾ ਹੈ। ਬਾਬੂਸ਼ਕਿਨ ਨੇ ਕਿਹਾ ਕਿ ਰੂਸ ਦੀ ਵਿਸ਼ੇਸ਼ ਸਥਿਤੀ ਹੈ ਕਿਉਂਕਿ ਉਸ ਦੇ ਵਿਸ਼ੇਸ਼ ਰਣਨੀਤਕ ਸਬੰਧ ਭਾਰਤ ਅਤੇ ਚੀਨ ਦੋਵਾਂ ਨਾਲ ਹਨ ਅਤੇ ਉਹ ਤਣਾਅ ਕਾਰਨ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਅੱਜ ਨਹੀਂ ਤਾਂ ਕੱਲ ਇਸ ਦਾ ਸ਼ਾਂਤੀਪੂਰਨ ਹੱਲ ਨਿਕਲ ਆਵੇਗਾ। ‘ਦੋਵੇਂ ਆਲਮੀ ਅਤੇ ਜ਼ਿੰਮੇਵਾਰ ਗੁਆਂਢੀ ਤਾਕਤਾਂ ਹਨ ਜੋ ਆਰਥਿਕ ਅਤੇ ਰੱਖਿਆ ਪੱਖੋਂ ਮਜ਼ਬੂਤ ਹਨ।’ ਅਮਰੀਕਾ ਨਾਲ ਭਾਰਤ ਦੇ ਵੱਧ ਰਹੇ ਸਬੰਧਾਂ ਬਾਰੇ ਬਾਬੂਸ਼ਕਿਨ ਨੇ ਕਿਹਾ ਕਿ ਰੂਸ ਨੂੰ ਇਸ ’ਚ ਕੋਈ ਦਿੱਕਤ ਨਹੀਂ ਹੈ ਅਤੇ ਜਦੋਂ ਬਹੁਲਵਾਦ ਅਤੇ ਦੁਵੱਲੇ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਭਾਰਤ ’ਤੇ ਕੋਈ ਸ਼ੱਕ ਕਰਨ ਦੀ ਤੁੱਕ ਨਹੀਂ ਰਹਿੰਦੀ ਹੈ।