ਨਵੀਂ ਦਿੱਲੀ (ਸਮਾਜਵੀਕਲੀ) : ਪਿਛਲੇ ਹਫ਼ਤੇ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜੱਪ ਮਗਰੋਂ ਭਾਰਤ ਤੇ ਚੀਨ ਦੀਆਂ ਫੌਜਾਂ ਨੇ ਅਸਲ ਕੰਟਰੋਲ ਰੇਖਾ (ਐੱਲਏਸੀ) ਤੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਬਣੀ ਤਲਖੀ ਨੂੰ ਘਟਾਉਣ ਦੇ ਇਰਾਦੇ ਨਾਲ ਅੱਜ ਲੈਫਟੀਨੈਂਟ ਪੱਧਰ ਦੇ ਅਧਿਕਾਰੀਆਂ ਦੀ ਦੂਜੇ ਗੇੜ ਦੀ ਗੱਲਬਾਤ ਕੀਤੀ। 15 ਜੂਨ ਦੀ ਰਾਤ ਨੂੰ ਦੋਵਾਂ ਮੁਲਕਾਂ ਦੇ ਸੁਰੱਖਿਆ ਦਸਤਿਆਂ ਵਿੱਚ ਹੋਏ ਹਿੰਸਕ ਟਕਰਾਅ ਵਿੱਚ 20 ਭਾਰਤੀ ਫੌਜੀਆਂ ਦੀ ਜਾਨ ਜਾਂਦੀ ਰਹੀ ਸੀ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਚੀਨ ਵਾਲੇ ਪਾਸੇ ਚੁਸ਼ੁਲ ਸੈਕਟਰ ਦੇ ਮੋਲਡੋ ਵਿੱਚ ਸਵੇਰੇ ਸਾਢੇ ਗਿਅਾਰਾਂ ਵਜੇ ਦੇ ਕਰੀਬ ਦੋਵਾਂ ਮੁਲਕਾਂ ਦੇ ਫੌਜੀ ਅਧਿਕਾਰੀ ਇਕ ਦੂਜੇ ਨੂੰ ਮਿਲੇ। ਮੀਟਿੰਗ ਦੌਰਾਨ ਹੋਈ ਗੱਲਬਾਤ ਦੇ ਵੇਰਵਿਆਂ ਬਾਰੇ ਭਾਵੇਂ ਅਜੇ ਤਕ ਕੁਝ ਵੀ ਸਪਸ਼ਟ ਨਹੀਂ, ਪਰ ਸੂਤਰਾਂ ਮੁਤਾਬਕ ਭਾਰਤੀ ਫੌਜ ਨੇ ਭਰੋਸਾ ਬਹਾਲੀ ਦੇ ਉਪਰਾਲਿਆਂ ਸਮੇਤ 6 ਜੂਨ ਨੂੰ ਹੋਈ ਲੈਫਟੀਨੈਂਟ ਜਨਰਲ ਪੱਧਰ ਦੀ ਪਹਿਲੇ ਗੇੜ ਦੀ ਗੱਲਬਾਤ ਦੌਰਾਨ ਬਣੀ ਸਹਿਮਤੀ ਤੇ ਸਮਝੌਤੇ ਨੂੰ ਅਮਲ ਵਿੱਚ ਲਿਆਉਣ ’ਤੇ ਜ਼ੋਰ ਦਿੱਤਾ।
ਸੂਤਰਾਂ ਮੁਤਾਬਕ ਭਾਰਤੀ ਫੌਜ ਜ਼ੋਰ ਪਾਏਗੀ ਕਿ ਫੌਜਾਂ ਐੱਲਏਸੀ ਦੇ ਨਾਲ ਵੱਖ ਵੱਖ ਥਾਈਂ ਟਕਰਾਅ ਸ਼ੁਰੂ ਹੋਣ ਤੋਂ ਪਹਿਲਾਂ ਅਪਰੈਲ ਮਹੀਨੇ ਵਾਲੀਆਂ ਆਪਣੀ ਲੋਕੇਸ਼ਨਾਂ ’ਤੇ ਪਰਤ ਜਾਣ। ਸੂਤਰਾਂ ਮੁਤਾਬਕ ਗੱਲਬਾਤ ਜਾਰੀ ਹੈ, ਪਰ ਹਾਲ ਦੀ ਘੜੀ ਕੰਟਰੋਲ ਰੇਖਾ ਦੇ ਨਾਲ ਤਾਇਨਾਤ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਪਿੱਛੇ ਹਟਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।
ਭਾਰਤੀ ਵਫ਼ਦ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦੋਂਕਿ ਚੀਨ ਵੱਲੋਂ ਦੱਖਣੀ ਸ਼ਿਨਜ਼ਿਆਂਗ ਫੌਜੀ ਜ਼ਿਲ੍ਹੇ ਦੇ ਮੁਖੀ ਮੇਜਰ ਜਨਰਲ ਲਿਉ ਲਿਨ ਦੀ ਅਗਵਾਈ ਵਾਲੀ ਟੀਮ ਨੇ ਸ਼ਿਰਕਤ ਕੀਤੀ। 15 ਜੂਨ ਨੂੰ ਹੋਈ ਹਿੰਸਕ ਝੜੱਪ ਮਗਰੋਂ ਦੋਵੇਂ ਧਿਰਾਂ ਕਸ਼ੀਦਗੀ ਨੂੰ ਘਟਾਉਣ ਲਈ ਮੇਜਰ ਜਨਰਲ ਪੱਧਰ ਦੀ ਘੱਟੋ-ਘੱਟ ਤਿੰਨ ਗੇੜਾਂ ਦੀ ਗੱਲਬਾਤ ਕਰ ਚੁੱਕੀਆਂ ਹਨ। ਪੈਂਗੌਂਗ ਝੀਲ ਖੇਤਰ ਵਿੱਚ ਭਾਰਤ ਵਾਲੇ ਪਾਸੇ ਚੀਨੀ ਫੌਜੀਆਂ ਦੀ ਵੱਡੀ ਗਿਣਤੀ ’ਚ ਮੌਜੂਦਗੀ ਭਾਰਤ ਤੇ ਚੀਨ ਵਿਚ ਅਸਲ ਕੰਟਰੋਲ ਰੇਖਾ ’ਤੇ ਜਾਰੀ ਮੌਜੂਦਾ ਤਲਖੀ ਦੇ ਸੰਭਾਈ ਹੱਲ ਵਿੱਚ ਸਭ ਤੋਂ ਵੱਡਾ ਅੜਿੱਕਾ ਹੈ।
ਚੀਨ ਨੇ ਫਿੰਗਰ 4 ਤੇ 8, ਜੋ ਬੀਤੇ ਵਿੱਚ ਗ੍ਰੇਅ ਜ਼ੋਨ ਖੇਤਰ ਰਿਹਾ ਹੈ, ਵਿਚਾਏ ਕਈ ਥਾਈਂ ਆਪਣੀਆਂ ਸੁਰੱਖਿਆ ਚੌਕੀਆਂ ਸਥਾਪਤ ਕੀਤੀਆਂ ਹਨ। ਚੀਨ ਲਗਾਤਾਰ ਪੈਂਗੌਗ ਝੀਲ ਖੇਤਰ ਵਿੱਚ ਮੌਜੂਦਾ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ। ਭਾਰਤ ਨੇ ਵੀ ਹੋਟ ਸਪਰਿੰਗਜ਼, ਡੈਮਚੋਕ, ਕੋਯੁਲ, ਫੁਕਚੇ, ਡੈਪਸਾਂਗ, ਮੁਰਗੋ ਤੇ ਗਲਵਾਨ ਘਾਟੀ ’ਚ ਨਫ਼ਰੀ ਵਧਾ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਲੰਘੇ ਬੁੱਧਵਾਰ ਨੂੰ ਆਪਣੇ ਚੀਨੀ ਹਮਰੁਤਬਾ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਹਿੰਸਕ ਝੜਪਾਂ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਕੀਤੀ ‘ਸੋਚੀ ਸਮਝੀ’ ਕਾਰਵਾਈ ਦੱਸਿਆ ਸੀ।
ਹਿੰਸਕ ਟਕਰਾਅ ਮਗਰੋਂ ਸਰਕਾਰ ਨੇ ਹਥਿਆਰਬੰਦ ਬਲਾਂ ਨੂੰ ਚੀਨ ਦੀ ਕਿਸੇ ਵੀ ਹਿਮਾਕਤ ਤੇ ਹਮਲਾਵਰ ਰੁਖ਼ ਦਾ ‘ਮੂੰਹ-ਤੋੜ’ ਜਵਾਬ ਦੇਣ ਦੀ ਪੂਰੀ ਖੁੱਲ੍ਹ ਦੇ ਦਿੱਤੀ ਹੈ। ਇਹੀ ਨਹੀਂ ਭਾਰਤ ਨੇ ਅਸਲ ਕੰਟਰੋਲ ਰੇਖਾ ’ਤੇ ਫ਼ੌਜ ਦੀ ਨਫ਼ਰੀ ਵਧਾਉਣ ਦੇ ਨਾਲ ਹੀ ਲੇਹ ਤੇ ਸ੍ਰੀਨਗਰ ਸਮੇਤ ਆਪਣੇ ਅਹਿਮ ਸੈਨਿਕ ਹਵਾਈ ਅੱਡਿਆਂ ’ਤੇ ਮੂਹਰਲੀ ਕਤਾਰ ਦੇ ਜੰਗ ਜਹਾਜ਼ਾਂ ਸੁਖੋਈ 30 ਐੱਮਕੇਆਈ, ਜੈਗੁਆਰ, ਮਿਰਾਜ 2000 ਤੇ ਅਪਾਚੇ ਹੈਲੀਕਾਪਟਰਾਂ ਦੀ ਤਾਇਨਾਤੀ ਕਰ ਦਿੱਤੀ ਹੈ। ਉਧਰ ਚੀਨ ਨੇ ਵੀ ਸ਼ਿਨਜ਼ਿਆਂਗ, ਨਗਯਾਰੀ ਤੇ ਸ਼ੀਗਾਟਸੇ ’ਚ ਜੰਗੀ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਨਫ਼ਰੀ ਵਧਾ ਦਿੱਤੀ ਹੈ।