ਭਾਰਤ ਖ਼ਿਲਾਫ਼ ਟੈਸਟ ਲੜੀ ’ਚ ਬੋਲਟ ਦੀ ਵਾਪਸੀ

ਵੈਲਿੰਗਟਨ– ਮਾਹਿਰ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਨੇ ਸੱਟ ਠੀਕ ਹੋਣ ਮਗਰੋਂ ਭਾਰਤ ਖ਼ਿਲਾਫ਼ 21 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਲਈ ਚੁਣੀ ਗਈ ਟੀਮ ਵਿੱਚ ਵਾਪਸੀ ਕੀਤੀ ਹੈ। ਨਿਊਜ਼ੀਲੈਂਡ ਕ੍ਰਿਕਟ ਵੱਲੋਂ ਜਾਰੀ ਬਿਆਨ ਅਨੁਸਾਰ, ਭਾਰਤ ਖ਼ਿਲਾਫ਼ ਤਾਜ਼ਾ ਇੱਕ ਰੋਜ਼ਾ ਲੜੀ ਵਿੱਚ ਪਹਿਲੀ ਵਾਰ ਖੇਡਣ ਵਾਲੇ ਛੇ ਫੁੱਟ ਅੱਠ ਇੰਚ ਕੱਦ ਦੇ ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਨੂੰ ਵੀ ਟੀਮ ਵਿੱਚ ਥਾਂ ਦਿੱਤੀ ਗਈ ਹੈ। ਖੱਬੇ ਹੱਥ ਦਾ ਗੇਂਦਬਾਜ਼ ਏਜਾਜ਼ ਪਟੇਲ ਇਸ ਵਿੱਚ ਇਕਲੌਤਾ ਸਪਿੰਨਰ ਹੈ। ਬੋਲਟ ਦੀ ਵਾਪਸੀ ਨਾਲ ਨਿਊਜ਼ੀਲੈਂਡ ਦਾ ਹੌਸਲਾ ਵਧੇਗਾ। ਆਸਟਰੇਲੀਆ ਖ਼ਿਲਾਫ਼ ਬੌਕਸਿੰਗ ਡੇਅ ਟੈਸਟ ਵਿੱਚ ਉਸਦਾ ਹੱਥ ਫਰੈਕਚਰ ਹੋ ਗਿਆ ਸੀ, ਜਿਸ ਮਗਰੋਂ ਉਹ ਭਾਰਤ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਵਿੱਚ ਟੀਮ ਦਾ ਹਿੱਸਾ ਨਹੀਂ ਸੀ।
ਮੁੱਖ ਕੋਚ ਅਤੇ ਚੋਣਕਾਰ ਗੈਰੀ ਸਟੀਡ ਨੇ ਕਿਹਾ, “ਟ੍ਰੈਂਟ (ਬੋਲਟ) ਦੀ ਟੀਮ ਵਿੱਚ ਵਾਪਸੀ ਸਾਡੇ ਲਈ ਸ਼ਾਨਦਾਰ ਹੈ। ਅਸੀਂ ਟੀਮ ਵਿੱਚ ਉਨ੍ਹਾਂ ਦੀ ਊਰਜਾ ਅਤੇ ਤਜ਼ਰਬੇ ਦਾ ਪੂਰਾ ਲਾਹਾ ਲਵਾਂਗੇ। ਸਪੱਸ਼ਟ ਹੈ ਕਿ ਉਹ ਚੰਗਾ ਗੇਂਦਬਾਜ਼ ਹੈ।”
ਜੈਮੀਸਨ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਮੌਕਾ ਮਿਲਿਆ। ਉਸ ਨੇ ਬੀਤੇ ਸਾਲ ਦਸੰਬਰ ਵਿੱਚ ਆਸਟਰੇਲੀਆ ਵਿੱਚ ਜ਼ਖ਼ਮੀ ਹੋਣ ਵਾਲੇ ਲੌਕੀ ਫਰਗੂਸਨ ਦੀ ਥਾਂ ਲਈ ਹੈ। ਸਟੀਡ ਨੇ ਕਿਹਾ, ‘‘ਕਾਈਲ (ਜੈਮੀਸਨ) ਵਿੱਚ ਗੇਂਦ ਨੂੰ ਉਛਾਲ ਦੇਣ ਦੀ ਸਮਰੱਥਾ ਹੈ, ਜਿਸ ਨਾਲ ਸਾਨੂੰ ਵੰਨ-ਸੁਵੰਨਤਾ ਮਿਲੇਗੀ। ਵੈਲਿੰਗਟਨ ਦੀ ਚੰਗੀ ਪਿੱਚ ਵਿੱਚ ਆਮ ਤੌਰ ’ਤੇ ਉਛਾਲ ਹੁੰਦਾ ਹੈ।’’
ਮੁੰਬਈ ਵਿੱਚ ਜਨਮੇ ਪਟੇਲ ਨੂੰ ਲੈੱਗ ਸਪਿੰਨਰ ਈਸ਼ ਸੋਢੀ ਦੀ ਥਾਂ ਤਰਜੀਹ ਦਿੱਤੀ ਗਈ ਹੈ। ਕੋਚ ਨੇ ਕਿਹਾ, “ਅਸੀਂ ਐਜਾਜ਼ (ਪਟੇਲ) ਦੀ ਟੀਮ ਵਿੱਚ ਵਾਪਸੀ ਤੋਂ ਉਤਸ਼ਾਹਿਤ ਹਾਂ, ਜਿਸ ਨੇ ਵਿਦੇਸ਼ਾਂ ਵਿੱਚ ਸਾਡੇ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ ਅਤੇ ਨਿਊਜ਼ੀਲੈਂਡ ਦੇ ਹਾਲਾਤ ਮੁਤਾਬਕ ਉਸ ਦਾ ਘਰੇਲੂ ਰਿਕਾਰਡ ਵੀ ਚੰਗਾ ਹੈ।” ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਇਸ ਟੀਮ ਵਿੱਚ ਡੈਰਿਲ ਮਿਸ਼ੇਲ ਨੂੰ ਹਰਫ਼ਨਮੌਲਾ ਵਜੋਂ ਟੀਮ ਵਿੱਚ ਥਾਂ ਮਿਲੀ ਹੈ। ਟੌਮ ਬਲੰਡੇਲ ਅਤੇ ਟੌਮ ਲੈਥਮ ਪਾਰੀ ਦੀ ਸ਼ੁਰੂਆਤ ਕਰਨਗੇ। ਮਾਹਿਰ ਬੱਲੇਬਾਜ਼ ਰੋਸ ਟੇਲਰ ਲਈ ਇਹ 100ਵਾਂ ਟੈਸਟ ਹੋਵੇਗਾ। ਇਸ ਮੈਚ ਲਈ ਮੈਦਾਨ ਵਿੱਚ ਉਤਰਨ ਦੇ ਨਾਲ ਹੀ ਉਹ ਬ੍ਰੈਂਡਨ ਮੈਕੁਲਮ, ਡੇਨੀਅਲ ਵਿਟੋਰੀ ਅਤੇ ਸਟੀਫਨ ਫਲੇਮਿੰਗ ਵਰਗੇ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ।

Previous articleਟੀ-20 ਵਿਸ਼ਵ ਕੱਪ ’ਚ ਮਿਤਾਲੀ ਤੇ ਝੂਲਨ ਦੀ ਘਾਟ ਰੜਕੇਗੀ: ਹਰਮਨਪ੍ਰੀਤ
Next articleMilitants kill judge in Afghanistan