ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੂੰ ਹਰਫ਼ਨਮੌਲਾ ਹਾਰਦਿਕ ਪਾਂਡਿਆ ਤੋਂ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ‘ਖ਼ਾਸ ਪ੍ਰਦਰਸ਼ਨ’ ਦੀ ਉਮੀਦ ਹੈ। ਇਹ ਆਲਮੀ ਟੂਰਨਾਮੈਂਟ 30 ਮਈ ਤੋਂ ਇੰਗਲੈਂਡ ਵਿੱਚ ਸ਼ੁਰੂ ਹੋ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਨੂੰ 2011 ਵਿੱਚ ਇੱਕ ਰੋਜ਼ਾ ਵਿਸ਼ਵ ਚੈਂਪੀਅਨ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਨੇ ਭਾਰਤ ਅਤੇ ਮੇਜ਼ਬਾਨ ਟੀਮ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਿਆ ਹੈ।
ਟੈਲੀਵਿਜ਼ਨ ’ਤੇ ਚੈਟ ਸ਼ੋਅ ਦੌਰਾਨ ਮਹਿਲਾਵਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਮਗਰੋਂ ਮੁਅੱਤਲੀ ਝੱਲਣ ਵਾਲੇ ਹਾਰਦਿਕ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਯੁਵਰਾਜ ਦਾ ਮੰਨਣਾ ਹੈ ਕਿ 50 ਓਵਰਾਂ ਵਾਲੀ ਕ੍ਰਿਕਟ ਵਿੱਚ ਹਾਰਦਿਕ ਦੀ ਤੇਜ਼ਤਰਾਰ ਬੱਲੇਬਾਜ਼ੀ ਭਾਰਤ ਲਈ ਫ਼ਾਇਦੇਮੰਦ ਰਹੇਗੀ। ਵਿਸ਼ਵ ਕੱਪ ਨਾਲ ਜੁੜੇ ਇੱਕ ਪ੍ਰਚਾਰ ਪ੍ਰੋਗਰਾਮ ਵਿੱਚ ਪੁੱਜੇ ਯੁਵਰਾਜ ਨੇ ਕਿਹਾ ਕਿ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 91 ਦੌੜਾਂ ਦੀ ਪਾਰੀ ਉਸ ਦੀ ਸਰਵੋਤਮ ਪਾਰੀ ਸੀ। ਉਸ ਨੇ ਕਿਹਾ, ‘‘ਉਹ ਅਜਿਹੀ ਲੈਅ ਵਿੱਚ ਹੈ, ਜਿਹੜੀ ਹਰੇਕ ਬੱਲੇਬਾਜ਼ ਚਾਹੁੰਦਾ ਹਾਂ। ਮੈਂ ਉਸ ਨੂੰ ਅਭਿਆਸ ਮੈਚਾਂ ਤੋਂ ਵੇਖ ਰਿਹਾ ਹਾਂ, ਉਹ ਗੇਂਦ ’ਤੇ ਸ਼ਾਨਦਾਰ ਢੰਗ ਨਾਲ ਹਮਲਾ ਕਰਦਾ ਹੈ। ਮੈਂ ਉਸ ਨੂੰ ਕਿਹਾ ਕਿ ਜਿਸ ਤਰ੍ਹਾਂ ਉਹ ਬੱਲੇਬਾਜ਼ੀ ਕਰ ਰਿਹਾ ਹੈ, ਉਸ ਲਈ ਵਿਸ਼ਵ ਕੱਪ ਸ਼ਾਨਦਾਰ ਹੋਵੇਗਾ।’’
ਵਿਸ਼ਵ ਕੱਪ 2011 ਵਿੱਚ ‘ਮੈਨ ਆਫ਼ ਦਿ ਸੀਰੀਜ਼’ ਰਹੇ ਇਸ ਖਿਡਾਰੀ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਤੋਂ ਇਲਾਵਾ ਇੰਗਲੈਂਡ ਅਤੇ ਅਸਟਰੇਲੀਆ ਨੂੰ ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰਨ ਦਾ ਦਾਅਵੇਦਾਰ ਦੱਸਿਆ। ਉਸ ਨੇ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਇੰਗਲੈਂਡ ਅਤੇ ਭਾਰਤ ਜਿੱਤ ਦੇ ਮਜ਼ਬੂਤ ਦਾਅਵੇਦਾਰ ਹਨ। ਡੇਵਿਡ ਵਾਰਨਰ ਅਤੇ ਸਟੀਵ ਸਮਿੱਥ ਦੇ ਆਉਣ ਨਾਲ ਆਸਟਰੇਲੀਆ ਵੀ ਦੌੜ ਵਿੱਚ ਹੈ। ਵੈਸਟ ਇੰਡੀਜ਼ ਕੋਲ ਵੀ ਮਜ਼ਬੂਤ ਟੀਮ ਹੈ।’’
Sports ਭਾਰਤ ਕ੍ਰਿਕਟ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ: ਯੁਵਰਾਜ