ਭਾਰਤ ਇਕ ‘ਹਿੰਦੂ ਰਾਸ਼ਟਰ’: ਭਾਗਵਤ

ਨਾਗਪੁਰ (ਸਮਾਜ ਵੀਕਲੀ) : ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਭਾਰਤ ਇਕ ‘ਹਿੰਦੂ ਰਾਸ਼ਟਰ’ ਹੈ ਤੇ ਹਿੰਦੂਤਵ ਮੁਲਕ ਦੀ ਸ਼ਖ਼ਸੀਅਤ ਦਾ ਸਾਰ-ਤੱਤ ਹੈ। ਆਰਐੱਸਐੱਸ ਦੀ ਸਾਲਾਨਾ ‘ਵਿਜੈਦਸ਼ਮੀ ਰੈਲੀ’ ਮੌਕੇ ਉਨ੍ਹਾਂ ਕਿਹਾ ਕਿ ਜਦ ਸੰਘ ਕਹਿੰਦਾ ਹੈ ਕਿ ਹਿੰਦੁਸਤਾਨ ਇਕ ‘ਹਿੰਦੂ ਰਾਸ਼ਟਰ’ ਹੈ, ਇਸ ਦੇ ਮਨ ਵਿਚ ਕੋਈ ਸਿਆਸੀ  ਜਾਂ ਤਾਕਤ ’ਤੇ ਕੇਂਦਰਤ ਸੰਕਲਪ ਨਹੀਂ ਹੁੰਦਾ। ਭਾਗਵਤ ਨੇ ਕਿਹਾ ਕਿ ਅਸੀਂ ਸਿੱਧੇ ਤੌਰ ’ਤੇ ਮੁਲਕ ਦੀ ਸ਼ਖ਼ਸੀਅਤ ਨੂੰ ਹਿੰਦੂ ਇਸ ਲਈ ਗਰਦਾਨ ਰਹੇ ਹਾਂ ਕਿਉਂਕਿ ਸਾਡੀਆਂ ਸਾਰੀਆਂ ਸਭਿਆਚਾਰਕ ਤੇ ਸਮਾਜੀ ਰਵਾਇਤਾਂ ਇਸ ਦੇ ਸਿਧਾਂਤਾਂ ਤੋਂ ਹੀ ਸੇਧ ਲੈਂਦੀਆਂ ਹਨ।

ਆਰਐੱਸਐੱਸ ਮੁਖੀ ਨੇ ਕਿਹਾ ਕਿ ਹਿੰਦੂਤਵ ਸ਼ਬਦ ਨੂੰ ‘ਤੋੜ-ਮਰੋੜ’ ਲਿਆ ਗਿਆ ਹੈ। ਇਸ ਨਾਲ ਕਰਮਕਾਂਡ (ਵਿਧੀ-ਵਿਧਾਨ) ਸੰਕੇਤਕ ਤੌਰ ’ਤੇ ਜੋੜ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਘ ਇਸ ਸ਼ਬਦ ਦੀ ਵਰਤੋਂ ਮੌਕੇ ਇਸ ਗਲਤਫ਼ਹਿਮੀ ਵੱਲ ਸੰਕੇਤ ਨਹੀਂ ਕਰਦਾ। ਭਾਗਵਤ ਨੇ ਕਿਹਾ ‘ਸਾਡੇ ਲਈ, ਇਹ ਉਹ ਸ਼ਬਦ ਹੈ ਜਿਸ ਰਾਹੀਂ ਪਛਾਣ ਨੂੰ ਦਰਸਾਇਆ ਗਿਆ ਹੈ, ਇਸ ਦੇ ਨਾਲ ਹੀ ਰੂਹਾਨੀਅਤ ਨਾਲ ਜੁੜੀਆਂ ਰਵਾਇਤਾਂ ਹਨ ਜਿਨ੍ਹਾਂ ਦੀ ਨਿਰੰਤਰਤਾ ਨੂੰ ਪ੍ਰਗਟ ਕੀਤਾ ਜਾਂਦਾ ਹੈ ਅਤੇ ਭਾਰਤ ਦੀ ਧਰਤੀ ’ਚ ਪੈਦਾ ਹੋਈਆਂ ਸਮੁੱਚੀਆਂ ਕਦਰਾਂ-ਕੀਮਤਾਂ ਦਾ ਸਰਮਾਇਆ ਵੀ ਹੈ ਜਿਸ ਨੂੰ ਪ੍ਰਤੱਖ ਕੀਤਾ ਗਿਆ ਹੈ।’

ਇਸ ਲਈ ਸੰਘ ਮੰਨਦਾ ਹੈ ਕਿ ਇਹ ਸ਼ਬਦ ਭਾਰਤ ਦੀ ਸਾਰੀ 130 ਕਰੋੜ ਦੀ ਆਬਾਦੀ ’ਤੇ ਲਾਗੂ ਹੁੰਦਾ ਹੈ। ਉਨ੍ਹਾਂ ਸਾਰਿਆਂ ’ਤੇ ਜੋ ਖ਼ੁਦ ਨੂੰ ਭਾਰਤਵਰਸ਼ ਦੇ ਧੀਆਂ ਤੇ ਪੁੱਤਰ ਮੰਨਦੇ ਹਨ। ਭਾਗਵਤ ਨੇ ਕਿਹਾ ਕਿ ਉਹ ਸਾਰੇ ਜੋ ਆਪਣੇ ਵੱਡੇ-ਵਡੇਰਿਆਂ ਦੀ ਵਿਰਾਸਤ ਉਤੇ ਮਾਣ ਕਰਦੇ ਹਨ, ਉਨ੍ਹਾਂ ਸਾਰਿਆਂ ਉਤੇ ਹਿੰਦੂਤਵ ਸ਼ਬਦ ਢੁੱਕਦਾ ਹੈ। ਆਰਐੱਸਐੱਸ ਮੁਖੀ ਨੇ ਕਿਹਾ ਕਿ ਇਸ ਸ਼ਬਦ ਦੇ ਅਸਲ ਮਤਲਬ ਤੋਂ ਅਣਜਾਣ ਰਹਿਣ ਨਾਲ ਦੇਸ਼ ਤੇ ਸਮਾਜ ਨੂੰ ਏਕੇ ਵਿਚ ਬੰਨ੍ਹਣ ਵਾਲੇ ਧਾਗੇ ਕਮਜ਼ੋਰ ਪੈਂਦੇ ਹਨ ਕਿਉਂਕਿ ਦੇਸ਼-ਸਮਾਜ ਨੂੰ ਵੰਡਣ ਵਾਲੇ ਪਹਿਲਾਂ ਇਸੇ ਸ਼ਬਦ ਨੂੰ ਨਿਸ਼ਾਨਾ ਬਣਾ ਕੇ ਫ਼ਿਰਕਿਆਂ ’ਚ ਤਕਰਾਰ ਖੜ੍ਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਭਿੰਨਤਾ ਨੂੰ ਹਿੰਦੂ ਦਰਸ਼ਨ ਸ਼ਾਸਤਰ ਵਿਚ ਸਵੀਕਾਰ ਕਰ ਕੇ ਸਨਮਾਨ ਦਿੱਤਾ ਗਿਆ ਹੈ।

ਆਨਲਾਈਨ ਪ੍ਰਸਾਰਿਤ ਭਾਸ਼ਣ ਵਿਚ ਭਾਗਵਤ ਨੇ ਕਿਹਾ ‘ਹਿੰਦੂ ਕਿਸੇ ਡੇਰੇ ਜਾਂ ਪੰਥ ਦਾ ਨਾਂ ਨਹੀਂ ਹੈ, ਨਾ ਇਹ ਕਿਸੇ ਸੂਬਾਈ ਦਾਇਰੇ ਵਿਚ ਬੱਝਿਆ ਹੈ, ਨਾ ਇਹ ਕਿਸੇ ਇਕ ਜਾਤੀ ਜਾਂ ਖ਼ਾਸ ਭਾਸ਼ਾ ਬੋਲਣ ਵਾਲੇ ਦਾ ਹੱਕ ਹੈ।’ ਮੋਹਨ ਭਾਗਵਤ ਨੇ ਕਿਹਾ ‘ਕਿਸੇ ਨੂੰ ਇਸ ਸ਼ਬਦ ਨੂੰ ਸਵੀਕਾਰਨ ਵਿਚ ਇਤਰਾਜ਼ ਹੋ ਸਕਦਾ ਹੈ ਪਰ ਜੇ ਉਨ੍ਹਾਂ ਦੇ ਮਨ ਵਿਚ ਵਿਸ਼ਾ-ਵਸਤੂ ਇਸ ਨਾਲ ਮੇਲ ਖਾਂਦਾ ਹੈ ਤਾਂ ਉਨ੍ਹਾਂ ਵੱਲੋਂ ਕਿਸੇ ਹੋਰ ਸ਼ਬਦ ਦੀ ਵਰਤੋਂ ਉਤੇ ਅਸੀਂ ਇਤਰਾਜ਼ ਨਹੀਂ ਕਰਾਂਗੇ।’ ਉਨ੍ਹਾਂ ਕਿਹਾ ਕਿ ਹਿੰਦੂ ਹੋਣ ਦਾ ਮਤਲਬ ਆਪਣਾ ਵਿਸ਼ਵਾਸ, ਭਾਸ਼ਾ, ਧਰਤੀ ਜਾਂ ਕੋਈ ਹੋਰ ਪਛਾਣ ਤਿਆਗਣਾ ਨਹੀਂ ਹੈ। ਇਹ ਸਿਰਫ਼ ਸਬਉੱਚਤਾ ਦੀ ਤਲਾਸ਼ ਤਿਆਗਣ ’ਤੇ ਜ਼ੋਰ ਪਾਉਂਦਾ ਹੈ। ਭਾਗਵਤ ਨੇ ਕਿਹਾ ਕਿ ਨਫ਼ਰਤ ਫੈਲਾਉਣ ਤੇ ਗੁਮਰਾਹ ਕਰਨ ਵਾਲੀਆਂ ਸਵਾਰਥੀ ਤਾਕਤਾਂ ਤੋਂ ਬਚਣ ਦੀ ਲੋੜ ਹੈ ਜੋ ਕੱਟੜਵਾਦ ਤੇ ਵੱਖਵਾਦ ਨੂੰ ਉਤਸ਼ਾਹਿਤ ਕਰਦੀਆਂ ਹਨ।

Previous articleਸੰਘਰਸ਼ ਦਾ ਰੁਖ਼ ਦਿੱਲੀ ਵੱਲ ਕੀਤਾ ਜਾਵੇ
Next articleਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ’ਚ ਛੇ ਪੰਜਾਬੀ ਜੇਤੂ