ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਅਤੇ ਨੇਪਾਲ ਨੇ ‘ਏਅਰ ਬੱਬਲ’ ਪ੍ਰਬੰਧ ਤਹਿਤ ਹਵਾਈ ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਸਰਹੱਦੀ ਵਿਵਾਦ ਕਾਰਨ ਰਿਸ਼ਤਿਆਂ ’ਚ ਆਈ ਕੁੜੱਤਣ ਮਗਰੋਂ ਇਹ ਫ਼ੈਸਲਾ ਦੋਵੇਂ ਮੁਲਕਾਂ ਵਿਚਕਾਰ ਸਬੰਧ ਸੁਖਾਵੇਂ ਬਣਾਉਣ ਦੀਆਂ ਕੋਸ਼ਿਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂ ’ਚ ਦਿੱਲੀ ਅਤੇ ਕਾਠਮੰਡੂ ਤੋਂ ਰੋਜ਼ਾਨਾ ਇਕ-ਇਕ ਉਡਾਣ ਸ਼ੁਰੂ ਕੀਤੀ ਜਾਵੇਗੀ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਦੇ ਕਾਠਮੰਡੂ ਦੌਰੇ ਦੇ ਦੋ ਹਫ਼ਤਿਆਂ ਮਗਰੋਂ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ ਦੇ ਅਗਲੇ ਤਿੰਨ ਹਫ਼ਤਿਆਂ ’ਚ ਭਾਰਤ ਆਉਣ ਦੀ ਸੰਭਾਵਨਾ ਹੈ। ਕਰੋਨਾਵਾਇਰਸ ਮਹਾਮਾਰੀ ਕਾਰਨ ਦੋਵੇਂ ਮੁਲਕਾਂ ਵਿਚਕਾਰ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।