ਨਵੀਂ ਦਿੱਲੀ (ਸਮਾਜ ਵੀਕਲੀ): ਸਰਕਾਰ ਜਦੋਂ ਸਿਹਤ ਕਾਮਿਆਂ ਨੂੰ ਕੋਵਿਡ-19 ਤੋਂ ਬਚਾਅ ਦੇ ਟੀਕੇ ਲਗਾਉਣ ਲਈ ਤਿਆਰ ਹੈ ਤਾਂ ਕਾਂਗਰਸ ਨੇ ਖ਼ਬਰਦਾਰ ਕੀਤਾ ਹੈ ਕਿ ਕੋਵੈਕਸੀਨ ਦੇ ਤੀਜੇ ਪੜਾਅ ਦੇ ਪ੍ਰੀਖਣ ਅਜੇ ਮੁਕੰਮਲ ਨਹੀਂ ਹੋਏ ਹਨ, ਜਿਸ ਕਾਰਨ ਟੀਕਾਕਰਨ ਮੁਹਿੰਮ ਅਜੇ ਨਾ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਕੋਈ ‘ਬਲੀ ਦੇ ਬੱਕਰੇ’ ਨਹੀਂ ਹਨ।
ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਨੂੰ ਟੀਕਾਕਰਨ ਮੁਹਿੰਮ ਉਸ ਸਮੇਂ ਤੱਕ ਨਹੀਂ ਚਲਾਉਣੀ ਚਾਹੀਦੀ ਹੈ ਜਦੋਂ ਤੱਕ ਕਿ ਇਹ ਸਾਬਿਤ ਨਹੀਂ ਹੋ ਜਾਂਦਾ ਕਿ ਟੀਕਾ ਅਸਰਦਾਰ ਹੈ। ਉਨ੍ਹਾਂ ਕੋਵੈਕਸੀਨ ਉਪਰ ਉਚੇਚੇ ਤੌਰ ’ਤੇ ਇਤਰਾਜ਼ ਜਤਾਇਆ ਹੈ ਜਿਸ ਦੀ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਰ ਇਸ ਟੀਕੇ ਦੇ ਪ੍ਰੀਖਣ ਦਾ ਤੀਜਾ ਪੜਾਅ ਅਜੇ ਮੁਕੰਮਲ ਨਹੀਂ ਹੋਇਆ ਹੈ। ਸ੍ਰੀ ਤਿਵਾੜੀ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਕੋਈ ਬਦਲ ਨਹੀਂ ਦਿੱਤਾ ਹੈ।