ਵਾਸ਼ਿੰਗਟਨ (ਸਮਾਜ ਵੀਕਲੀ) : ਸੈਂਕੜੇ ਸਿੱਖ-ਅਮਰੀਕੀਆਂ ਨੇ ਭਾਰਤ ’ਚ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਸ਼ਾਂਤਮਈ ਰੋਸ ਰੈਲੀਆਂ ਕੀਤੀਆਂ। ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪ੍ਰਦਰਸ਼ਨਕਾਰੀਆਂ ਦੇ ਵੱਡੇ ਕਾਰ ਕਾਫਲੇ ਨੇ ਸ਼ਨਿਚਰਵਾਰ ਨੂੰ ਬੇ ਬ੍ਰਿਜ ਉੱਤੇ ਟ੍ਰੈਫਿਕ ਨੂੰ ਰੋਕ ਦਿੱਤਾ ਤੇ ਕਾਫ਼ਲਾ ਸਾਂ ਫ੍ਰਾਂਸਿਸਕੋ ਵਿੱਚ ਸਥਿਤ ਭਾਰਤੀ ਕੌਂਸਲੇਟ ਵੱਲ ਵਧਿਆ।
ਇਸ ਤੋਂ ਇਲਾਵਾ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸੈਂਕੜੇ ਇੰਡੀਆਨਾਪੋਲਿਸ ਵਿੱਚ ਇਕੱਠੇ ਹੋ ਕੇ ਮਾਰਚ ਕੀਤਾ। ਦੋਵਾਂ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਨੇ ਨਵੇਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਭਾਰਤੀ ਕਿਸਾਨਾਂ ਨੂੰ ਗਰੀਬੀ ਵੱਲ ਧੱਕਣਗੇ ਅਤੇ ਕਾਰਪੋਰੇਟ ਸੈਕਟਰਾਂ ਨੂੰ ਏਕਾਅਧਿਕਾਰ ਦੇਣਗੇ। ਕਿਸਾਨ ਕਿਸੇ ਵੀ ਕੌਮ ਦੀ ਰੂਹ ਹੁੰਦੇ ਹਨ। ਅਮਰੀਕਾ ਅਤੇ ਕੈਨੇਡਾ ਦੇ ਕਈ ਸ਼ਹਿਰਾਂ ਸਮੇਤ ਦੁਨੀਆ ਭਰ ਦੇ ਲੋਕ ਇਕੱਠੇ ਹੋ ਕੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇੰਡੀਆਨਾ ਦੇ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਕਾਰਪੋਰੇਸ਼ਨਾਂ ਸੁਤੰਤਰ ਕਿਸਾਨੀ ਭਾਈਚਾਰੇ ਨੂੰ ਆਪਣੇ ਕਬਜ਼ੇ ਵਿਚ ਲੈਣਗੀਆਂ ਅਤੇ ਫਸਲਾਂ ਦਾ ਬਾਜ਼ਾਰ ਮੁੱਲ ਘੱਟ ਕਰਨਗੀਆਂ। ਇੰਡੀਆਨਾ ਦੇ ਸ਼ਹਿਰ ਇੰਡੀਆਨਾਪੋਲਿਸ ਵਿਚ ਲਗਭਗ 500 ਸਿੱਖ ਅਮਰੀਕਨਾਂ ਨੇ ਸ਼ਿਰਕਤ ਕੀਤੀ।