ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ’ਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ-ਅਮਰੀਕੀ ਸਬੰਧਾਂ ਦਾ ਅਸਲ ਰੰਗ ਅਜੇ ਨਜ਼ਰ ਆਉਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦਰਮਿਆਨ ਵੀ ਦੋਵੇਂ ਮੁਲਕਾਂ ਵਿਚਕਾਰ ਸਬੰਧ ਗੂੜ੍ਹੇ ਹਨ। ਸ੍ਰੀ ਸੰਧੂ ਨੇ ‘ਇੰਡੀਆ-ਕੋਲੋਰਾਡੋ ਪਾਰਟਨਰਸ਼ਿਪ’ ਦੀ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਭਾਈਵਾਲੀ ਜਮਹੂਰੀ ਆਦਰਸ਼ਾਂ, ਅਰਥਚਾਰੇ, ਸੁਰੱਖਿਆ ਹਿੱਤਾਂ ਅਤੇ ਲੋਕਾਂ ਵਿਚਕਾਰ ਸਬੰਧਾਂ ’ਤੇ ਮਜ਼ਬੂਤੀ ਨਾਲ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਬੇਯਕੀਨੀ ਵਾਲੇ ਮਾਹੌਲ ’ਚ ਉਹ ਭਰੋਸਾ ਦਿੰਦੇ ਹਨ ਕਿ ਭਾਰਤ ਸ਼ਾਂਤੀ, ਆਸ਼ਾ ਅਤੇ ਸਥਿਰਤਾ ਦਾ ਅਲੰਬਰਦਾਰ ਬਣਿਆ ਰਹੇਗਾ। ਸ੍ਰੀ ਸੰਧੂ ਮੁਤਾਬਕ ਭਾਰਤ ਲਈ ਅਮਰੀਕਾ ਅਹਿਮ ਦੋਸਤ ਅਤੇ ਨੇੜਲਾ ਸਹਿਯੋਗੀ ਹੈ। ਉਨ੍ਹਾਂ ਕਿਹਾ ਕਿ ਹੁਣ ਸਿਹਤ, ਫਾਰਮਾ, ਆਈਟੀ, ਡਿਜੀਟਲ ਸਪੇਸ ਅਤੇ ਊਰਜਾ ਜਿਹੇ ਖੇਤਰਾਂ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਕਿਉਂਕਿ ਮਹਾਮਾਰੀ ਦੌਰਾਨ ਇਨ੍ਹਾਂ ਖੇਤਰਾਂ ਦੀ ਅਹਿਮੀਅਤ ਵਧ ਗਈ ਹੈ।