ਕੋਚੀ (ਸਮਾਜ ਵੀਕਲੀ): ਕੇਂਦਰ ਸਰਕਾਰ ਯੂਕਰੇਨ ਵਿਚ ਫਸੇ 19 ਹਜ਼ਾਰ ਵਿਦਿਆਰਥੀਆਂ ਦੀ ਵਾਪਸੀ ਸੁਖਾਲੀ ਬਣਾਉਣ ਲਈ ਚਾਰ ਕੈਬਨਿਟ ਮੰਤਰੀਆਂ ਨੂੰ ਯੂਰੋਪ ਵਿਚ ਯੂਕਰੇਨ ਦੇ ਗੁਆਂਢੀ ਮੁਲਕਾਂ ’ਚ ਭੇਜ ਰਹੀ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਹੱਲੇ ਕਾਰਨ ਹਜ਼ਾਰਾਂ ਵਿਦਿਆਰਥੀਆਂ ਦਾ ਯੂਕਰੇਨ ਵਿਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਬਾਰੇ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਇਕ ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ ਹੈ। ਮੀਟਿੰਗ ਵਿਚ ਕੇਂਦਰੀ ਮੰਤਰੀ ਹਰਦੀਪ ਪੁਰੀ, ਜਯੋਤਿਰਦਿੱਤਿਆ ਸਿੰਧੀਆ, ਕਿਰਨ ਰਿਜਿਜੂ ਤੇ ਵੀ.ਕੇ. ਸਿੰਘ ਨੂੰ ਭਾਰਤ ਦੇ ‘ਵਿਸ਼ੇਸ਼ ਦੂਤਾਂ’ ਵਜੋਂ ਯੂਰੋਪ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਸਿੰਧੀਆ ਰੋਮਾਨੀਆ ਤੇ ਮੋਲਡੋਵਾ ਜਦਕਿ ਰਿਜਿਜੂ ਸਲੋਵਾਕੀਆ ਰਾਹੀਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀ ਕਾਰਵਾਈ ਦੀ ਨਿਗਰਾਨੀ ਕਰਨਗੇ।
ਸੂਤਰਾਂ ਮੁਤਾਬਕ ਪੁਰੀ ਹੰਗਰੀ ਤੇ ਵੀਕੇ ਸਿੰਘ ਪੋਲੈਂਡ ਵਿਚ ਵਤਨ ਵਾਪਸੀ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਦੱਸਣਯੋਗ ਹੈ ਕਿ ਮੋਦੀ ਨੇ ਇਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਯੂਕਰੇਨ ਵਿਚ ਭਾਰਤੀਆਂ ਨੂੰ ਸੁਰੱਖਿਅਤ ਕੱਢਣਾ ਦੇਸ਼ ਦੀ ਪਹਿਲੀ ਤਰਜੀਹ ਹੈ। ਸੋਮਵਾਰ ਹੋਈ ਮੀਟਿੰਗ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੇਂਦਰੀ ਮੰਤਰੀ ਪਿਊਸ਼ ਗੋਇਲ, ਐਨਐੱਸਏ ਅਜੀਤ ਡੋਵਾਲ ਤੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ੍ਰਿੰਗਲਾ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਯੂਕਰੇਨ ਸੰਕਟ ’ਤੇ ਐਤਵਾਰ ਵੀ ਮੀਟਿੰਗ ਕੀਤੀ ਸੀ। ਕੇਰਲਾ ਹਾਈ ਕੋਰਟ ਨੂੰ ਵੀ ਅੱਜ ਕੇਂਦਰ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਸਹਾਇਕ ਸੌਲੀਸਿਟਰ ਜਨਰਲ ਮਨੂ ਐੱਸ ਨੇ ਜਸਟਿਸ ਐਨ. ਨਾਗਰੇਸ਼ ਨੂੰ ਨਾਲ ਹੀ ਦੱਸਿਆ ਕਿ ਵਿਦੇਸ਼ ਮੰਤਰਾਲਾ ਯੂਕਰੇਨੀ ਦੂਤਾਵਾਸਾਂ ਦੇ ਲਗਾਤਾਰ ਸੰਪਰਕ ਵਿਚ ਹੈ।
ਇਸ ਤੋਂ ਇਲਾਵਾ ਗੁਆਂਢੀ ਮੁਲਕਾਂ ਦੇ ਦੂਤਾਵਾਸਾਂ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਰੂਸ ਦੇ ਰਾਜਦੂਤ ਨਾਲ ਵੀ ਵਿਚਾਰ-ਚਰਚਾ ਕੀਤੀ ਗਈ ਹੈ। ਸਹਾਇਕ ਸੌਲੀਸਿਟਰ ਜਨਰਲ ਨੇ ਕਿਹਾ ਕਿ ਰੂਸ ਸਰਕਾਰ ਨੇ ਇਸ ਮਾਮਲੇ ਵਿਚ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇਸ ਮਾਮਲੇ ਵਿਚ ਕੇਰਲਾ ਹਾਈ ਕੋਰਟ ਐਡਵੋਕੇਟਸ ਐਸੋਸੀਏਸ਼ਨ ਤੇ ਇਸ ਦੇ ਦੋ ਮੈਂਬਰਾਂ ਨੇ ਪਟੀਸ਼ਨ ਦਾਇਰ ਕੀਤੀ ਸੀ। ਇਨ੍ਹਾਂ ਮੈਂਬਰਾਂ ਦੀਆਂ ਧੀਆਂ ਯੂਕਰੇਨ ਵਿਚ ਹਨ। ਇਸ ਤੋਂ ਇਲਾਵਾ ਕੇਰਲਾ ਦੇ ਹੋਰ ਵੀ ਕਈ ਵਿਦਿਆਰਥੀ ਉੱਥੇ ਫਸੇ ਹੋਏ ਹਨ। ਵਕੀਲ ਨੇ ਉੱਥੇ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਤੇ ਨਾਲ ਹੀ ਕਿਹਾ ਕਿ ਕਈ ਜਣੇ ਬਾਰਡਰ ਉਤੇ ਪਹੁੰਚ ਗਏ ਸਨ ਪਰ ਉਨ੍ਹਾਂ ਨੂੰ ਪਾਰ ਲੰਘਣ ਨਹੀਂ ਦਿੱਤਾ ਗਿਆ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਭਾਵੇਂ ਭਾਰਤੀ ਦੂਤਾਵਾਸ ਕਾਰਜਸ਼ੀਲ ਹੈ ਪਰ ‘ਅਸਲ ਵਿਚ ਬੱਚਿਆਂ ਨੂੰ ਜੰਗ ਦਾ ਮੈਦਾਨ ਬਣੇ ਯੂਕਰੇਨ ’ਚ ਆਪਣੀਆਂ ਨੇੜਲੀਆਂ ਸਰਹੱਦਾਂ ਤੱਕ ਪਹੁੰਚਣ ਦਾ ਸਾਰਾ ਖ਼ਰਚ ਦੇ ਜੋਖ਼ਮ ਚੁੱਕਣਾ ਪੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ਯੂਕਰੇਨੀ ਫ਼ੌਜ ਤੇ ਬਾਰਡਰ ਪੁਲੀਸ ਭਾਰਤੀ ਵਿਦਿਆਰਥੀਆਂ ਨਾਲ ਦੁਰਵਿਹਾਰ ਤੇ ਪੱਖਪਾਤ ਕਰ ਰਹੀ ਹੈ। ਉਨ੍ਹਾਂ ਨੂੰ ਠੰਢ ਵਿਚ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ। ਯੂਕਰੇਨ ਵਿਚ ਪੜ੍ਹ ਰਹੇ ਕੇਰਲਾ ਦੇ 82 ਵਿਦਿਆਰਥੀ ਐਤਵਾਰ ਰਾਤ ਵਿਸ਼ੇਸ਼ ਉਡਾਣ ਰਾਹੀਂ ਵਤਨ ਪਰਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly