ਅਲੀਗੜ੍ਹ (ਸਮਾਜ ਵੀਕਲੀ) : ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਅੱਜ ਦਾਅਵਾ ਕੀਤਾ ਕਿ ਰਾਜਸਥਾਨ ’ਚ ਉਨ੍ਹਾਂ ਉਤੇ ਹੋਏ ਹਮਲੇ ਦੀ ਯੋਜਨਾ ‘ਭਾਜਪਾ ਵਰਕਰਾਂ ਨੇ ਪਹਿਲਾਂ ਹੀ ਬਣਾ ਲਈ ਸੀ।’ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਕਿਸਾਨ ਆਗੂ ਦੇ ਕਾਫ਼ਲੇ ਉਤੇ ਹਮਲਾ ਕੀਤਾ ਗਿਆ ਸੀ।
ਟਿਕੈਤ ਨੇ ਕਿਹਾ ਕਿ ਇਹ ਹਮਲਾ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟਾ ਰਹੇ ਕਿਸਾਨਾਂ ਨੂੰ ਯਾਦ ਕਰਵਾਉਂਦਾ ਰਹੇਗਾ ਕਿ ਆਉਣ ਵਾਲੇ ਦਿਨਾਂ ਵਿਚ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਦੇ ਭਾਈਮਲਖੇੜਾ ਪਿੰਡ ਵਿਚ ‘ਕਿਸਾਨ ਮਹਾਪੰਚਾਇਤ’ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਅਜਿਹੇ ਹਮਲੇ ਅਸਲ ਵਿਚ ‘ਸੰਘਰਸ਼ ਤਿੱਖਾ ਕਰਨ ਦੇ ਅਹਿਦ ਨੂੰ ਹੋਰ ਮਜ਼ਬੂਤ ਕਰਨਗੇ, ਜੋ ਕਿ ਸਾਡੀ ਹੋਂਦ ਦੀ ਲੜਾਈ ਹੈ।’ ਬੀਕੇਯੂ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ‘ਅਸੀਂ ਮਾਨਸਿਕ ਤੌਰ ’ਤੇ ਅਜਿਹੀਆਂ ਘਟਨਾਵਾਂ ਲਈ ਤਿਆਰ ਹਾਂ।’