ਭਾਜਪਾਈਆਂ ਦੇ ਰੰਗ ’ਚ ਕਿਸਾਨਾਂ ਨੇ ਪਾਈ ਭੰਗ

ਬਠਿੰਡਾ (ਸਮਾਜ ਵੀਕਲੀ) : ਇੱਥੇ ਮਿੱਤਲ ਮਾਲ ਨੇੜੇ ਭਾਰਤੀ ਜਨਤਾ ਪਾਰਟੀ ਵੱਲੋਂ ਦਫ਼ਤਰ ਦਾ ਨੀਂਹ ਪੱਥਰ ਰੱਖਣ ਦੀ ਸੂਚਨਾ ਮਿਲਣ ’ਤੇ ਅੱਜ ਤੜਕਸਾਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸਮਾਗਮ ਵਾਲੀ ਜਗ੍ਹਾ ’ਤੇ ਧਰਨਾ ਲਾ ਦਿੱਤਾ। ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ ਕੋਟੜਾ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਜਗਸੀਰ ਸਿੰਘ ਝੁੰਬਾ ਨੇ ਆਖਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਅੱਜ ਇੱਥੇ ਪਾਰਟੀ ਦਫ਼ਤਰ ਦਾ ਨੀਂਹ ਪੱਥਰ ਰੱਖਣ ਲਈ ਆਉਣਾ ਸੀ। ਸੁਵਖ਼ਤੇ ਹੀ ਇਸ ਦਾ ਪਤਾ ਲੱਗਣ ’ਤੇ ਸਾਰੇ ਕਿਸਾਨਾਂ ਨੂੰ ਸੁਨੇਹੇ ਪਹੁੰਚਾ ਕੇ ਸਮਾਗਮ ਵਾਲੀ ਥਾਂ ਇਕੱਠੇ ਹੋਣ ਲਈ ਕਿਹਾ ਗਿਆ।

ਪਿੰਡਾਂ ’ਚੋਂ ਕਿਸਾਨ ਫੌਰੀ ਸਬੰਧਤ ਥਾਂ ’ਤੇ ਵਹੀਰਾਂ ਘੱਤ ਕੇ ਪਹੁੰਚ ਗਏ ਅਤੇ ਸਮਾਗਮ ਵਾਲੀ ਜਗ੍ਹਾ ਅੱਗੇ ਧਰਨਾ ਲਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਪੰਜਾਬ ’ਚ ਮਾਲਗੱਡੀਆਂ ਬੰਦ ਕਰਕੇ ਯੂਰੀਆ ਖਾਦ ਅਤੇ ਕੋਲੇ ਦਾ ਸੰਕਟ ਪੈਦਾ ਕੀਤਾ ਜਾ ਰਿਹਾ ਹੈ। ਵਪਾਰੀਆਂ ਦਾ ਮਾਲ ਰੁਕਿਆ ਪਿਆ ਹੈ। ਅਜਿਹਾ ਕਰਕੇ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਬਦਲਾ-ਲਊ ਭਾਵਨਾ ਤਹਿਤ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਨ੍ਹਾਂ ਜਾਬਰ ਹਥਕੰਡਿਆਂ ਖ਼ਿਲਾਫ਼ ਪੰਜਾਬ ਦੀ ਕਿਸਾਨੀ ਵਿਰੋਧ ਕਰ ਰਹੀ ਹੈ ਪਰ ਪੰਜਾਬ ਵਿਚ ਮੱਚੀ ਹਾਹਾਕਾਰ ਦੌਰਾਨ ਭਾਜਪਾ ਆਪਣੇ ਆਗੂਆਂ ਨੂੰ ਇੱਥੇ ਭੇਜ ਕੇ ਬਲਦੀ ’ਤੇ ਤੇਲ ਪਾ ਰਹੀ ਹੈ ਤਾਂ ਕਿ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾ ਸਕੇ।। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕੇਂਦਰੀ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਭਾਜਪਾ ਵੱਲੋਂ ਦਫ਼ਤਰ ਖੋਲ੍ਹਣੇ ਤਾਂ ਦੂਰ ਦੀ ਗੱਲ, ਅੱਕੇ ਹੋਏ ਲੋਕ ਭਾਜਪਾਈਆਂ ਨੂੰ ਪੰਜਾਬ ’ਚ ਪੈਰ ਵੀ ਨਹੀਂ ਧਰਨ ਦੇਣਗੇ।

Previous articleਈਡੀ ਵੱਲੋਂ ਰਣਇੰਦਰ ਕੋਲੋਂ ਛੇ ਘੰਟੇ ਪੁੱਛਗਿੱਛ
Next articleਕਰੋਨਾਵਾਇਰਸ: ਦਿੱਲੀ ਹਾਈ ਕੋਰਟ ਵੱਲੋਂ ਕੋਵਿਡ ਪ੍ਰਬੰਧਨ ਲਈ ਕੇਜਰੀਵਾਲ ਸਰਕਾਰ ਦੀ ਝਾਂੜ ਝੰਬ