ਭਾਊ ਤੇ ਤਾਊ ਦਾ ਮੇਲ ਜੱਟ ਤੇ ਜਾਟ ਦੀ ਯਾਰੀ ਪਊਗੀ ਮੋਦੀ ਨੂੰ ਭਾਰੀ

(ਸਮਾਜ ਵੀਕਲੀ)

ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਾਰਤ ਨੂੰ ਆਜ਼ਾਦੀ ਮਿਲ ਗਈ, ਆਜ਼ਾਦੀ ਕੀ ਹੁੰਦੀ ਹੈ ? ਤੇ ਆਮ ਜਨਤਾ ਨੂੰ ਕੀ ਫਾਇਦੇ ਹਨ,ਹੁਣ ਤੱਕ ਕਿਸੇ ਨੂੰ ਸਮਝ ਨਹੀਂ ਆਇਆ।ਭਾਰਤ ਦੇ ਨਿਵਾਸੀਆਂ ਨੇ ਮਿਲਜੁਲ ਕੇ ਅਹਿੰਸਾ ਰੂਪੀ ਧਰਨੇ ਦਿੱਤੇ ਜ਼ਰੂਰਤ ਪੈਣ ਤੇ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ।ਅਨੇਕਾਂ ਸਾਡੇ ਨੇਤਾ ਇਤਿਹਾਸ ਵਿੱਚ ਪੜ੍ਹਦੇ ਹਾਂ ਆਜ਼ਾਦੀ ਕੀ ਹੁੰਦੀ ਹੈ?ਇਸ ਦੀ ਪਰਿਭਾਸ਼ਾ ਦੱਸਦੇ ਰਹੇ।

ਪੰਜਾਬੀ ਜਦੋਂ ਕਿਸੇ ਰਸਤੇ ਚੱਲ ਪੈਣ ਤਾਂ ਜਾਨ ਹਥੇਲੀ ਤੇ ਰੱਖ ਕੇ ਚੱਲਦੇ ਹਨ।ਆਜ਼ਾਦੀ ਪ੍ਰਾਪਤ ਕਰਨ ਲਈ ਆਮ ਲੋਕ ਕਿਸੇ ਨਾ ਕਿਸੇ ਰਸਤੇ ਤੇ ਚੱਲ ਪਏ। ਪਰ ਸਾਡੇ ਨੇਤਾ ਲੋਕਾਂ ਨੇ ਆਜ਼ਾਦੀ ਦੇ ਨਾਲ ਹੀ ਧਰਮਾਂ ਦੇ ਨਾਮ ਤੇ ਦੇਸ਼ ਦੇ ਦੋ ਟੁਕੜੇ ਕਰ ਕੇ ਧਰ ਦਿੱਤੇ।ਅਹਿੰਸਾ ਦੇ ਪੁਜਾਰੀ ਭਾਰਤੀਆਂ ਨੂੰ ਆਪਸ ਵਿਚ ਲੜਵਾ ਕੇ ਮਰਵਾਇਆ,ਪੰਜਾਬ ਜੋ ਬਹਾਦਰੀ ਦਾ ਗੜ੍ਹ ਸੀ ਉਸ ਦੇ ਦੋ ਟੁਕੜੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਰ ਦਿੱਤੇ,ਅਜਿਹਾ ਕਿਉਂ ਨੇਤਾ ਲੋਕਾਂ ਨੂੰ ਪਤਾ ਸੀ ਕਿ ਇਹ ਯੋਧੇ ਸਾਡੀਆਂ ਕੁਰਸੀਆਂ ਨੂੰ ਹਿਲਾ ਕੇ ਨਾ ਰੱਖ ਦੇਣ ਇਨ੍ਹਾਂ ਨੂੰ ਪਹਿਲਾਂ ਹੀ ਕਮਜ਼ੋਰ ਕਰ ਦੇਵੋ।ਗਿਣਤੀ ਤਾਂ ਘੱਟ ਹੋਈ ਹੀ ਸੀ ਧਰਮਾਂ ਦਾ ਤੱਕਲਾ ਗੱਡ ਦਿੱਤਾ,ਜਦੋਂ ਜ਼ਰੂਰਤ ਪੈਂਦੀ ਹੈ ਉਸ ਤੱਕਲੇ ਨੂੰ ਹਿਲਾ ਕੇ ਹੁਣ ਵੀ ਸਾਨੂੰ ਕਦੇ ਵੀ ਲਡ਼ਾਉਂਦੇ ਹਨ।

ਪੰਜਾਬੀਆਂ ਨੇ ਆਪਣੀ ਕੜੀ ਮਿਹਨਤ ਨਾਲ ਆਪਣਾ ਆਧਾਰ ਮਜ਼ਬੂਤ ਕੀਤਾ ਹੀ ਸੀ ਤਾਂ ਨੇਤਾ ਲੋਕ  ਆਪਣੀਆਂ ਕੁਰਸੀਆਂ ਪੱਕੀਆਂ ਰੱਖਣ ਲਈ,ਪੰਜਾਬ ਦੇ ਟੁਕੜੇ ਟੁਕੜੇ ਕਰ ਕੇ ਕੁਰਸੀਆਂ ਤੇ ਬੈਠ ਗਏ।ਅਸੀਂ ਆਪਣੀ ਮਿਹਨਤ ਵਿੱਚ ਆਪਣੇ ਤਰੀਕੇ ਨਾਲ ਲੱਗੇ ਰਹੇ,ਨੇਤਾਵਾਂ ਨੂੰ ਸਾਡਾ ਭਾਈਚਾਰਕ ਸਾਂਝ ਤੇ ਤਰੱਕੀ ਘੱਟ ਹੀ ਪਸੰਦ ਹੈ।ਸਤਲੁਜ ਯਮੁਨਾ ਲਿੰਕ ਨਹਿਰ ਤੇ ਪੰਜਾਬ ਦੇ ਕਾਲੇ ਦਿਨ ਇਹ ਵੀ ਰਾਜਨੀਤਕ ਪਾਰਟੀਆਂ ਦਾ ਗੱਡਿਆ ਹੋਇਆ ਸੇਹ ਦਾ ਤੱਕਲਾ ਸੀ।

ਸਾਡੇ ਇਤਿਹਾਸ ਦਾ ਪੰਨਾ ਇੱਥੇ ਹੀ ਬੰਦ ਕਰ ਦੇਣਾ ਮੇਰੀ ਸਮਝਦਾਰੀ ਹੋਵੇਗੀ ਕਿਉਂਕਿ ਅੱਜ ਪੰਜਾਬ ਦਾ ਹਰ ਬੁੱਢਾ ਨੌਜਵਾਨ ਬੱਚਾ ਸਾਡੀਆਂ ਭੈਣਾਂ ਸਭ ਸਮਝ ਗਈਆਂ,ਕੇ ਸਾਡੀਆਂ ਰਾਜਨੀਤਕ ਪਾਰਟੀਆਂ ਸਾਨੂੰ ਕਿਵੇਂ ਬੁੱਧੂ ਬਣਾਉਂਦੀਆਂ ਹਨ।ਖੇਤੀਬਾੜੀ ਜਾਣੀ ਸਾਡੀ ਰੋਟੀ ਜੋ ਸਭ ਲਈ ਮੁੱਖ ਹੈ,ਉਸ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਕਾਲੇ ਕਨੂੰਨ ਥੋੜ੍ਹੇ ਦਿਨਾਂ ਵਿੱਚ ਹੀ ਬਣਾ ਦਿੱਤੇ।ਖੇਤੀਬਾੜੀ ਨਾਲ ਸਬੰਧਤ ਹਰ ਮਸਲਾ ਹਰ ਰਾਜ ਦੀ ਸਰਕਾਰ ਨਾਲ ਸਬੰਧਤ ਹੁੰਦਾ ਹੈ ਪਰ ਰਾਜ ਸਰਕਾਰਾਂ ਚੁੱਪ ਕਰਕੇ ਬੈਠ ਗਈਆਂ।ਤਾਂ ਸਾਡੇ ਪੰਜਾਬ ਦੇ ਯੋਧਿਆਂ ਵਿੱਚੋਂ ਇਨਕਲਾਬ ਦੀ ਜੋਤ ਇੱਕ ਮਿਸਾਲ ਬਣ ਕੇ ਜਗ ਉੱਠੀ,ਦਿੱਲੀ ਨੂੰ ਘੇਰਨ ਲਈ ਪੰਜਾਬ ਦੇ ਯੋਧਿਆਂ ਬੀਬੀਆਂ ਭੈਣਾਂ ਬੱਚਿਆਂ ਦੇ ਰੂਪ ਵਿਚ ਸੈਨਾ ਚੱਲ ਪਈ।ਰਸਤੇ ਦੇ ਵਿਚ ਗਵਾਂਢੀ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਜੀ ਨੇ ਬਹੁਤ ਗਲਤ ਤਰੀਕਿਆਂ ਨਾਲ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ।

ਦਿੱਲੀ ਦੇ ਕਿੰਗਰੇ ਤੋੜਨ ਵਾਲੇ ਕਿਵੇਂ ਰੁਕ ਸਕਦੇ ਹਨ,ਜਿਨ੍ਹਾਂ ਨੇ ਹਾਰਨਾ ਸਿੱਖਿਆ ਤਾਂ ਬਹੁਤ ਦੂਰ ਦੀ ਗੱਲ ਹੈ ਵੇਖਿਆ ਹੀ ਨਹੀਂ ਹਰ ਤਰ੍ਹਾਂ ਦੀ ਬਹਾਦਰੀ ਨਾਲ ਜਾ ਕੇ ਦਿੱਲੀ ਨੂੰ ਘੇਰਾ ਪਾ ਲਿਆ।ਪ੍ਰਸਾਰ ਭਾਰਤੀ ਤੇ ਗੋਦੀ ਮੀਡੀਆ ਦਾ ਪ੍ਰਚਾਰ ਬਹੁਤ ਘਟੀਆ ਦਰਜੇ ਦਾ ਹੋ ਨਿੱਬੜਿਆ ਜਦੋਂ ਕਿ ਯੋਧਿਆਂ ਨੂੰ ਅਤਿਵਾਦੀ ਤੇ ਖਾਲਿਸਤਾਨੀ ਦਾ ਤਗਮਾ ਪਹਿਨਾ ਦਿੱਤਾ।ਸੋਸ਼ਲ ਮੀਡੀਆ ਤੇ ਸਾਡੇ ਪੰਜਾਬੀ ਦੇ ਅਖਬਾਰ,ਜਿਨ੍ਹਾਂ ਵਿੱਚ ਵਿਦੇਸ਼ੀ ਯੂ ਟਿਊਬ ਤੇ ਪ੍ਰਿੰਟ ਮੀਡੀਆ ਸਾਰੇ ਆਨਲਾਈਨ ਅਖ਼ਬਾਰ ਹਮੇਸ਼ਾਂ ਵਾਂਗ ਆਪਣੀ ਧਰਤੀ ਨਾਲ ਆ ਜੁੜੇ ਤੇ ਯੋਧਿਆਂ ਦਾ ਹਰ ਪੱਧਰ ਤੇ ਹੱਕ ਪੂਰਿਆ।

ਸਾਡੀ ਰਾਜਨੀਤੀ ਵਿੱਚੋਂ ਉਪਜਿਆ ਭਾਸ਼ਾਈ ਇਲਾਕਾਵਾਦੀ ਸਤਲੁਜ ਯਮੁਨਾ ਲਿੰਕ ਨਹਿਰ ਤੋੜੇ ਹੋਏ ਸਬੰਧ ਆਪਣੇ ਭਰਾਵਾਂ ਨਾਲ ਹੁੰਦਾ ਘਟੀਆ ਵਿਵਹਾਰ ਵੇਖ ਕੇ ਜੱਟਾਂ ਨਾਲ ਛੋਟੇ ਭਾਈ ਜਾਟ ਵੀ ਭਾਈ ਭਾਈ ਬਣਕੇ ਮੋਢੇ ਨਾਲ ਮੋਢਾ ਜੋੜ ਕੇ ਆ ਖੜ੍ਹੇ ਹੋਏ।ਇਹ ਲੜੀ ਏਨੀ ਜ਼ੋਰ ਨਾਲ ਅੱਗੇ ਵਧੀ ਯੂ ਪੀ ਮੱਧ ਪ੍ਰਦੇਸ਼ ਰਾਜਸਥਾਨ ਮਹਾਰਾਸ਼ਟਰ ਕਰਨਾਟਕਾ ਹਰ ਪ੍ਰਦੇਸ਼ ਦੇ ਖੇਤੀਬਾੜੀ ਨਾਲ ਸਬੰਧਤ ਲੋਕ ਪੰਜਾਬੀਆਂ ਵੱਲੋਂ ਖਿੱਚੀ ਸੱਚ ਦੀ ਲੀਕ ਉੱਤੇ ਚੱਲਦੇ ਹੋਏ ਦਿੱਲੀ ਵਿਚ ਆ ਖੜ੍ਹੇ ਹੋਏ।ਕੇਂਦਰੀ ਸਰਕਾਰ ਇਹ ਭੁੱਲ ਗਈ ਕਿ ਸਾਨੂੰ ਇਨ੍ਹਾਂ ਲੋਕਾਂ ਨੇ ਚੁਣਿਆ ਹੈ,ਇਨ੍ਹਾਂ ਦੀ ਮਿਹਨਤ ਨਾਲ ਕੀਤੀ ਖੇਤੀਬਾੜੀ ਵਿਚੋਂ ਅਨਾਜ ਨਾਲ ਹੀ ਅਸੀਂ ਢਿੱਡ ਭਰਦੇ ਹਾਂ।

ਹਰਿਆਣਾ ਸਰਕਾਰ ਨੇ ਸੇਹ ਦੇ ਤੱਕਲੇ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਨਹਿਰ ਦਾ ਮਸਲਾ ਲੈ ਕੇ ਜੱਟ ਤੇ ਜਾਟ ਨੇ ਖੜ੍ਹੇ ਹੋ ਕੇ ਕਿਹਾ ਇਹ ਸਾਡੀਆਂ ਆਪਣੀਆਂ ਜ਼ਰੂਰਤਾਂ ਹਨ ਅਸੀਂ ਆਪਣੇ ਆਪ ਹੱਲ ਕਰ ਲਵਾਂਗੇ।ਜਦੋਂ ਸਰਕਾਰ ਨੂੰ ਖੇਤੀਬਾੜੀ ਦੀਆਂ ਸੰਬੰਧਤ ਚੀਜ਼ਾਂ ਵਸਤਾਂ ਬਾਰੇ ਜਾਣਕਾਰੀ ਨਹੀਂ,ਉਹ ਨਹਿਰਾਂ ਪੁੱਟ ਕੇ ਕੀ ਕਰੇਂਗੀ ? ਕੇਂਦਰ ਸਰਕਾਰ ਦੀ ਬੇਹੱਦ ਘਟੀਆ ਨੀਤੀ ਜਿਸ ਨੂੰ ਪੂਰੀ ਦੁਨੀਆਂ ਦਾ ਮੀਡੀਆ ਵਿਦੇਸ਼ੀ ਸਰਕਾਰਾਂ ਤੇ ਇੱਥੋਂ ਤਕ ਯੂਐੱਨਓ ਵੀ ਭੰਡ ਰਹੀ ਹੈ।ਗੋਦੀ ਮੀਡੀਆ ਤੇ ਪ੍ਰਸਾਰ ਭਾਰਤੀ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਮੋਰਚੇ ਬਾਰੇ ਗਲਤ ਪ੍ਰਚਾਰ,ਸੋਸ਼ਲ ਮੀਡੀਆ ਤੋਂ ਬੇਹੱਦ ਘਟੀਆ ਪ੍ਰਚਾਰ ਕੇ ਕਿਸਾਨਾਂ ਨੂੰ ਆ ਕੇ ਫ਼ੌਜ ਘੇਰ ਲਵੇਗੀ।

ਪਰ ਜੋ ਜਿੱਤਣ ਲਈ ਗਏ ਹਨ ਉਨ੍ਹਾਂ ਨੂੰ ਅਜਿਹੇ ਪ੍ਰਚਾਰ ਨਾਲ ਕੀ ਫ਼ਰਕ ਪੈਂਦਾ ਹੈ।ਟਰਾਲੀ ਨੁਮਾ ਕੋਠੀਆਂ ਵਿੱਚ ਬੈਠੇ ਤਾਊ ਤੇ ਭਾਊ ਹਰ ਮਸਲੇ ਬਾਰੇ ਵਿਚਾਰ ਚਰਚਾ ਕਰ ਰਹੇ ਹਨ।ਪ੍ਰਧਾਨ ਮੰਤਰੀ ਜੀ ਦਾ ਇਹ ਕਿਹੜਾ ਜੁਮਲਾ ਹੈ ਜਿਨ੍ਹਾਂ ਦੇ ਦਰਵਾਜ਼ੇ ਅੱਗੇ ਕਰੋੜਾਂ ਕਿਸਾਨ ਆਪਣੇ  ਖੋਹੇ ਜਾ ਰਹੇ ਹੱਕਾਂ ਬਾਰੇ ਪੁੱਛਣ ਨੂੰ ਬੈਠੇ ਹਨ।ਪ੍ਰਧਾਨ ਮੰਤਰੀ ਜੀ ਗੁਜਰਾਤ ਕਦੇ ਮੱਧ ਪ੍ਰਦੇਸ਼ ਜਾ ਕੇ ਕਹਿੰਦੇ ਹਨ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾ ਰਹੀਆਂ ਹਨ।ਸਰਕਾਰ ਨੇ ਸੀਆਈਡੀ ਦਾ ਜੋ ਜਾਲ ਵਿਛਾਇਆ ਹੋਇਆ ਹੈ ਉਹ ਇਹ ਨਹੀਂ ਦੱਸਦੇ ਕਿ ਪੰਜਾਬ ਦੇ ਨੇਤਾ ਕਿਸਾਨਾਂ ਦੀ ਸਟੇਜ ਤੇ ਚੜ੍ਹਨ ਲਈ ਹਰ ਹੀਲੇ ਕੋਈ ਰਸਤਾ ਲੱਭ ਰਹੇ ਹਨ,ਇੱਥੋਂ ਤਕ ਕਈ ਤਾਂ ਵਿਚਾਰੇ ਬੈਠੇ ਜਲੇਬੀਆਂ ਬਣਾ ਰਹੇ ਹਨ ਤੇ ਲੰਗਰ ਲਈ ਮੂੰਗੀ ਦੀ ਦਾਲ ਨੂੰ ਤੜਕੇ ਲਗਾ ਰਹੇ ਹਨ।

ਕੇਂਦਰ ਸਰਕਾਰ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਕਿਸਾਨ ਤੇ ਮਜ਼ਦੂਰ ਕੁੱਝ ਮੰਗਣ ਆਏ ਹਨ,ਇਹ ਸਾਰੇ ਮਿਲ ਕੇ ਦੱਸਣ ਆਏ ਹਨ ਕਿ ਜੋ ਤੁਸੀਂ ਖੇਤੀ ਸਬੰਧੀ ਕਾਲੇ ਬਿੱਲ ਪਾਸ ਕੀਤੇ ਹਨ ਉਹ ਰੱਦ ਕਰੋ।ਕੇਂਦਰ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹਨ ਸਾਡੇ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੇ ਕਾਨੂੰਨ ਦੀ ਸਹੀ ਮੁਹਾਰਨੀ ਕੇਂਦਰ ਸਰਕਾਰ ਨੂੰ ਪੜ੍ਹਾਈ ਹੈ।ਹੁਣ ਕਾਰਪੋਰੇਟ ਘਰਾਣਿਆਂ ਦੇ ਪਸਾਰੇ ਅਤੇ ਭਾਰਤ ਨੂੰ ਲੁਟਾਉਣ ਦਾ ਜੋ ਸਾਧਨ ਬਣਾਇਆ ਸੀ,ਕਿਸਾਨਾਂ ਨਾਲ ਮੀਟਿੰਗ ਕਰਨ ਵਾਲੇ ਸਾਰੇ ਨੇਤਾ ਤੇ ਅਧਿਕਾਰੀ ਸਮਝ ਗਏ ਹਨ।

ਇਕ ਪ੍ਰਧਾਨ ਮੰਤਰੀ ਜੀ ਦਾ ਜੁਮਲਾ ਪਤਾ ਨ੍ਹੀਂ ਕਿਸ ਤਕਨੀਕ ਨਾਲ ਕਾਰਪੋਰੇਟ ਘਰਾਣਿਆਂ ਨੇ ਦਿਮਾਗ ਵਿਚ ਫਿੱਟ ਕੀਤਾ ਹੋਇਆ ਹੈ,ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਹਾਂ।ਮਾਣਯੋਗ ਸੁਪਰੀਮ ਕੋਰਟ ਨੇ ਵੀ ਸਾਫ ਕਹਿ ਦਿੱਤਾ ਹੈ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰੋ।ਪੰਜਾਬ ਦੀਆਂ ਤਿੰਨ ਰਾਜਨੀਤਕ ਪਾਰਟੀਆਂ ਇੰਸਟਾਗ੍ਰਾਮ ਪਤਾ ਨਹੀਂ ਹੋਰ ਕਿਹੜੇ ਕਿਹੜੇ ਕਿੱਲੋ ਜਾਂ ਗ੍ਰਾਮਾਂ ਰਾਹੀਂ ਕਿਸਾਨਾਂ ਦੇ ਹੱਕ ਵਿੱਚ ਭੁਗਤਣ ਦੀ ਗੱਲ ਕਰ ਰਹੇ ਹਨ,ਕਿਉਂ ਨੀ ਜਾ ਕੇ ਕਿਸਾਨ ਮੋਰਚੇ ਵਿੱਚ ਜਾ ਕੇ ਉਨ੍ਹਾਂ ਦਾ ਹਿੱਸਾ ਬਣਦੇ।

ਮੁੱਕਦੀ ਗੱਲ- ਕੇਂਦਰ ਸਰਕਾਰ ਦੇ ਮੁਖੀਆਂ ਨੂੰ ਪੰਜਾਬ ਦਾ ਇਤਿਹਾਸ ਇਕ ਵਾਰ ਫਿਰ ਪੜ੍ਹ ਲੈਣਾ ਚਾਹੀਦਾ ਹੈ,ਪ੍ਰਧਾਨ ਮੰਤਰੀ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ,ਠੰਢ ਵਿੱਚ ਬੈਠੇ ਰੱਬ ਦੇ ਜੀਵ ਉਨ੍ਹਾਂ ਨੂੰ ਵਿਖਾਈ ਨਹੀਂ ਦਿੱਤੇ?ਜੱਟ ਤੇ ਜਾਟ ਹੁਣ ਮਿਲ ਕੇ ਕਿਸਾਨਾਂ ਦੀ ਪੂਰਨ ਮੰਡਲੀ ਬਣ ਚੁੱਕੇ ਹਨ।ਭਾਰਤ ਦੇ ਇਤਿਹਾਸ ਵਿਚ ਜਿੰਨੇ ਵੀ ਜੰਗ ਲੜੇ ਹਨ ਪੰਜਾਬੀ ਹਮੇਸ਼ਾ ਮੋਢੀ ਸਨ।ਕਿਸਾਨ ਮੋਰਚਾ ਤਾਂ ਸਾਡੇ ਹੱਕ ਦੀ ਆਵਾਜ਼ ਹੈ ਸਰਕਾਰ ਨੂੰ ਸੁਣ ਲੈਣੀ ਚਾਹੀਦੀ ਹੈ।

ਕਿਸਾਨ ਤੇ ਮਜ਼ਦੂਰ ਮੋਰਚਾ ਅਹਿੰਸਾ ਦੇ ਰਸਤੇ ਤੇ ਚੱਲ ਕੇ ਸਹੀ ਰੂਪ ਵਿੱਚ ਚੱਲ ਰਿਹਾ ਹੈ,ਸਰਕਾਰ ਵੀ ਤਿਆਰ ਹੈ ਕਿ ਤੁਸੀਂ ਪਾਸ ਕੀਤੇ ਹੋਏ ਕਾਨੂੰਨਾਂ ਦੀ ਕਿਤਾਬ ਦੇ ਸਾਰੇ ਵਰਕੇ ਫਾੜ ਦੇਵੋ,ਪਰ ਜਿਲਦ ਰਹਿਣ ਦੇਵੋ ਮੋਦੀ ਜੀ ਦੇ ਜੁਮਲੇ ਫੇਲ੍ਹ ਹੋ ਜਾਣਗੇ।ਵਿਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਨੂੰ ਢੀਗਾਂ ਮਾਰਨ ਜੋਗੇ ਰਹਿਣ ਦੇਵੋ।ਮਜ਼ਦੂਰ ਤੇ ਕਿਸਾਨ ਇਨਕਲਾਬੀ ਰੂਪ ਵਿੱਚ ਜਿੱਤ ਚੁੱਕੇ ਹਨ,ਕੇਂਦਰੀ ਸਰਕਾਰ ਨੂੰ ਜਲਦੀ ਹੀ ਇਹ ਗੱਲ ਮੰਨ ਲੈਣੀ ਚਾਹੀਦੀ ਹੈ।

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous article*ਅਰਜੀਆਂ ਬਨਾਮ ਮਰਜੀਆਂ*
Next articleਐਚ ਆਈ ਵੀ/ ਏਡਜ਼ ਬਿਮਾਰੀ ਤੋਂ ਬਚਣ ਲਈ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਇਆ