ਮਿਰਤਕ ਦੇਹ ਦਾ ਸਤਿਕਾਰ ਨਾਂ ਹੋਣ ਲਈ ਪ੍ਰਸ਼ਾਸਨ ਤੇ ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੋਵੇਂ ਜ਼ੁੰਮੇਵਾਰ
ਲੰਡਨ (ਸਮਾਜ ਵੀਕਲੀ) ਰਾਜਵੀਰ ਸਮਰਾ- ਮਹਾਨ ਕੀਰਤਨੀ, ਪੰਥਕ ਦਰਦੀ, ਸਿੱਖ ਲਿਖਾਰੀ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਤੇ ਅਫ਼ਸੋਸ ਪ੍ਰਗਟਾਵਾ ਕਰਦਿਆਂ ਉਹਨਾਂ ਦੀ ਬੇਵਕਤੀ ਮੌਤ ਨਾਲ ਸਿੱਖ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਖੰਡ ਕੀਰਤਨੀ ਜਥੇ ਦੇ ਜਥੇਦਾਰ ਬਲਬੀਰ ਸਿੰਘ ਬੱਬਰ, ਗੁਰਦਵਾਰਾ ਕਾਰ ਸੇਵਾ ਕਮੇਟੀ ਦੇ ਮੁਖੀ ਭਾਈ ਅਵਤਾਰ ਸਿੰਘ ਸੰਘੇੜਾ, ਬ੍ਰਿਟਿਸ ਸਿੱਖ ਕੋਸ਼ਿਲ ਦੇ ਜਨਰਲ ਸਕਤੱਰ ਭਾਈ ਤਰਸੇਮ ਸਿੰਘ ਦਿਉਲ, ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੇਵ ਸਿੰਘ ਚੌਹਾਨ, ਭਾਈ ਬਲਵਿੰਦਰ ਸਿੰਘ ਢਿਲੋ, ਭਾਈ ਸੁਖਿਵੰਦਰ ਸਿੰਘ ਖਾਲਸਾ, ਭਾਈ ਮਨਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਸਹੋਤਾ, ਭਾਈ ਰਣਜੀਤ ਸਿੰਘ ਸਰਾਏ, ਭਾਈ ਦਪਿੰਦਰਜੀਤ ਸਿੰਘ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਗੁਰਮਤਿ ਸੰਗੀਤ ਦੇ ਮਾਹਰ ਅਤੇ 40 ਸਾਲ ਤੋਂ ਵਧੇਰੇ ਸਮੇਂ ਲਈ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਸੇਵਾ ਨਿਭਾਉਣ ਵਾਲੇ ਭਾਈ ਸਾਹਿਬ ਦੀ ਕਮੀ ਲੰਮੇ ਸਮੇਂ ਤੱਕ ਸਿੱਖ ਕੌਮ ਮਹਿਸੂਸ ਕਰਦੀ ਰਹੇਗੀ।
ਪੰਥਕ ਆਗੂਆਂ ਨੇ ਕਿਹਾ ਹੈ ਕਿ ਭਾਈ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਵੇਰਕਾ ਪਿੰਡ ਦੇ ਕੁਝ ਲੋਕਾਂ ਵਲੋਂ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਵਿਚ ਪਾਈ ਗਈ ਰੁਕਾਵਟ ਇੱਕ ਬਹੁਤ ਮੰਦਭਾਗੀ ਘਟਨਾ ਹੈ। ਇਹੋ ਜਿਹਾ ਕਾਰਾ ਸਿਅਸੀ ਸ਼ਹਿ ਤੋਂ ਬਿਨਾਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਸੀ ਹੇ ਸਕਦਾ। ਇਸ ਲਈ ਪੰਜਾਬ ਸਰਕਾਰ ਦੇ ਇਸ ਅਣਮਨੁੱਖੀ ਕਾਰੇ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।
ਆਗੂਆਂ ਨੇ ਕਿਹਾ ਕਿ ਉਸ ਗੁਰਮੁਖ ਵੱਲੋਂ ਚੁੱਕੇ ਕਦਮ ਦੀ ਸ਼ਲਾਘਾ ਕਰਦੇ ਹਾਂ ਜਿਸ ਨੇ ਆਪਣੀ ਜਮੀਨ ਭਾਈ ਸਾਹਿਬ ਜੀ ਦੇ ਸੰਸਕਾਰ ਕਰਨ ਲਈ ਦਿੱਤੀ ਹੈ ।
ਪੰਥਕ ਆਗੂਆਂ ਨੇ ਕਿਹਾ ਕਿ ਇਸ ਸਭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਵੀ ਬਹੁਤ ਨਾ ਪੱਖੀ ਹੈ ਕਿਉਂਕਿ ਉਹਨਾਂ ਨੇ ਪੰਥ ਦੇ ਕੀਰਤਨੀਏ ਦੀ ਮਿਰਤਕ ਦੇਹ ਨੂੰ ਸਾਰਾ ਦਿਨ ਰੁਲਣ ਦਿੱਤਾ। ਭਾਈ ਸਾਹਿਬ ਦੀ ਮ੍ਰਿਤਕ ਦੇਹ ਦਾ ਸਤਿਕਾਰ ਸਹਿਤ ਅਤੇ ਸਮੇਂ ਉੱਤੇ ਸਸਕਾਰ ਨਾ ਹੋਣ ਦੀ ਜਿੰਮੇਵਾਰੀ ਜਿੰਨੀ ਸਥਾਨਕ ਪ੍ਰਸ਼ਾਸਨ ਦੀ ਹੈ ਉੰਨੀ ਹੀ ਸ਼੍ਰੋਮਣੀ ਕਮੇਟੀ ਦੀ ਹੈ ਜੋ ਕਿ ਦੁਖਦਾਈ ਅਤੇ ਨਿੰਦਣਯੋਗ ਹੈ । ਸਮੂਹ ਆਗੂਆਂ ਨੇ ਭਾਈ ਨਿਰਮਲ ਸਿੰਘ ਦੇ ਚਲਾਣੇ ਉੱਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।