ਭਗਵੰਤ ਮਾਨ ਵੱਲੋਂ ਕੀਤੀ ਸਿਆਸੀ ਟਕੋਰ ਪਿੱਛੋਂ ਚੰਨੀ ਨੇ ਤੋੜੀ ਚੁੱਪ

ਚੰਡੀਗੜ੍ਹ (ਸਮਾਜ ਵੀਕਲੀ)  : ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਹਮੋ-ਸਾਹਮਣੇ ਹੋ ਗਏ ਹਨ। ਮਾਮਲਾ ਸਾਬਕਾ ਮੁੱਖ ਮੰਤਰੀ ਚੰਨੀ ਦੀ ਪੰਜਾਬ ’ਚੋਂ ਗ਼ੈਰਹਾਜ਼ਰੀ ਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਨੀ ਵੱਲੋਂ ਚੋਣਾਂ ਤੋਂ ਪਹਿਲਾਂ ਲਏ ਗਏ ਫ਼ੈਸਲਿਆਂ ’ਤੇ ਉਂਗਲ ਚੁੱਕੀ ਹੈ। ਸ੍ਰੀ ਮਾਨ ਨੇ ਵਿਧਾਨ ਸਭਾ ਇਜਲਾਸ ’ਚ ਕਿਹਾ ਕਿ ਚੰਨੀ ਕਿਥੇ ਹੈ? ਮਾਨ ਨੇ ਕਿਹਾ ਕਿ ਜਦੋਂ ਉਹ ਲੋਕ ਵਿਰੋਧੀ ਫ਼ੈਸਲੇ ਦੇਖਦੇ ਹਨ ਤਾਂ ਪਤਾ ਲੱਗਦਾ ਹੈ ਕਿ ਚੰਨੀ ਨੇ ਚੋਣਾਂ ਤੋਂ ਪਹਿਲਾਂ ਫਾਈਲਾਂ ’ਤੇ ਦਸਤਖ਼ਤ ਕੀਤੇ ਸਨ। ਇਸ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਉਹ 24 ਘੰਟੇ ਫੋਨ ’ਤੇ ਹਾਜ਼ਰ ਹਨ, ਮੁੱਖ ਮੰਤਰੀ ਜਦੋਂ ਵੀ ਚਾਹੁਣ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਚੋਣਾਂ ਮਗਰੋਂ ਚੰਨੀ ਕਿੱਥੇ ਚਲੇ ਗਏ। ਜ਼ਰੂਰ ਦਾਲ ਵਿਚ ਕੁੱਝ ਕਾਲਾ ਹੈ।

ਹੁਣ ਕੈਨੇਡਾ ਜਾਂ ਅਮਰੀਕਾ ’ਚ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮਾਨ ਨੇ ਵਿਰੋਧੀ ਧਿਰ ਵੱਲ ਇਸ਼ਾਰੇ ਕਰਦਿਆਂ ਆਖਿਆ ਸੀ ਕਿ ‘ਤੁਹਾਡਾ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਕਿਥੇ ਹੈ?’ ਮੁੱਖ ਮੰਤਰੀ ਦੇ ਇਸ ਹਮਲੇ ਮਗਰੋਂ ਚਰਨਜੀਤ ਚੰਨੀ ਨੇ ਵੀ ਜਵਾਬੀ ਹੱਲਾ ਬੋਲਿਆ ਹੈ। ਚੰਨੀ ਨੇ ਆਖਿਆ ਕਿ ਉਹ 24 ਘੰਟੇ ਫ਼ੋਨ ’ਤੇ ਹਾਜ਼ਰ ਹਨ, ਮੁੱਖ ਮੰਤਰੀ ਜਦੋਂ ਵੀ ਚਾਹੁਣ ਉਨ੍ਹਾਂ ਨੂੰ ਕਾਲ ਕਰ ਸਕਦੇ ਹਨ। ਚੰਨੀ ਨੇ ਕਿਹਾ ਕਿ ਉਹ ਆਪਣਾ ਪੀਐੱਚਡੀ ਦਾ ਥੀਸਿਸ ਮੁਕੰਮਲ ਕਰਨ ਵਿਚ ਲੱਗੇ ਹੋਏ ਹਨ ਅਤੇ ਜਲਦੀ ਹੀ ਪਰਤਣਗੇ। ਉਨ੍ਹਾਂ ਕਿਹਾ ਕਿ ਉਹ ਅੱਖਾਂ ਦਾ ਇਲਾਜ ਕਰਾਉਣ ਲਈ ਆਏ ਹੋਏ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਆਖਿਆ ਕਿ ਚੰਨੀ ਸਾਹਮਣੇ ਆ ਕੇ ਗੱਲ ਕਰਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਫਾਈਲਾਂ ਦੀ ਗੱਲ ਕਰਕੇ ਚੰਨੀ ਨੂੰ ਇਸ਼ਾਰਾ ਕੀਤਾ ਹੈ ਕਿ ਸਰਕਾਰ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਸਕਦੀ ਹੈ।

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕਿਸੇ ਨੂੰ ਆਖ ਰਹੇ ਹਨ ਕਿ ਉਹ ਉਨੀਂਦਰੇ ਰਹਿਣ ਕਰਕੇ ਫੋਟੋਫੋਬੀਆ ਤੋਂ ਪੀੜਤ ਹਨ ਅਤੇ ਕਿਸੇ ਨੂੰ ਅੱਖਾਂ ਦੇ ਇਲਾਜ ਦੀ ਗੱਲ ਆਖ ਰਹੇ ਹਨ। ਪਿਛਲੇ ਦਿਨਾਂ ਵਿਚ ਸੋਸ਼ਲ ਮੀਡੀਆ ’ਤੇ ਚਰਨਜੀਤ ਚੰਨੀ ਦੀ ਵਿਦੇਸ਼ ’ਚੋਂ ਕਿਸੇ ਸੱਜਣ ਨਾਲ ਤਸਵੀਰ ਵੀ ਸਾਹਮਣੇ ਆਈ ਸੀ। ਕੁੱਝ ਸਮਾਂ ਪਹਿਲਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਚੰਨੀ ਦੇ ਵਿਦੇਸ਼ ਬੈਠੇ ਹੋਣ ’ਤੇ ਵਿਅੰਗ ਕੱਸਦਿਆਂ ਕਿਹਾ ਸੀ, ‘‘ਛੱਲਾ ਮੁੜ ਕੇ ਨਹੀਂ ਆਇਆ।’’ ਕੁੱਝ ਦਿਨ ਪਹਿਲਾਂ ਭਾਜਪਾ ਆਗੂ ਸੁਨੀਲ ਜਾਖੜ ਨੇ ਵੀ ਰਾਜਸਥਾਨ ਦੇ ਕਾਂਗਰਸੀ ਘਟਨਾਕ੍ਰਮ ’ਤੇ ਟਿੱਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਯਾਦ ਕੀਤਾ ਸੀ। ਜਾਖੜ ਨੇ ਲਿਖਿਆ ਸੀ,‘‘ਦੇਖਣਾ ਹੋਵੇਗਾ ਕਿ ਹੁਣ ਰਾਜਸਥਾਨ ਦਾ ਚੰਨੀ ਕੌਣ ਬਣੇਗਾ।’’ ਚੇਤੇ ਰਹੇ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਦੇ ਭਤੀਜੇ ਦੀ ਰਿਹਾਇਸ਼ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰ ਕੇ ਨਕਦੀ ਬਰਾਮਦ ਕੀਤੀ ਸੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਬੰਦੀ ਦੀ ਹਮਾਇਤ ਨਹੀਂ ਕਰ ਸਕਦੇ: ਓਵਾਇਸੀ
Next articleਰਾਜੋਆਣਾ ਦੀ ਰਹਿਮ ਦੀ ਅਪੀਲ ’ਤੇ ਕੇਂਦਰ ਨੂੰ ਨੋਟਿਸ