(ਸਮਾਜ ਵੀਕਲੀ)
ਹੁਣ ਜਦੋਂ ਵੀ ਤੂੰ ਜੰਮਿਆ
ਬਾਗ਼ੀ ਭਗਤ ਸਿੰਘ
ਇਸ ਦੇਸ਼ ਲਈ
ਜਿਹਦਾ ਕਣ-ਕਣ ਬੇਈਮਾਨ ਏਂ
ਨਾ ਮਰੀਂ ਨਾ ਮਰੀਂ
ਤੂੰ ਇੱਕ ਵਾਰੀ ਫ਼ਾਸੀ ਦਾ ਰੱਸਾ
ਚੁੰਮਿਆ ਸੀ
ਤੇ ਸਰਕਾਰਾਂ ਹਿੱਲੀਆਂ ਸਨ
ਜ਼ੁਲਮ ਕੰਬਿਆ ਸੀ
ਅਜ਼ਾਦੀ ਦੇ ਚਿਹਰੇ ਲਾਲੀ ਆਈ ਸੀ
ਪਰ ਜਿਹੜਾ ਕੁਝ ਹੁਣ
ਇਸ ਸਮਾਜ ਵਿੱਚ ਜੰਮਿਆ ਏਂ
ਇਸ ਨੇ ਨਹੀਂ ਮਰਨਾ
ਭਾਵੇਂ ਤੂੰ ਲੱਖਾਂ ਜਨਮ ਲਵੇਂ
ਕੀ ਦਿੱਤਾ ਏ ਤੇ ਕੀ ਦੇਣਗੇ
ਤੈਨੂੰ ਇਹ ਦੇਸ਼ ਵਾਲ਼ੇ
ਬੱਸ ਤੇਰੇ ਬੁੱਤ ਨੂੰ
ਚਾਰ ਫੁੱਲਾਂ ਦੇ ਹਾਰ
ਤੇ ਸ਼ਹੀਦੀ ਸਮਾਗਮਾਂ ‘ਤੇ
ਭਾਸ਼ਣਾਂ ਦਾ ਬਕਵਾਸ
ਤੇ ਆਪਣੀਆਂ ਪਾਰਟੀਆਂ ਦੀਆਂ ਖੱਚਾਂ ਨੂੰ
ਤੇਰੀ ‘ ਸਰਫ਼ਰੋਸ਼ੀ ਦੀ ਤਮੰਨਾ ‘ ਨਾਲ਼
ਮੇਚਣ ਦੀਆਂ ਗੱਲਾਂ।
ਇਹ ਸਿਆਸਤੀ ਤੇ ਅਮੀਰਜ਼ਾਦੇ
ਉਦੋਂ ਵੀ ਐਸ਼ ਕਰਦੇ ਸਨ
ਤੇ ਅੱਜ ਵੀ ਇਹਨਾਂ ਦਾ
ਉਹੀਓ ਰੱਬ ਏ
ਨਾ ਉਦੋਂ ਇਹਨਾਂ ਦਾ ਕੁਝ ਵਿਗੜਿਆ
ਨਾ ਅੱਜ ਇਹਨਾਂ ਦੀ ਚੌਧਰ ਘਟੀ ਏ
ਬੱਸ ਜਿਹੜੀ ਸਰਕਾਰ ਨਾਲ਼ ਇਨ੍ਹਾਂ ਦੀ
ਬੁੱਕਲ ਵਿੱਚ ਘੁਸਰ ਮੁਸਰ ਹੁੰਦੀ ਏ
ਬੱਸ ਉਹ ਸਰਕਾਰ ਬਦਲੀ ਏ
ਇਨ੍ਹਾਂ ਲੋਕਾਂ ‘ਚੋਂ ਕੋਈ ਨਹੀਂ ਸੀ ਮਰਿਆ
ਸਭ ਚਾਰ ਦਿਨ ਜੇਲ੍ਹ ਜਾ ਆਏ ਸਨ
ਤਾਂ ਕਿ ਇਹਨਾਂ ਨੂੰ ਵੀ
ਦੇਸ਼ ਭਗਤ ਆਖਿਆ ਜਾਵੇ
ਨਾ ਵੇਲ਼ੇ ਦੀਆਂ ਸਰਕਾਰਾਂ ਨੇ ਹੀ
ਇਹਨਾਂ ਦਾ ਗਲ਼ ਘੁੱਟਣਾ ਚਾਹਿਆ ਸੀ
ਸਰਕਾਰਾਂ ਉਹਨਾਂ ਨੂੰ
ਫ਼ਾਸੀਆਂ ‘ਤੇ ਟੰਗਦੀਆਂ ਨੇ
ਉਹਨਾਂ ਨੂੰ ਕਾਲ਼ੇ ਪਾਣੀ ਟੋਰਦੀਆਂ ਨੇ
ਜਿਨ੍ਹਾਂ ਤੋਂ ਖ਼ਤਰਾ ਹੁੰਦਾ ਏ
ਪਿੱਠੂਆਂ ਨੂੰ ਸਰਕਾਰਾਂ
ਕਦੇ ਨਹੀਂ ਮਾਰਦੀਆਂ
ਉਹ ਬਚ ਜਾਂਦੇ ਹੁੰਦੇ ਨੇ
ਕਿਉਂਕਿ ਅਜ਼ਾਦ ਹੋਏ ਦੇਸ਼ਾਂ ਨੂੰ
ਕੋਈ ਕੁਰਸੀ ਸੰਭਾਲਣ ਵਾਲ਼ਾ ਵੀ ਤਾਂ
ਚਾਹੀਦਾ ਹੁੰਦਾ ਏ
ਤੂੰ ਜਿਨ੍ਹਾਂ ਦੀ ਗੁਲਾਮੀ
ਪਰਾਂ ਸੁੱਟਣੀ ਚਾਹੀ ਸੀ
ਤੂੰ ਜਿਨ੍ਹਾਂ ਦਾ ਦੁੱਖ
ਮੁਕਾਉਣਾ ਚਾਹਿਆ ਸੀ
ਉਹਨਾਂ ਨੂੰ ਕੋਈ ਅਜ਼ਾਦੀ ਨਹੀਂ ਮਿਲੀ
ਉਸੇ ਤਰ੍ਹਾਂ ਲੁੱਟਿਆ ਜਾਂਦਾ ਹੈ ਉਨ੍ਹਾਂ ਨੂੰ
ਬੱਸ ਐਨਾ ਫ਼ਰਕ ਹੈ
ਅੱਗੇ ਇਹ ਕੋਈ
ਸੱਤ-ਸਮੁੰਦਰ ਪਾਰੋਂ ਕਰਦਾ ਸੀ
ਅੱਜ ਇਹ ਆਪਣੇ ਹੀ ਦੇਸ਼ ਦੇ
ਲੋਕ ਕਰਦੇ ਨੇ।
ਇਹ ਅਜ਼ਾਦੀ ਦਾ ਸਿਹਰਾ ਵੀ
ਤੇਰੇ ਨਾਂ ਨਹੀਂ ਜਾਂਦਾ
ਤੇ ਉਹ ਨਹੀਂ ਚਾਹੁੰਦੇ ਕਿ
ਤੇਰਾ ਹੱਕ ਤੈਨੂੰ ਮਿਲੇ
ਜੇ ਉਹ ਅਜਿਹਾ ਕਰਦੇ ਨੇ
ਫਿਰ ਇਹ ਹਕੂਮਤ ਵੀ
ਉਨ੍ਹਾਂ ਦੇ ਹੱਥਾਂ ‘ਚ ਨਹੀਂ ਰਹੇਗੀ
ਫਿਰ ਇਹ ਤੇਰੇ ਵਾਰਸਾਂ ਕੋਲ਼
ਚਲੇ ਜਾਏਗੀ
ਰਾਜਗੁਰੂ-ਸੁਖਦੇਵ ਦੇ ਵਾਰਸਾਂ ਕੋਲ਼
ਚਲੇ ਜਾਏਗੀ
ਹੁਣ ਜਦੋਂ ਵੀ ਤੂੰ ਜੰਮਿਆ
ਕਦੇ ਫ਼ਾਸੀ ਨਾ ਚੜ੍ਹੀਂ
ਸਾਡੇ ‘ਤੇ ਜ਼ੁਲਮ ਹੁੰਦਾ ਵੇਖਦਾ ਰਹੀਂ
ਤੂੰ ਕਿਸੇ ਹੋਰ ਦੇਸ਼ ਦੇ
ਗ਼ੁਲਾਮ ਰਹਿਣ ਦੇਵੀਂ ਸਾਨੂੰ
ਕਿਸੇ ਹੋਰ ਦੇਸ਼ ਨੂੰ
ਜ਼ੁਲਮ ਢਾਹੁਣ ਦੇਵੀਂ ਸਾਡੇ ‘ਤੇ
ਤੂੰ ਨਾ ਚੁੰਮੀਂ ਫ਼ਾਸੀਆਂ ਦੇ ਰੱਸੇ
ਨਹੀਂ ਤਾਂ ਅਸੀਂ ਫਿਰ
ਆਪਣਿਆਂ ਦੇ ਗ਼ੁਲਾਮ ਹੋਵਾਂਗੇ
ਆਪਣਿਆਂ ਦੇ ਜ਼ੁਲਮ ਹੰਢਾਵਾਂਗੇ
ਤੇ ਇਹ ਬੜੀ ਸ਼ਰਮ ਵਾਲ਼ੀ ਗੱਲ ਹੁੰਦੀ ਹੈ
ਇਸੇ ਲਈ ਤੂੰ ਕੋਈ ਬਾਗ਼ੀ ਨਾ ਬਣੀਂ
ਕੋਈ ਫ਼ਾਸੀ ਨਾ ਚੁੰਮੀਂ
ਜਾਂ ਤੂੰ ਇਸ ਦੇਸ਼ ਵਿੱਚ
ਕਦੇ ਨਾ ਜੰਮੀਂ
ਕਦੇ ਵੀ
ਅਮਰਜੀਤ ਸਿੰਘ ਅਮਨੀਤ
8872266066