(ਸਮਾਜ ਵੀਕਲੀ)
ਲੇਖਕ— ਭਗਵਾਨ ਸਿੰਘ ਤੱਗੜ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੀ ਬਾਣੀ ਤੋਂ ਬਿਨਾ ਪੰਦਰਾਂ ਭਗਤਾਂ ਦੀ ਬਾਣੀ ਦੀ ਰਚਨਾ ਵੀ ਸੰਕਲਿਤ ਹੈ। ਬਹੁਗਿਣਤੀ ਅਜਿਹੇ ਬਾਣੀਕਾਰਾਂ ਦੀ ਹੈ ਜੋ ਸ੍ਰੀ ਗੁਰੂ ਨਾਨਕ ਜੀ ਦੇ ਆਗਮਨ ਤੋਂ ਪਹਿਲਾਂ ਹੋਏ, ਜਾਂ ਉਨ੍ਹਾਂ ਦੇ ਨਿਕਟਵਰਤੀ ਸਨ ।ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕਰਦੇ ਵਕਤ ਜਿਸ ਵਿਸ਼ੇਸ਼ ਅਧਿਆਤਮਕ ਵਿਚਾਰਧਾਰਾ ਨੂੰ ਕਸਵੱਟੀ ਬਣਾਇਆ ਉਸਦੇ ਅਨੁੰਸਾਰ ਭਗਤ ਬਾਣੀ ਦੀ ਪਰਖ ਕਰਕੇ ਆਦਿ ਗ੍ਰੰਥ ਵਿਚ ਦਰਜ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ੳਨ੍ਹਾਂ ਭਗਤਾਂ ਦੀ ਰਚਨਾ ਨੂੰ ਆਦਿ ਗੰ੍ਰਥ ਵਿਚ ਸੰਕਲਨ ਕੀਤਾ ਜਿਹੜੀ ਗੁਰਬਾਣੀ ਦੇ ਮਿਆਰ ਤੇ ੳੱੁਤਰਨ ਦੇ ਨਾਲ ਨਾਲ ਭਗਤਾਂ ਦੀ ਆਪਸ ਵਿਚ ਅਧਿਆਤਮਕ ਇਕ ਸੁਰਤਾ ਸੀ।ਭਗਤੀ ਕਾਵਿ ਦਾ ਮੂਲ ਆਧਾਰ ਭਗਤੀ ਭਾਵਨਾ ਹੀ ਰਹੀ ਹੈ। ਇਨ੍ਹਾਂ ਭਗਤਾਂ ਪੀਰਾਂ ਫ਼ਕੀਰਾਂ ਦੀ ਬਾਣੀ ਨੂੰ ਖੋਜ ਕੇ ਦੇਖੀਏ ਤਾਂ ਪਤਾ ਚਲਦਾ ਹੈ ਕਿ ਇਨ੍ਹਾਂ ਦਾ ਮੂਲ ਮੰਤਵ ਆਤਮਿਕ ਕਲਿਆਣ,ਸਮਾਜ ਸੁਧਾਰ ਅਤੇ ਪਰਉਪਕਾਰ ਰਿਹਾ ਹੈ। ਇਹ ਸਭ ਜਾਤ ਪਾਤ, ਊਂਚ ਨੀਚ ਅਤੇ ਫੋਕੇ ਕਰਮਕਾਂਡਾਂ ਦੇ ਖਿਲਾਫ਼ ਲੋਕਾਂ ਨੂੰ ਸਮਝਾਉਂਦੇ ਰਹੇ ਹਨ। ਬ੍ਰਾਹਮਣਾ ਨੇ ਆਪਣੇ ਸਵਾਰਥ ਵਾਸਤੇ ਜਾਤ ਪਾਤ ਅਤੇ ਊਂਚ ਨੀਚ ਦਾ ਜਾਲ ਬਿਛਾਕੇ ਨੀਵੀਆਂ ਜਾਤੀਆਂ ਨੂੰ ਨੀਵਾਂ ਰੱਖਣ ਵਾਸਤੇ ਇਹ ਭਰਮ ਫੈਲਾਇਆ ਹੋਇਆ ਸੀ ਕਿ ਇਹ ਲੋਕ ਪਰਮਾਤਮਾਂ ਵੱਲੋਂ ਹੀ ਨੀਵੇਂ ਹਨ ਅਤੇ ਬ੍ਰਾਹਮਣ ਉੱਚੇ ਹਨ। ਭਗਤਾਂ ਨੇ ਆਪਣੀ ਨਿਰਮਲ ਬਾਣੀ ਰਾਹੀਂ ਇਨ੍ਹਾਂ ਭਰਮਾਂ ਨੂੰ ਦੂਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੀ ਉੱਚਾ ਜਾਂ ਨੀਂਵਾਂ ਨਹੀਂ ਸਭ ਉਸ ਪਰਮਾਤਮਾ ਦੀ ਉਪਜ ਹਨ। ਬਾਣੀ ਵਿਚ ਆਉਂਦਾ ਹੈ ਕਿ ਏਕ ਪਿਤਾ ਹਮ ਏਕਸ ਕੇ ਹੈਂ ਬਾਰਕ। ਸਮਾਜ ਸੁਧਾਰ ਕਰਦੇ ਹੋਏ ਭਗਤਾਂ ਨੇ ਨਾ ਕੇਵਲ ਬ੍ਰਾਹਮਣਾ ਤੋਂ ਦੁੱਖ ਝੱਲੇ ਬਲਕਿ ਮੁਸਲਮਾਨ ਸ਼ਾਸਕਾਂ ਨੇ ਵੀ ਉਨ੍ਹਾਂ ਨੂੰ ਬਹੁਤ ਤਸੀਹੇ ਦਿੱਤੇ, ਪਰ ਭਗਤਾਂ ਨੇ ਪਰਮਾਤਮਾਂ ਦੀ ਉਟ ਲੈਕੇ ਬਗੈਰ ਡਰ ਤੋਂ ਸਮਾਜ ਸੁਧਾਰ ਦਾ ਕੰਮ ਚਾਲੂ ਰੱਖਿਆ। ਪਹਿਲੇ ਜ਼ਮਾਨੇ ਵਿਚ ਬ੍ਰਾਹਮਣਵਾਦੀ ਭਾਸ਼ਾ ਸੰਸਕ੍ਰਿਤ ਸੀ ਜਿਹੜੀ ਆਮ ਲੋਕਾਂ ਦੀ ਸਮਝ ਤੋਂ ਬਾਹਰ ਸੀ ਪਰ ਸੰਤਾਂ ਮਹਾਤਮਾਂ ਅਤੇ ਭਗਤਾਂ ਨੇ ਸਰਲ ਬੋਲੀ ਨੂੰ ਅਪਣਾਇਆ ਅਤੇ ਸਮਾਜ ਦੇ ਹਰ ਵਰਗ ਵਿਚ ਪਹੁੰਚਾਉਣ ਦੀ ਕੋਿਸ਼ਸ਼ ਕੀਤੀ। ਅਧਿਆਤਮਕ ਕਾਵਿ ਭਗਤਾਂ ਦੇ ਧੁਰ ਅੰਦਰੋਂ ਇਕ ਚਸ਼ਮੇਂ ਵਾਂਗ ਸਹਿਜ ਸਭਾਵਕ ੳੱੁਤਰਦਾ ਹੈ ਇਸ ਵਿਚ ਕੋਈ ਬਨਾਵਟ ਨਹੀਂ ਹੁੰਦੀ ਅਤੇ ਸ਼ਬਦਾਂ ਦੀ ਚੋਣ ਵੀ ਨਹੀਂ ਕੀਤੀ ਜਾਂਦੀ ਸਾਧਕ ਪਰਮਾਤਮਾਂ ਦੀ ਭਗਤੀ ਵਿਚ ਲੀਨ ਹੋਕੇ ਜੋ ਅਨੁਭਵ ਕਰਦਾ ਹੈ ਉਹੀ ਸ਼ਬਦ ਉਚਾਰਦਾ ਹੈ ਬਾਣੀ ਵਿਚ ਵੀ ਆਉਂਦਾ ਹੇੈ
ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ?
ਮਧਕਾਲੀ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਭਗਤੀ ਕਾਵਿ ਧਾਰਾ ਦਾ ਵਿਸ਼ੇਸ਼ ਸਥਾਨ ਹੈ ਜਿਨ੍ਹਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰ੍ਰਥ ਸਾਹਿਬ ਵਿਚ ਦਰਜ ਹੈ ਇਨ੍ਹਾਂ ਭਗਤਾਂ ਦਾ ਜਨਮ ਭਾਵੇਂ ਪੰਜਾਬ ਤੋਂ ਬਾਹਰ ਹੋਇਆ ਪਰੰਤੂ ਇਨ੍ਹਾਂ ਦੀ ਵਿਚਾਰਧਾਰਾ ਸਿੱਖ ਕਾਵਿਧਾਰਾ ਦੇ ਅਨੁਕੂਲ ਸੀ ਭਗਤੀ ਕਾਵਿਧਾਰਾ ਨੇ ਅਜੋਕੇ ਸਮਾਜ ਵਿਚ ਤਬਦੀਲੀਆਂ ਲਿਆਂਦੀਆਂ ਅਤੇ ਬ੍ਰਾਹਮਣਵਾਦ ਦੀ ਪ੍ਰਧਾਨਤਾ ਨੂੰ ਖਤਮ ਕੀਤਾ ਅਤੇ ਸਦੀਆਂ ਤੋਂ ਲਤਾੜੀਆਂ ਜਾਂਦੀਆਂ ਨੀਵਂੀਆਂ ਜਾਤਾਂ ਅੰਦਰ ਸਵੈ ਭਰੋਸਾ ਉਤਪਨ ਕੀਤਾ ਭਗਤੀ ਕਾਵਿਧਾਰਾ ਦੀ ਵਿਚਾਰਧਾਰਾ ਜੀਵਨ ਦੀ ਨਿਕਟ ਵਾਸਤਵਿਕਤਾ ਤੇ ਅਧਾਰਿਤ ਹੈ ਤੇ ਇਸ ਕਵਿਤਾ ਵਿਚ ਲੋਕਾਈ ਨੂੰ ਪ੍ਰਭਾਵਤ ਕਰਨ ਦੀ ਅਦਭੁਤ ਤਾਕਤ ਸੀ ।ਆਪਣੀ ਲੋਕਪ੍ਰਿਅਤਾ ਦੇ ਕਾਰਨ ਇਹ ਕਵਿਧਾਰਾ ਪ੍ਹੰਦਰਵੀਂ ਸਦੀ ਵਿਚ ਦੱਖਣ ਭਾਰਤ ਵਿਚ ਪੈਦਾ ਹੋਈ ਅਤੇ ਸਾਰੇ ਉੱਤਰ ਭਾਰਤ ਵਿਚ ਫੈਲ ਗਈ। ਭਗਤ ਅਤੇ ਸੰਤ ਕਵਿਆਂ ਨੇ ਉਪਨਿਸ਼ਦਾਂ ਪੁਰਾਣਾ ਅਤੇ ਵੇਦਾਂ ਦੀ ਪੁਨਰ ਵਿਆਖਿਆ ਲੋਕ ਭਾਸ਼ਾ ਵਿਚ ਕਰਕੇ ਭਗਤੀ ਅੰਦੋਲਣ ਨੂੰ ਇਕ ਲੋਕ ਲਹਿਰ ਬਣਾਇਆ। ਭਗਤੀ ਲਹਿਰ ਦੇ ਮੋਢੀ ਸੰ਼ਕਰਾਚਾਰਿਆ ਨੇ ਹਿੰਦੂ ਮਤ ਦੀਆਂ ਕਮਜੋਰੀਆਂ ਨੂੰ ਦੂਰ ਕਰਨ ਦੇ ਜਤਨ ਕੀਤੇ ਅਤੇ ਚਿੰਤਨ ਦੇ ਖੇਤਰ ਵਿਚ ਬੜੀ ਵੱਡੀ ਕ੍ਰਾਤੀ ਲਿਆਂਦੀ ।ਪਰੰਤੂ ਜਿਸ ਅਦਵੈਤਵਾਦ ਨੂੰ ਉਹ ਮੰਨਦੇ ਸਨ ਉਹ ਭਗਤੀ ਦੇ ਪ੍ਰਚਾਰ ਲਈ ਉਪਯੁਕਤ ਨਹੀਂ ਸੀ ਅਤੇ ਇਸਦਾ ਕੋਈ ਦ੍ਰਿੜ ਆਧਾਰ ਨਹੀਂ ਸੀ ਜਿਸ ਤਰ੍ਹਾਂ ਕਿ ਰਾਮਾਨੁਜ ਨੇ ਪੇਸ਼ ਕੀਤਾ ਰਾਮਾਨੁਜ ਨੇ ਸ਼ੰਕਰਾਚਾਰਿਆ ਦੇ ਅਦਵੈਤਵਾਦ ਦਾ ਵਿਰੋਧ ਕੀਤਾ ਅਤੇ ਭਗਤੀ ਲਹਿਰ ਦੀ ਨੀਂਹ ਰੱਖੀ ।ਰਾਮਾਨੁਜ ਦੇ ਸਿ਼ਸ਼ ਰਾਮਾਂਨੰਦ ਨੇ ਭਗਤੀ ਲਹਿਰ ਨੂੰ ਹੋਰ ਵੀ ਅੱਗੇ ਵਧਾਇਆ ਰਾਮਾਂਨੰਦ ਜੀ ਦੇ ਬਾਰਾਂ ਸਿ਼ਸ਼ ਸਨ ਉਨ੍ਹਾਂ ਚੋਂ ਇਕ ਸਿ਼ਸ਼ ਸੀ ਭਗਤ ਕਬੀਰ ।ਭਗਤ ਕਬੀਰ ਨੇ ਭਗਤੀ ਲਹਿਰ ਨੂੰ ਇਕ ਗੁਣਾਤਮਕ ਰੂਪ ਪਰਦਾਨ ਕੀਤਾ ਹੋਰ ਭਗਤਾਂ ਅਤੇ ਸੰਤਾਂ ਦੀ ਤਰ੍ਹਾਂ ਭਗਤ ਕਬੀਰ ਜੀ ਨੇ ਭੀ ਪਰਮਾਤਮਾਂ ਨੂੰ ਸਰਵਸ਼ਕਤੀਮਾਨ ਮੰਨਿਆਂ ਹੈ ਅਤੇ ਉਨ੍ਹਾਂ ਨੂੰ ਪਰਮਾਤਮਾਂ ਵਿਚ ਅਟੂਟ ਵਿਸ਼ਵਾਸ ਸੀ ਨਾਮ ਸਿਮਰਨ ਨਾਲ ਉਹ ਪ੍ਰਭੁ ਨਾਲ ਅਭੇਦ ਹੋਣਾ ਲੋਚਦੇ ਸਨ । ਭਗਤ ਕਬੀਰ ਜੀ ਦਾ ਵਿਅਕਤਿਤਵ ਭਗਤੀ ਅੰਦੋਲਨ ਦੇ ਸਧੰਰਬ ਵਿਚ ਵਧੇਰੇ ਕ੍ਰਾਂਤੀਕਾਰੀ ਲਗਦਾ ਹੈ ੳਨ੍ਹਾਂ ਨੇ ਦੇਸ਼, ਭਾਸ਼ਾ ਖੇਤਰ, ਬੋਲੀ ਆਦਿ ਤੋਂ ਉਪਰ ਉੱਠਕੇ ਆਪਣੀ ਬਾਣੀ ਉਚਾਰੀ ਹੈ ।ਉਹ ਇਕ ਮਹਾਨ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਸਾਰੇ ਭਾਰਤ ਦੀ ਅਧਿਆਤਮਕ ਅਤੇ ਸਦਾਚਾਰਕ ਸੋਚ ਵਿਚ ਇਕ ਬੁਨਿਆਦੀ ਕ੍ਰਾਂਤੀ ਨੂੰ ਜਨਮ ਦਿੱਤਾ ।ਉਹ ਇਕ ਸੁਲਝੇ ਹੋਏ ਚਿੰਤਕ ਅਤੇ ਨਿਰਛਲ ਹਿਰਦੇ ਵਾਲੇ ਮਹਾਂਪੁਰਸ਼ ਸਨ। ਭਗਤ ਕਬੀਰ ਜੀ ਦੀ ਜਨਮ ਤਿਥੀ ਬਾਰੇ ਵੀ ਵਿਦਵਾਨਾ ਦੇ ਵੱਖਰੇ ਵੱਖਰੇ ਵਿਚਾਰ ਹਨ ।ਭਗਤ ਕਬੀਰ ਜੀ ਦਾ ਜਨਮ 1398 ਈਸਵੀ ਵਿਚ ਹੋਇਆ ਅਤੇ ਉਹ 1448 ਇਸਵੀ ਵਿਚ ਜੋਤੀ ਜੋਤ ਸਮਾਏ ਅਤੇ ਕੁਝ ਵਿਦਵਾਨ ੳਨ੍ਹਾਂ ਦਾ ਜਨਮ 1440 ਅਤੇ ਪਰਲੋਕ ਗਮਨ 1518 ਈਸਵੀ ਦੱਸਦੇ ਹਨ ।ੳਨ੍ਹਾਂ ਦੇ ਜਨਮ ਬਾਰੇ ਭੀ ਕਈ ਦੰਦ ਕਥਾਵਾਂ ਪ੍ਰਚਲਿਤ ਹਨ। ਉਹ ਵਿਧਵਾ ਬ੍ਰਾਹਮਣ ਇਸਤਰੀ ਦੇ ਕੱੁਖੋਂ ਪੈਦਾ ਹੋਏ ਅਤੇ ਉਸ ਨਵਂੇ ਜਨਮੇ ਬੱਚੇ ਨੂੰ ਬਨਾਰਸ ਸ਼ਹਿਰ ਕੋਲ ਲਹਿਰ ਤਾਰਾ ਤਲਾਅ ਵਿਖੇ ਲੁਕਾ ਕੇ ਰੱਖ ਦਿੱਤਾ । ਕਈਆਂ ਦਾ ਵਿਚਾਰ ਹੈ ਕਿ ਇਸ ਬੱਚੇ ਦੇ ਦੰਦ ਵੀ ਆਏ ਹੋਏ ਸਨ ਜਿਸਨੂੰ ਅਪਸ਼ਗਨ ਮੰਨਿਆਂ ਗਿਆ ਇਨ੍ਹ੍ਹਾਂ ਨੂੰ ਤਲਾਅ ਕੋਲ ਰੱਖਣ ਦਾ ਇਕ ਇਹ ਵੀ ਕਾਰਨ ਸੀ। ਨੀਰੂ ਨਾਂ ਦਾ ਇਕ ਜੁਲਾਹਾ ਸੱਜਣ ਉਸ ਬੱਚੇ ਨੂੰ ਘਰ ਲੈ ਆਇਆ ਉਨ੍ਹਾਂ ਦੀ ਪਤਨੀ ਨੀਮਾਂ ਦੇ ਪੁੱਛਣ ਤੇ ਕਿ ਇਹ ਬੱਚਾ ਕਿੱਥੱੋਂ ਲਿਆਏ ਹੋ ਤੇ ਨੀਰੂ ਦਾ ਜਵਾਬ ਇਹ ਸੀ ਕਿ ਅਸੀਂ ਸੰਤਾਨ ਹੀਨ ਹਾਂ ਅਕਾਲਪੁਰਖ ਨੇ ਸਾਨੂੰ ਇਹ ਸੰਤਾਨ ਬਖਸ਼ੀ ਹੈ । ਇਸਲਾਮੀ ਰਿਵਾਜ ਅਨੁਸਾਰ ਮਾਤਾ ਪਿਤਾ ਨੇ ਉਸ ਬੱਚੇ ਦਾ ਨਾਂ ਕਬੀਰ ਰੱਿਖਆ ਜਿਸਦਾ ਮਤਲਬ ਹੁੰਦਾ ਹੈ ਵੱਡਾ ਜਾਂ ਬਜੁਰਗ ਕੁਰਾਨ ਸ਼ਰੀਫ਼ ਵਿਚ ਕਬੀਰ ਸ਼ਬਦ ਖ਼ੁਦਾ ਵਾਸਤੇ ਵਰਤਿਆ ਗਿਆ ਹੈ।ਆਪ ਜੀ ਦਾ ਦੂਜਾ ਵਿਆਹ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਬੀਬੀ ਲੋੱਈ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਇਕ ਪੁੱਤਰ ਅਤੇ ਪੁਤਰੀ ਨੇ ਜਨਮ ਲਿਆ ਜਿਨ੍ਹਾਂ ਦਾ ਨਾਂ ਕਮਾਲ ਤੇ ਕਮਾਲੀ ਸੀ। ੳਨ੍ਹਾ ਨੇ ਗ੍ਰਹਿਸਥ ਜੀਵਨ ਵਿਚ ਰਹਿਕੇ ਆਪਣੇ ਪਿਤਾਪੁਰਖੀ ਜੁਲਾਹੇ ਦਾਂ ਕੰਮ ਕਰਕੇ ਆਪਣੀ ਗ੍ਰਹਸਥੀ ਨੂੰ ਤੋਰਿਆ ਉਨ੍ਹਾਂ ਨੇ ਆਪਣੇ ਸਮੇਂ ਦੇ ਪ੍ਰਸਿਧ ਸੰਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਿਆ ੳਨ੍ਹਾਂ ਦੇ ਗੁਰੂ ਧਾਰਨ ਵਿਚ ਵੀ ਇਕ ਕਥਾ ਪ੍ਰਚਲਿਤ ਹੈ ਉਹ ਇਸ ਤਰ੍ਹਾਂ ਹੈ ਸੰਤ ਰਾਮਾ ਨੰਦ ਜੀ ਰੋਜਾਨਾ ਤੜਕੇ ੳੱੁਠਕੇ ਗੰਗਾ ਵਿਚ ਸਨਾਨ ਕਰਨ ਜਾਂਦੇ ਸੀ ਤੇ ਇਕ ਦਿਨ ਜਦੋਂ ਉਹ ਪੌੜੀਆਂ ੳੱੁਤਰ ਰਹੇ ਸਨ ਤਾਂ ਸੰਤ ਕਬੀਰ ਜੀ ਜਿਹੜੇ ਪੌੜੀਆਂ ਵਿਚ ਪਏ ਸਨ ਸੰਤ ਰਾਮਾ ਨੰਦ ਜੀ ਦੇ ਪੈਰ ਪਕੜ ਲਏ ਸੰਤ ਰਾਮਾਨੰਦ ਜੀ ਬੜੇ ਹੈਰਾਨ ਹੋਏ ਤੇ ੳਨ੍ਹਾਂ ਨੇ ਰਾਮ (ਵਾਹੇਗੁਰ) ਦਾ ਨਾਂ ਲਿਆ ਸੰਤ ਕਬੀਰ ਜੀ ਨੂੰ ਉਹ ਆਪਣੇ ਆਸ਼ਰਮ ਵਿਚ ਲੈ ਗਏ ਤੇ ਆਪਣਾ ਸਿ਼ਸ਼ ਬਣਾ ਲਿਆ ਕੁਝ ਹਿੰਦੂ ਚੇਲਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਮੁਸਲਿਮ ਕਬੀਰ ਨੂੰ ਆਸ਼ਰਮ ਵਿਚ ਕਿਉਂ ਲਿਆਂਦਾ ਗਿਆ ਹੈ ਉਹ ਆਸ਼ਰਮ ਛੱਡ ਕੇ ਚਲੇ ਗਏ । ਕਿਹਾ ਜਾਂਦਾ ਹੈ ਕਿ ਸੰਤ ਕਬੀਰ ਜੀ ਬਚਪਨ ਵਿਚ ਹੀ ਰੱਬ ਦੀ ਉਸਤਤ ਵਿਚ ਸ਼ਬਦ ਉਚਾਰਣ ਲੱਗ ਗਏ ਸਨ ਅਤੇ ਲੋਕ ਇਹ ਸੁਣਕੇ ਹੈਰਾਨ ਹੁੰਦੇ ਸਨ ਅਤੇ ਜਦੋਂ ਉਹ ਆਪਣੇ ਸਾਥੀਆਂ ਨਾਲ ਖੇਲਦੇ ਸਨ ਤਾਂ ਰਾਮ (ਵਾਹੇਗੁਰੂ ) ਦਾ ਨਾਂ ਲੈਦੇ ਰਹਿਂਦੇ ਸਨ ਇਸ ਗੱਲ ਤੋਂ ਮੁਸਲਿਮ ਅਤੇ ਹਿੰਦੂ ਬੱਚੇ ਦੋਨੋ ਹੀ ਖਫਾ਼ ਸਨ ਮੁਸਲਿਮ ਬੱਚਿਆ ਦਾ ਕਹਿਣਾ ਸੀ ਕਿ ਕਬੀਰ ਮੁਸਲਿਮ ਹੋਕੇ ਰਾਮ ਦਾ ਨਾਂ ਲੈਂਦਾ ਹੈ ਉਹ ਕਾਫਿ਼ਰ ਹੈ, ਅਤੇ ਬ੍ਰਾਹਮਣ ਕਹਿੰਦੇ ਸਨ ਕਿ ਇਹ ਮੁਸਲਿਮ ਹੋਕੇ ਰਾਮ ਦਾ ਨਾਂ ਲੈਂਦਾ ਹੈ ਇਸਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ । ਜਦੋਂ ਸੁਨੱਤ ਕਰਨ ਦਾ ਸਮਾਂ ਆਇਆ ਤਾਂ ਕਾਜ਼ੀ ਨੇ ਕਿਹਾ ਕਿ ਮੁਸਲਿਮ ਹੋਣ ਦੇ ਨਾਤੇ ਸੁਨੱਤ ਕਰਾਉਣੀ ਜਰੂਰੀ ਹੈ ਪਰ ਸੰਤ ਕਬੀਰ ਜੀ ਨੇ ਸਮਝਾਇਆ ਕੇ ਹੇ ਕਾਜ਼ੀ ਬੰਦਾ ਤਾਂ ਸੱੁਨਤ ਕਰਾਕੇ ਮੁਸਲਮਾਨ ਬਣ ਜਾਂਦਾ ਹੈ ਪਰ ਔੌਰਤ ਤਾ ਸੁੱਨਤ ਨਹੀਂ ਕਰਾਉਂਦੀ ਉਹ ਤਾਂ ਫੇਰ ਹਿੰਦੂ ਹੀ ਰਹਿ ਜਾਂਦੀ ਹੈ ਅਤੇ ਸੰਤ ਕਬੀਰ ਜੀ ਨੇ ਹਿੰਦੂਆਂ ਦੇ ਜਨੇਉ ਪਾਉਣ ਦੀ ਵੀ ਗੱਲ ਕੀਤੀ ਸੀ ਕਿ ਔੌਰਤ ਤਾਂ ਜਨੇਉ ਨਹੀਂ ਪਾਉਂਦੀ। ਇਸਦਾ ਸਾਨੂੰ ਉਨ੍ਹਾਂ ਦੇ ਸ਼ਲੋਕਾਂ ਤੋਂ ਸਾਨੂੰ ਪਤਾ ਲਗਦਾ ਹੈ ।
ਆਸਾ॥ ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ।
ਦਿਲ ਮਹਿ ਸੋਚਿ ਵਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥1 ॥
ਕਾਜੀ ਤੈ ਕਵਨ ਕਤੇਬ ਬਖਾਨੀ॥ ਪੜ੍ਹਤ ਗੁਨਤ ਐਸੇ ਸਭ ਮਾਰੇ
ਕਿਨਹੂੰ ਖਬਰਿ ਨਾ ਜਾਨੀ ॥1 ॥ਰਹਾਉ ॥ਸਕਤਿ ਸਨੇਹੁ ਕਰਿ ਸੁੰਨਤਿ
ਕਰੀਐ ਮੈ ਨ ਬਦਉਗਾ ਭਾਈ। ਜਉ ਰੇ ਖੁਦਾਇ ਮੁਹਿ
ਤੁਰਕੁ ਕਰੈਗਾ ਆਪਨ ਹੀ ਕਟ ਜਾਈ ॥2॥ ਸੁੰਨਤਿ ਕੀਏ ਤੁਰਕੁ
ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ
ਛੋਡੈ ਤਾ ਤੇ ਹਿੰਦੂ ਹੀ ਰਹੀਅੇ ॥3॥ ਛਾਡਿ ਕਤੇਬ ਰਾਮ ਭਜੁ ਬਉਰੇ
ਜੁਲਮ ਕਰਤ ਹੈ ਭਾਰੀ ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੈ
ਪਹਿਚਾਰੀ ॥4 ॥ 8॥
ਬੇਸ਼ੱਕ ਸੰਤ ਕਬੀਰ ਜੀ ਨੇ ਵਿਦਿਆ ਪ੍ਰਾਪਤ ਕਰਨ ਦਾ ਕੋਈ ਸੰਸਥਾਗਤ ਮੌਕਾ ਹਾਸਲ ਨਹੀਂ ਕੀਤਾ ਪਰ ਫੇਰ ਵੀ ਉੱਚੇ ਆਦਰਸ਼ਾ ਤੇ ਸਾਹਿਤਕ ਮਿਆਰਾਂ ਵਾ਼ਲੀ ਬਾਣੀ ਰਚ ਗਏ ਉਹ ਆਪ ਲਿਖਦੇ ਹਨ ਕਿ
ਮਸਿ ਕਾਗਦ ਛੂਆ ਨਹੀਂ, ਕਲਮ ਗਹੀ ਨਹੀਂ ਹਾਥ॥?
ਚਾਰਿਉ ਜੁਗ ਕੋ ਮਹਾਤਮ, ਮੁਖਹਿ ਜਨਾਈ ਬਾਤ
ਬੋਲੀ ਹਮਰੀ ਪੂਰਬ ਕੀ ਹਮੇਂ ਲਖੇ ਨਹਿਂ ਕੋਯ।
ਹਮਕੋ ਤੋ ਸਾਈ ਲਖੈ, ਧੁਰ ਪੂਰਬ ਕਾ ਹੋਯ॥
ਸੰਤ ਕਬੀਰ ਜੀ ਦੀ ਬੋਲੀ ਅੱਜ ਦੀ ਟਕਸਾਲੀ ਬੋਲੀ ਨਹੀਂ ਹੈ ਪਰ ਉਹ ਪੰਜਾਬੀ ਹੈ ਜਿਹੜੀ ਛੇ ਸੋ ਸਾਲ ਪਹਿਲਾਂ ਸਾਧੂ ਸੰਤਾਂ ਦੀਆਂ ਮਹਿਫਿਲਾਂ ਜਾਂ ਮਜਲਸਾਂ ਵਿਚ ਬੋਲੀ ਜਾਂਦੀ ਸੀ ਭਗਤ ਕਬੀਰ ਜੀ ਦੀ ਬੋਲੀ ਵਿਚ ਭੋਜਪੁਰੀ, ਅਵਧੀ, ਬ੍ਰਿਜ , ਮਾਰਵਾੜੀ, ਅਰਬੀ ਫਾਰਸੀ ਅਤੇ ਪੰਜਾਬੀ ਦਾ ਸਮਿਸ਼ਰਣ ਹੈ। ਭਗਤ ਕਬੀਰ ਜੀ ਨਿਰਗੁਣ ਬ੍ਰਹਮ ਨੂੰ ਮੰਨਦੇ ਸਨ ਅਤੇ ਹਮੇਸ਼ਾਂ ਨਾਮ ਸਿਮਰਣ ਤੇ ਜ਼ੋਰ ਦਿੰਦੇ ਸਨ । ਉਹ ਕਹਿੰਦੇ ਸਨ ਕਿ ਪਰਮਾਤਮਾਂ ਇਕ ਹੈ ਤੇ ਸਾਰੇ ਜੀਵ ਉਸਦੇ ਬਣਾਏ ਹੋਏ ਹਨ ਤੇ ਪਰਮਾਤਮਾਂ ਦਾ ਸਭ ਵਿਚ ਵਾਸ ਹੈ ।
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨ ਹਾਰੈ।
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ।
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆਂ ਸਭੁ ਕਛੁ ਹੋਈ
ਹੁਕਮ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ।
ਅਲਹੁ ਨ ਜਾਈ ਲਖਿਆ ਗੁਿਰ ਗੁੜੁ ਦੀਨਾ ਮੀਠਾ।
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਡੀਠਾ।
ਸੰਤ ਕਬੀਰ ਜੀ ਸਾਧੂ ਸੰਤਾਂ ਦੀ ਸਗੰਤ ਕਰਕੇ ਰੁਹਾਨੀਅਤ ਬਾਰੇ ਵਿਚਾਰ ਵਿਮਰਸ਼ ਕਰਦੇ ਰਹਿੰਦੇ ਸਨ ਤੇ ਉਨ੍ਹਾਂ ਦੇ ਵਿਚਾਰਾਂ ਵਿਚ ਸ਼ੱੁਧੀ ਹੋਈ। ਹਿੰਦੂ ਮਤ,ਨਾਥ ਯੋਗੀਆਂ ਦੀ ਸਿੱਿਖਆ,ਅਤੇ ਇਸਲਾਮ ਦਾ ਉਨ੍ਹਾਂ ਤੇ ਪਰਭਾਵ ਪਿਆ ਜਿਹੜੀ ਉਨ੍ਹਾਂ ਦੀ ਬਾਣੀ ਤੋਂ ਝਲਕ ਪੈਂਦੀ ਹੈ ਪਰ ਅਧਿਆਤਮਕ ਤੇ ਰਹੱਸਵਾਦੀ ਵਿਕਾਸ ਹੋਣ ਤੋਂ ਬਾਅਦ ਉਹ ਹਿੰਦੂ ਮੱਤ ਅਤੇ ਇਸਲਾਮ ਦੋਹਾਂ ਤੋਂ ਉੱਚੇ ਉੱਠਣ ਵਿਚ ਕਾਮਯਾਬ ਹੋ ਗਏ ਸਨ ।ਕਿਉਂਕਿ ਹਿੰਦੂ ਅਤੇ ਇਸਲਾਮ ਮੱਤ ਵਿਚ ਬਹੁਤ ਸਾਰੀਆਂ ਕੁਰੀਤੀਆਂ ਆ ਗਈਆਂ ਸਨ ਅਤੇ ਉਹ ਵਿਸ਼ੇ ਵਿਕਾਰਾਂ ਵਿਚ ਫਸ ਕੇ ਰੱਬ ਤੋਂ ਦੂਰ ਚਲੇ ਗਏ ਸਨ ਇਸ ਕਰਕੇ ਭਗਤ ਕਬੀਰ ਜੀ ਨੇ ਆਪਣਾ ਵੱਖਰਾ ਰਾਹ ਚੁਣਿਆਂ। ਸਿਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਉਚਾਰਿਆ ਹੈ ਨਾ ਕੋਈ ਹਿੰਦੂ ਨਾਂ ਮੁਸਲਮਾਨ ।
ਭਗਤ ਕਬੀਰ ਜੀ ਨੇ ਵੀ ਇਹੀ ਉਚਾਰਿਆ ਹੈ
ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਉ।
ਬੁਨਿ ਬੁਨਿ ਆਪ ਆਪੁ ਪਹਿਰਵਾਉ॥ਜਹ ਨਹੀ ਆਪੁਤਹਾ ਹੋਇ ਗਾਵਉ॥
ਪੰਡਿਤ ਮੁਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥
ਉਨ੍ਹਾਂ ਨੇ ਜਾਤ ਪਾਤ, ਊਂਚ ਨੀਚ, ਬੁਤ ਪੂਜਾ, ਦਾ ਪੁਰਜ਼ੋਰ ਖੰਡਣ ਕੀਤਾ ਉਨ੍ਹਾਂ ਨੇ ਕਿਹਾ ਕਿ ਹੇ ਪੰਡਿਤ ਜੇ ਤੂੰਂ ੳੱੁਚੀ ਜਾਤ ਦਾ ਹੈਂ ਤਾਂ ਹੋਰ ਰਸਤਿਉੌਂ ਕਿਊਂ ਨਹੀ ਆਇਆ ਅਤੇ ਸਾਡੇ ਵਿਚ ਖੁਨ ਹੈ ਤਾਂ ਤੇਰੇ ਵਿਚ ਦੁੱਧ ਤਾਂ ਨਹੀ ਤੂੰ ਬਾ੍ਰਹਮਣ ਕਿਵੇਂ ਹੋਗਿਆ ਤੇ ਅਸੀਂ ਸ਼਼਼ੂਦਰ ਕਿਵੇਂ ਹੋ ਗਏ ਸਾਰੇ ਇਨਸਾਨ ਉਸ ਪਰਮ ਪਿਤਾ ਪਰਮਾਤਮਾ ਦੇ ਬਣਾਏ ਹੋਏ ਹਨ ਜਿਹੜਾ ਬੰਦਾ ਵਾਹੇਗੁਰੂ ਨੂੰ ਧਿਆਉਂਦਾ ਹੈ ਉਹੀ ਬ੍ਰਾਮਣ ਹੈ।ਇਹ ਉਨ੍ਹਾਂ ਦੀ ਉਚਾਰੀ ਹੋਈ ਬਾਣੀ ਤੋਂ ਪਤਾ ਲਗਦਾ ਹੈ ।
ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ਬ੍ਰਹਮ ਬਿੰਦ ਤੇ ਸਭ ਉਤਪਾਤੀ
॥1॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ਬਾਮਨ ਕਹਿ ਕਹਿ ਜਨਮੁ ਮੱਤ ਖੋਏ ॥1॥ ਰਹਾਉ॥
ਜੋ ਤੂੰ ਬ੍ਰਾਹਮਣ ਬਾ੍ਰਹਮਣੀ ਜਾਇਆ ॥ ਤਉੁ ਆਨ ਬਾਟ ਕਾਹੇ ਨਹੀ ਆਇਆ ॥2॥
ਤੁਮ ਕਤ ਬ੍ਰਾਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ ॥3॥
ਕਹੁ ਕਬੀਰ ਜੋ ਬ੍ਰਹਮ ਬੀਚਾਰੈ॥ ਸੋ ਬਰਾਹਮਣ ਕਹੀਅਤੁ ਹਮਾਰੈ ॥4॥7॥
ਬੁਤ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।
ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤਿ ਦੁਹੁ ਨਾ ਪਾਈ।
ਮਨ ਰੇ ਸੰਸਾਰ ਅੰਧ ਗਹੇਰਾ॥ਚਹੁ ਦਿਸ ਪਸਰਿਉ ਹੈ ਜਮ ਜੇਵਰਾ॥
ਕਬਿਤ ਪੜੇ ਪੜਿ ਮੂਏ ਕਪੜ ਕੇਦਾਰੈ ਜਾਈ।
ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਇਹਨ ਨਾ ਪਾਈ
—- ਜੋ ਪਾਥਰ ਕਉ ਕਹਿਤੇ ਦੇਵ। ਤਾਕੀ ਬਿਰਥਾ ਹੋਵੇ ਸੇਵ ।
ਜੋ ਪਾਥਰ ਪਾਣੀ ਪਾਏ ।ਤਿਸ ਕੀ ਘਾਲ ਅਜਾਂਈ ਜਾਏ।
ਦੂਜੇ ਸੰਤਾਂ ਮਹਾਤਮਾ ਦੀ ਤਰ੍ਹਾਂ ਸੰਤ ਕਬੀਰ ਜੀ ਨੂੰ ਵੀ ਤਸੀਹੇ ਦਿੱਤੇ ਗਏ ਸਨ ਉਨ੍ਹਾਂ ਦੀ ਪ੍ਰਤਿਭਾ ਦੀ ਚਰਚਾ ਸਾਰੇ ਪਾਸੇ ਹੋਣ ਲੱਗੀ ਤਾਂ ਹਿੰਦੂ ਅਤੇ ਮੁਸਲਮਾਨ ਦੋਨੋ ਉਨ੍ਹਾਂ ਦੇ ਦਾਅਵੇਦਾਰ ਬਣ ਗਏ ਪਰ ਜਦੋਂ ਸੰਤ ਕਬੀਰ ਜੀ ਨੇ ਦੋਨਾ ਦੀ ਕਟੱੜ ਅਲੋਚਨਾ ਕੀਤੀ ਤਾਂ ਉਨ੍ਹਾ ਦੇ ਦੁਸ਼ਮਨ ਬਣ ਗਏ ਅਤੇ ਉਸ ਵੇਲੇ ਦੇ ਹਾਕਮ ਸਿਕੰਦਰ ਲੌਧੀ ਕੋਲ ਸਿ਼ਕਾਇਤ ਲਗਾ ਦਿੱਤੀ ਭਗਤ ਕਬੀਰ ਜੀ ਨੂੰ ਪਕੜ ਲਿਆ ਗਿਆ ਅਤੇ ਗੰਗਾ ਵਿਚ ਡਬੋਇਆ ਗਿਆ ਪਰ ਉਹ ਬਚ ਗਏ ਅਤੇ ਕਈ ਤਰ੍ਹਾਂ ਦੇ ਤਸੀਹੇ ਦੇਕੇ ਸ਼ਰਾਬੀ ਹਾਂਥੀ ਦੇ ਅੱਗੇ ਸੁਟਿਆ ਗਿਆ ਪਰ ਭਗਤ ਕਬੀਰ ਜੀ ਨੁੰ ਤੱਕ ਕੇ ਹਾਥੀ ਪਿੱਛੇ ਹਟ ਗਿਆ ਤੇ ਭਗਤ ਕਬੀਰ ਜੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਬਚ ਗਏ । ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਨੀਆਂ ਮਰਜੀ ਪੌਥੀਆਂ ਪੜ੍ਹ ਲਉ ਪੰਡਤ ਨਹੀਂ ਬਣ ਸਕਦੇ ਪ੍ਰਭੂ ਨੂੰ ਪ੍ਰੇਮ ਨਾਲ ਹੀ ਪਾਇਆ ਜਾ ਸਕਦਾ ਹੈ ਉਹ ਕਹਿੰਦੇ ਹਨ,
ਪੋਥੀ ਪੜਿ ਪੜਿ ਜਗ ਮੁਆ ਪੰਿਡਤ ਭਯਾ ਨਾ ਕੋਇ ॥
ਢਾਈ ਅਕਸ਼ਰ ਪ੍ਰੇਮ ਕੇ ਪੜ੍ਹਿ ਸੋ ਪੰਡਿਤ ਹੋਇ॥
ਭਗਤ ਕਬੀਰ ਜੀ ਨੇ ਆਤਮਾ ਅਤੇ ਪਰਮਾਤਮਾ ਦੇ ਅਭੇਦ ਹੋਣ ਦੀ ਅਵਸਥਾ ਅਤੇ ਮਿਲਾਪ ਦੀ ਖੁਸ਼ੀ ਦਾ ਵੀ ਇਉਂ ਵਰਣਨ ਕੀਤਾ ਹੈ।
ਗਾਉ ਗਾਉ ਰੀ ਦੁਲਹਨੀ ਮੰਗਲਚਾਰਾ॥
ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ।
ਭਗਤ ਕਬੀਰ ਜੀ ਦੀ ਬਾਣੀ ਵਿਚ ਤਿੱਖਾਪਣ ਅਤੇ ਵਿਅੰਗ ਵੀ ਹੈ ਉਨ੍ਹਾਂ ਦਾ ਮੰਤਵ ਸਿਰਫ ਫੋਕੇ ਕਰਮ ਕਾਂਡਾਂ,ਜਾਤ ਪਾਤ, ਬੱੁਤ ਪੂਜਕ, ਉਂਚ ਨੀਚ ਵਹਿਮਾਂ ਭਰਮਾਂ ਵਿਚ ਪਏ ਲੋਕਾਂ ਨੂੰ ਸਮਝਾਉਣ ਵਾਸਤੇ ਹੀ ਹੈ ਮਾਇਆ ਬਾਰੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਮਾਇਆ ਦਾ ਰਚੈਯਤਾ ਬ੍ਰਹਮ ਹੈ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਰਾਹੀਂ ਸੰਸਾਰ ਦੇ ਜੀਵਾਂ ਨੂੰ ਭਰਮਾ ਰੱਖਿਆ ਹੈ ਮਾਇਆ ਦੇ ਬੰਧਨਾਂ ਵਿਚ ਬੰਧ ਕੇ ਜੀਵ ਪਰਮਾਤਮਾ ਨੂੰ ਭੱੁਲਿਆ ਖੜਾ ਹੈ ਮਾਇਆ ਨੂੰ ਉਨ੍ਹਾਂ ਨੇ ਸਪਨੀ ਕਹਿਕੇ ਬਿਆਨ ਕੀਤਾ ਹੈ ਮਾਇਆ ਦੀ ਸਮੋਹਨ ਸ਼ਕਤੀ ਦਾ ਪਰਿਚੈ ਕਬੀਰ ਜੀ ਨੇ ਇਉਂ ਦਿੱਤਾ ਹੈ
ਸ੍ਰਪਨੀ ਤੇ ਉਰਿ ਨਹੀ ਬਲੀਆ
ਜਿਨਿ ਬ੍ਰਹਮਾ ਬਿਸਨ ਮਹਾਂ ਦੇਉ ਛਲਿਆ।
ਜਦੋਂ ਭਗਤ ਕਬੀਰ ਜੀ ਦਸ ਜਾਂ ਬਾਰਾਂ ਸਾਲ ਦੇ ਸਨ ਤਾਂ ਉਨ੍ਹਾਂ ਤੇ ਪਿਤਾ ਨੀਰੂ ਦੀ ਮੌਤ ਹੋ ਗਈ ਸੀ ਘਰ ਦੀ ਜਿ਼ਮੇਵਾਰੀ ਉਨ੍ਹਾਂ ਤੇ ਆ ਗਈ ਉਹ ਜੁਲਾਹੇ ਦਾ ਕੰਮ ਬੜੀ ਮੇਹਨਤ ਨਾਲ ਕਰਦੇ ਸਨ ਅਤੇ ਫੇਰ ਬਜਾਰ ਵਿਚ ਕਪੱੜਾ ਵੇਚ ਕੇ ਜਿਹੜਾ ਪੈਸਾ ਬਣਦਾ ਸੀ ਉਸ ਵਿੱਚੋਂ ਅੱਧਾ ਪੈਸਾ ਜ਼ਰੂਰਤਮੰਦਾਂ ਅਤੇ ਸਾਧੁ ਸੰਤਾਂ ਨੂੰ ਦੇਕੇ ਬਾਕੀ ਦਾ ਪੈਸਾ ਆਪਣੀ ਮਾਤਾ ਨੀਮਾ ਜੀ ਨੂੰ ਦੇ ਦਿੰਦੇ ਸਨ ਕਈ ਵਾਰੀ ਉਹ ਲੂਮ ਦਾ ਕੰਮ ਛੱਡਕੇ ਪ੍ਰਭੁ ਭਗਤੀ ਵਿਚ ਲੀਨ ਹੋ ਜਾਦੇ ਸਨ ਘਰ ਵਿਚ ਤਾਂ ਅੱਗੇ ਹੀ ਗਰੀਬੀ ਸੀ ਘਰ ਵਿਚ ਪੈਸਾ ਨਾ ਆਉਣ ਕਰਕੇ ਹੋਰ ਵੀ ਤੰਗੀ ਆ ਗਈ ਸੀ ਨੀਮਾ ਭਗਤ ਕਬੀਰ ਨੂੰ ਬਹੁਤ ਵਾਰੀ ਕੰਮ ਕਰਨ ਵਾਸਤੇ ਕਹਿੰਦੀ ਸੀ ਪਰ ਭਗਤ ਕਬੀਰ ਪਰਮਾਤਮਾ ਦੇ ਧਿਆਨ ਵਿਚ ਲੱਗੇ ਰਹਿੰਦੇ ਸਨ ਅਤੇ ਨੀਮਾ ਜੀ ਕਹਿੰਦੇ ਸਨ ਕਿ ਤਾਨਾ ਬੁਨਣਾ ਛੱਡਕੇ ਇਸਲਾਮੀ ਰੱਬ ਨਾਲੋਂ ਹਿੰਦੂਆਂ ਦੇ ਬ੍ਰਹਮ ਵਲ ਵਧੇਰੇ ਧਿਆਨ ਦਿੰਦਾ ਹੈ ਤੇ ਉਸਨੇ ਵੀ ਭਗਤ ਕਬੀਰ ਜੀ ਦੀ ਸਿ਼ਕਾਇਤ ਲਗਾਉਣ ਦੀ ਕੋਈ ਕਸਰ ਨਹੀਂ ਛੱਡੀ ਇਹ ੳਨ੍ਹਾਂ ਦੇ ਸ਼ਲੋਕ ਤੋਂ ਪਤਾ ਚਲਦਾ ਹੈ ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਸਾਡੇ ਕੁਲ ਵਿਚ ਤਾਂ ਕਿਸੇ ਨੇ ਵੀ ਰਾਮ ਦਾ ਨਾਂ ਨਹੀਂ ਲਿਆ ਕੰਮ ਕਾਰ ਛੱਡਕੇ ਰਾਮ ਦਾ ਨਾਂ ਲੈਣ ਲੱਗ ਗਿਆ ਹੈ ਇਹ ਕਬੀਰ ਜੀ ਦੇ ਸ਼ਲੋਕਾਂ ਤੋਂ ਪਤਾ ਚਲਦਾ ਹੈ
ਮੁਸਿ ਮੁਸਿ ਰੋਵੈ ਕਬੀਰ ਕੀ ਮਾਈ॥ ਏ ਬਾਲਕ ਕੈਸੲ ਜਵਿਹਿ ਰਘੁਰਾਈ॥1॥
ਤਨਨਾ ਬੁਨਨਾ ਸਭੁ ਤਜਿਉ ਹੈ ਕਬੀਰ॥
ਹਰਿ ਕਾ ਨਾਮ ਲਿਖ ਲੀਉ ਸਰੀਰ॥1॥ਰਹਾਉ
ਕਹਿਤ ਕਬੀਰ ਸੁਨਹੁ ਮੇਰੀ ਮਾਈ॥
ਹਮਰਾ ਦਿਨ ਕਾ ਦਾਤਾ ਏਕੁ ਰਘੁਰਾਈ ॥4॥2॥
ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਉ
ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਉ॥1॥
ਹਮਾਰੇ ਕੁਲ ਕਉਨੇ ਰਾਮੁ ਕਹਿਉ।ਜਬ ਕੀ ਮਾਲਾ ਲਈ ਕਪੂੱਤੇ ਤਬਤੇ ਸੁਖੁ ਨ ਭਇਉ॥1। ਰਹਾਉ॥
ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜ ਇਕ ਭਇਉ ।
ਸਾਤ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆ ਕਿਉ ਨ ਮਇਉ॥2॥
ਸਰਬ ਸੁਖਾ ਕਾ ਇਕ ਹਰਿ ਸੁੳਾਮੀ ਸੋ ਗੁਰ ਨਾਮ ਦਇਉ॥
ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ ਹਰਨਾਖਸੁ ਨਖ ਬਿਦਇਉ॥3॥
ਘਰ ਕੇ ਦੇਵ ਪਿਤਰ ਕੀ ਛੋੜੀ ਗੁਰ ਕਾ ਸਬਦੁ ਲਇਉ॥4॥ ਪੰ 856
ਰਾਸ਼ਨ ਵਾਲਾ ਦੁਕਾਨਦਾਰ ਭੀ ਰਸਾ਼ਨ ਦੇਣ ਤੋਂ ਨਾਂਹ ਕਰਨ ਲੱਗ ਗਿਆ ਸੀ ਕਿਉਂਕਿ ਉਸਦਾ ਪਹਿਲਾ ਉਧਾਰ ਨਹੀਂ ਸੀ ੳੱੁਤਾਰਿਆ ਗਿਆ ਸੀ ਤੇ ਇਕ ਵਾਰੀ ਗਰੀਬੀ ਤੋਂ ਤੰਗ ਆਕੇ ਧੱਨੇ ਭਗਤ ਵਾਂਗ ਰੱਬ ਨੂੰ ਵੀ ਕਹਿ ਦਿੰਦੇ ਹਨ ਕਿ ਹੇ ਵਾਹਿਗੁਰੂ ਭੱੁਖਿਆਂ ਵੀ ਕਦੇ ਭਗਤੀ ਹੋਈ ਹੈ ਤੂੰ ਅੰਨ ਪਾਣੀ ਭੇਜ
ੳਨ੍ਹਾਂ ਦਾਂ ਰਾਗ ਸੋਰਠਿ ਵਿਚ ਸ਼ਲੋਕ ਇਸ ਤਰ੍ਹਾਂ ਹੈ।
ਭੂਖੈ ਭਗਤਿ ਨ ਕੀਜੈ॥ਯਹ ਮਾਲਾ ਅਪਨੀ ਲੀਜੈ॥ ਹਉ ਮਾਗਉ ਸੰਤਨ ਰੈਨਾ॥
ਮੈ ਨਾਹੀ ਕਿਸੀ ਕਾ ਦੇਨਾ॥1॥ ਮਾਧੋ ਕੈਸੀ ਬਨੈ ਤੁਮ ਸੰਗੇ॥ ਆਪਿ ਨ ਦੇਹੁ ਤ ਲੇਵਉ ਮੰਗੇ॥ ਰਹਾਉ॥
ਦੁਇ ਸੇਰ ਮਾਗਉ ਚੂਨਾ॥ ਪਾਉ ਘੀਉ ਸੰਗਿ ਲੂਨਾ॥ ਅਧ ਸੇਰੁ ਮਾਂਗਉ ਦਾਲੇ॥ਮੋ ਕਉ ਦੋਨਉ ਵਖਤ ਜਿਵਾਲੇ॥2॥ ਖਾਟ ਮਾਂਗਉ ਚਉਪਾਈ॥ ਸਿਰਹਾਨਾ ਅਵਰ ਤਲਾਈ॥ ਉਪਰ ਕੋਉ ਮਾਂਗਉ ਖੀਂਧਾ॥ ਤੇਰੀ ਭਗਤ ਕਰੈ ਥੀਂਦਾ॥3॥ ਮੈ ਨਾਹੀ ਕੀਤਾ ਲਬੋ॥ ਇਕ ਨਾੳ ਤੇਰਾ ਮੈ ਫਬੋ॥ ਕਹਿ ਕਬੀਰ ਮਾਨਿਆ॥ ਮਨ ਮਾਨਿਆ ਤਉ ਹਰਿ ਜਾਨਿਆ ॥4॥11॥ੁ
ਮਾਲਾ ਤੋਂ ਉਨ੍ਹਾਂ ਦਾ ਮੰਤਵ ਭਜਨ ਸਿਮਰਣ ਤੋਂ ਸੀ ਮਾਲਾ ਦੇ ਤਾਂ ਉਹ ਖਿਲਾਫ ਸਨ ਜਿਹੜਾ ਉਨ੍ਹਾਂ ਦੇ ਸਲੋਕ ਤੋਂ ਪਤਾ ਚਲਦਾ ਹੈ ਕਹਿੰਦੇ ਹਨ “ਕਰਕਾ ਮਨਕਾ ਛੋੜਿ ਕੇ ਮਨ ਕਾ ਮਨ ਕਾ ਫੇਰ” ਕਹਿੰਦੇ ਹਨ ਹੱਥ ਵਾਲੀ ਮਾਲਾ ਛਡ ਕੇ ਮਨ ਦੀ ਮਾਲਾ ਫੇਰ ਮਨ ਨੂੰ ਕਾਬੂ ਕਰ। ਉਹ ਕੇਵਲ ਆਪਣੇ ਲਈ ਭੋਜਨ ਨਹੀਂ ਮੰਗਦੇ ਉਹ ਕਹਿੰਦੇ ਹਨ ਕਿ ਮੇਰੇ ਦਰ ਤੇ ਆਇਆ ਸਾਧੂ ਸੰਤ ਵੀ ਭੁੱਖਾ ਨਾ ਜਾਵੇ
ਸਾਈਂ ਇਤਨਾ ਦੀਜੀਐ,ਜਾ ਮੇਂ ਕੁਟੰਬ ਸਮਾਇ।
ਮੈਂ ਭੀ ਭੂਖਾ ਨਾ ਰਹੂੰ,ਸਾਧੂ ਨਾ ਭੂਖਾ ਜਾਇ।
ਆਪ ਕਹਿੰਦੇ ਹਨ ਕਿ ਸਾਰੇ ਜੀਵ ਉਸ ਪਰਮ ਪਿਤਾ ਪਰਮਾਤਮਾ ਦੀ ਸਿਰਜਨਾ ਹਨ ਅਤੇ ਇਕ ਨੂਰ ਤੋਂ ਉਪਜੇ ਹਨ ਪਰਮਾਤਮਾਂ ਸਭ ਵਿਚ ਵਸਦਾ ਹੈ ਉਨ੍ਹਾਂ ਨੇ ਪ੍ਰਭਾਤੀ ਰਾਗ ਵਿਚ ਸ਼ਬਦ ਉਚਾਰਿਆ ਹੈ
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਦੇ ਸਭ ਬੰਦੇ ।
ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੌਣ ਮੰਦੇ।
ਲੋਕਾ ਭਰਮਿ ਨ ਭੁਲਹੂ ਭਾਈ ।
ਖਾਲਿਕ ਖਲਕ ਲਖਕ ਮਹਿ ਖਾਲਿਕੁ ਪੂਰਿ ਰਹਿਉਸ੍ਰਬ ਠਾਂਈ।
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨ ਹਾਰੈ।
ਨਾ ਕਛੁ ਪੋਚ ਮਾਟੀ ਕੇ ਭਾਂਡੇ ਨ ਕਛੁ ਪੋਚ ਕੁਭਾਰੈ
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ।
ਸੰਤ ਕਬੀਰ ਜੀ ਆਪਣੀ ਬਾਣੀ ਵਿਚ ਕਹਿੰਦੇ ਹਨ ਕਿ ਹਾਜੀ ਹੱਜ ਬਹੁਤ ਵਾਰੀ ਕਰਨ ਗਿਆ ਤਾਂ ਖੁਦਾ ਖੁਸ਼ ਹੋਣ ਦੀ ਬਜਾਏ ਨਰਾਜ਼ ਹੋ ਗਿਆ ਉਹ ਦਿਦਾਰ ਨਹੀਂ ਦਿੰਦਾ ਤੇ ਹਾਜੀ ਖ਼ੁਦਾ ਦੀਆਂ ਨਜ਼ਰਾਂ ਵਿਚ ਇਸ ਲਈ ਗਨਾਹਗਾਰ ਹੈ ਕਿਉਂਕਿ ਉਹ ਖ਼ੁਦਾ ਦੇ ਨਾਂ ਤੇ ਗਾਂ ਦੀ ਕੁਰਬਾਨੀ ਦੇਕੇ ਰਲ ਮਿਲ ਕੇ ਖਾ ਲੈਂਦਾ ਹੈ ਤੇ ਸੋਚਦਾ ਹੈ ਖ਼ੁਦਾ ਉਸਦੇ ਗੁਨਾਹ ਬਕਸ਼ ਦੇਵੇਗਾ ਇਹ ਉਸਦਾ ਭੁਲੇਖਾ ਹੈ ਕਿਉਂੁਕਿ ਸਾਰੀ ਕਾਇਨਾਤ ਹੀ ਉਸ ਖ਼ੁਦਾ ਦੀ ਬਨਾਈ ਹੋਈ ਹੈ ਉਹ ਤਾ ਸਭ ਨੂੰ ਪਿਆਰ ਕਰਨਾ ਸਿਖਾਉਂਦਾ ਹੈ ਨਾ ਕਿ ਹਲਾਲ ਜਾਂ ਝਟਕਾ ਕਰਨਾ। ਜਾਨਵਰਾਂ ਨੂੰ ਮਾਰਨਾ ਪਾਪ ਹੈ ।
ਕਬੀਰ ਹਜ ਕਾਬੈ ਜਾਇਥਾ, ਆਗੇ ਮਿਲਿਆ ਖੁਦਾਇ॥
ਸਾਂਈ ਮੁਝ ਸਿਉ ਲਰਿ ਪਰਿਆ ਤੂਝਿ ਕਿਨ੍ਰਿ ਫੁਰਮਾਈ ਗਾਇ॥197॥
ਕਬੀਰ ਹਜ ਕਾਬੇ ਹੋਇ ਹੋਇ ਗਇਆ,ਕੇਤੀ ਬਾਰ ਕਬੀਰ॥
ਸਾਂਈ ਮੁਜ ਮਹਿ ਕਿਆ ਖਤਾ,ਮੁਖਹੁ ਨ ਬੋਲੈ ਪੀਰ॥198॥
ਕਬੀਰ ਜੀਅ ਜੁ ਮਾਰਿਹ ਜੋਰੁ ਕਰਿ,ਕਹਤੇ ਹਹਿ ਜੁ ਹਲਾਲ ॥
ਦਫਤਰ ਦਈ ਜਬ ਕਾਢਿ ਹੈ, ਹੋਇਗਾ ਕਉਨੁ ਹਵਾਲੁ॥199॥
ਕਬੀਰ ਜੋਰੁ ਕੀਆ ਸੋ ਜਲਮੁ ਹੈ,ਲੇਇ ਜਵਾਬ ਖੁਦਾਇ
ਦਫਤਰ ਲੇਖਾ ਨੀਕਸੇ,ਮਾਰ ਮੁਹੈ ਮੁਹਿ ਖਾਇ॥200॥
ਕਬੀਰ ਲੇਖਾ ਦੇਨਾ ਸੁਹੇਲਾ, ਜਉ ਦਿਲ ਸੂਚੀ ਹੋਇ॥
ਉਸੁ ਸਾਚੇ ਦੀਬਾਨ ਮਹਿ,ਪਲਾ ਨਾ ਪਕਰੈ ਕੋਇ॥201॥
ਹੋਰਾਂ ਸੰਤਾਂ ਅਤੇ ਭਗਤਾਂ ਦੀ ਤਰ੍ਹਾਂ ਭਗਤ ਕਬੀਰ ਜੀ ਨਾਲ ਭੀ ਕਈ ਚਮਤਕਾਰੀ ਗਲਾਂ ਜੁੜੀਆਂ ਹੋਈਆਂ ਹਨ
ਇਕ ਵਾਰੀ ਦੀ ਗੱਲ ਭਗਤ ਕਬੀਰ ਜੀ ਕੋਲ ਭਗਵਾਨ ਭਗਤ ਕਬੀਰ ਦੀ ਪਰੀਖਿਆਂ ਲੈਣ ਵਾਸਤੇ ਇਕ ਫਕੀਰ ਦੇ ਰੂਪ ਵਿਚ ਆਏ ਤੇ ਕਹਿਣ ਲੱਗੇ ਕਬੀਰ ਤੇਰਾ ਬੜਾ ਨਾਂ ਸੁਣਕੇ ਇੱਥੇ ਆਇਆ ਹਾਂ ਤਨ ਤੇ ਕੱਪੜੇ ਨਹੀਂ ਹਨ ਦੇਹ ਤਨ ਢਕਣ ਨੂੰ ਕਪੱੜਾ ਤੇਰੀ ਬੜੀ ਕਿਰਪਾ ਹੋਵੇਗੀ ਉਸ ਵਕਤ ਭਗਤ ਕਬੀਰ ਦੇ ਚਾਦਰ ਉੜੀ੍ਹ ਹੋਈ ਸੀ ਤੇ ਉਸਨੇ ਅੱਧੀ ਚਾਦਰ ਪਾੜਕੇ ਉਸ ਫਕੀਰ ਨੂੰ ਦੇ ਦਿੱਤੀ ਤੇ ਫਕੀਰ ਫੇਰ ਵੀ ਅੱਧਨੰਗਾ ਰਿਹਾ ਤੇ ਕਬੀਰ ਵੱਲ ਝਾਕਣ ਲੱਗ ਗਿਆ ਭਗਤ ਕਬੀਰ ਨੇ ਚਾਦਰ ਦਾ ਦੂਜਾ ਹਿੱਸਾ ਵੀ ਫਕੀਰ ਨੂੰ ਸੌਂਪ ਦਿੱਤਾ ਕਪੱੜਾ ਲੈਕੇ ਫਕੀਰ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ ਭਗਤ ਕਬੀਰ ਨੰਗਾ ਹੋਣ ਕਰਕੇ ਲੁਕਦਾ ਫਿਰਦਾ ਸੀ ਅਤੇ ਘਰ ਵੀ ਨਹੀਂ ਸੀ ਜਾ ਸਕਦਾ ਸਾਰਾ ਪਰਿਵਾਰ ਪਰੇਸ਼ਾਨ ਸੀ ਕਿ ਭਗਤ ਕਬੀਰ ਕਿੱਧਰ ਚਲਾ ਗਿਆ ਘਰ ਵਿਚ ਰਾਸ਼ਨ ਪਾਣੀ ਵੀ ਮੁੱਕ ਗਿਆ ਸੀ ਭੁਖ ਦੀ ਨੌਬਤ ਆ ਗਈ ਪ੍ਰਭੂ ਭਗਤ ਦਾ ਦੁਖ ਦੇਖਕੇ ਪਸੀਜ ਗਿਆ ਤੇ ਵਨਜਾਰਾ ਬਣਕੇ ਆਇਆ ਤੇ ਘਰ ਰਾਸ਼ਣ ਨਾਲ ਭਰ ਦਿੱਤਾ ਕੂਝ ਚਿਰ ਬਾਅਦ ਜਦੋਂ ਕਬੀਰ ਘਰ ਆਇਆ ਤਾਂ ਇੰਨਾ ਰਾਸ਼ਨ ਤੱਕ ਕੇ ਹੈਰਾਨ ਹੀ ਰਹਿ ਗਿਆ ਕਬੀਰ ਸਮਝ ਗਿਆ ਕਿ ਇਹ ਸਭ ਪ੍ਰਭੂ ਦੀ ਕਿਰਪਾ ਨਾਲ ਹੋਇਆ ਹੈ ਪ੍ਰਭੂ ਮੇਰਾ ਇੰਨਾ ਖਿ਼ਆਲ ਰੱਖਦਾ ਹੈ ਮੈਂ ਉਸਦਾ ਕਰਜ ਕਿਵੇਂ ਉਤਾਰਾਂਗਾ ਤੇ ਉਹ ਪ੍ਰਭੂ ਦੇ ਸ਼ੁਕਰਾਨੇ ਨਾਲ ਭਰ ਗਿਆ ਉਸਨੇ ਸੋਚਿਆ ਇਹ ਮੁਫ਼ਤ ਦਾ ਮਾਲ ਖਾਣਾ ਹਰਾਮ ਹੈ ਇਹ ਰਾਸ਼ਨ ਉਹ ਘਰ ਨਹੀਂ ਰੱਖ ਸਕਦਾ ਬਰਕਤ ਤਾਂ ਹੱਥ ਦੀ ਕਮਾਈ ਵਿਚ ਹੀ ਹੁੰਦੀ ਹੈ ਉਸਨੇ ਪੰਡਤਾਂ ਨੂੰ ਘਰ ਸੱਿਦਆ ਤੇ ਰੱਜ ਕੇ ਭੋਜਨ ਕਰਾਇਆ ਅਤੇ ਕੱਪੜੇ ਆਦਿ ਵੰਡੇ ਅੰਦਰੋਂ ਲੋਕ ਜਲਦੇ ਸਨ ਪਰ ਉਪਰੋਂ ਉਹ ਭਗਤ ਕਬੀਰ ਦੀ ਪ੍ਰਸੰ਼ਸਾ ਕਰਦੇ ਹੋਏ ਚਲੇ ਗਏ । ਪਰ ਸੰਤ ਵਡਿਆਈ ਤੋਂ ਦੂਰ ਭੱਜਦੇ ਹਨ ਭਗਤ ਕਬੀਰ ਜੀ ਨੇ ਵੀ ਆਪਣੀ ਨਿੰਦਿਆ ਕਰਵਾਉਣ ਵਾਸਤੇ ਇਕ ਕੌਤਕ ਰਚਿਆ ਤੇ ਇਕ ਵੇਸਵਾ ਨੂੰ ਲੈਕੇ ਤੇ ਹੱਥ ਵਿਚ ਸ਼ਰਾਬ ਦੀ ਬੋਤਲ ਪਕੜਕੇ ਬਨਾਰਸ ਦੇ ਬਜਾਰਾਂ ਵਿਚ ਫਿਰਨ ਲੱਗ ਪਏ ਲੋਕ ੳਨ੍ਹਾਂ ਨੂੰ ਦੇਖ ਕੇ ਬੁਰਾ ਭਲਾ ਕਹਿਣ ਲੱਗ ਪਏ ਰੀਵਾ ਰਿਆਸਤ ਦਾ ਰਾਜਾ ਬੀਰ ਸਿੰਘ ਬਘੇਲਾ ਇਹ ਕੁਝ ਤੱਕ ਕੇ ਹੈਰਾਨ ਹੋਇਆ ਅਤੇ ਸ਼ਰਮ ਵੀ ਆਈ ਉਹ ਮੁੰਹ ਲਕੋਂਦਾ ਫਿਰਦਾ ਸੀ ਸੋਚਦਾ ਸੀ ਕਿ ਲੋਕ ਕੀ ਕਹਿਣਗੇ ਉਹ ਤਾਂ ਸਾਧਾਂ ਦਾ ਹੀ ਪੱਖ ਪੂਰਦਾ ਸੀ ਪਰ ਕਬੀਰ ਜੀ ਨੂੰ ਇਹ ਕੀ ਹੋ ਗਿਆ ਹੈ ਰਾਜਾ ਇਹ ਵੀ ਜਾਣਦਾ ਸੀ ਕਿ ਇਸ ਵਿਚ ਜ਼ਰੂਰ ਕੋਈ ਭੇਤ ਛੁਪਿਆ ਹੋਇਆ ਹੈ ਰਾਜੇ ਨੇ ਭਗਤ ਕਬੀਰ ਜੀ ਵੱਲ ਤੱਕਿਆ ਤਾਂ ਭਗਤ ਜੀ ਮੁਸਕਰਾ ਪਏ ਤੇ ਰਾਜਾ ਸਮਝ ਗਿਆ ਕੀ ਗੱਲ ਹੈ ਸੰਤ ਵਿਡਿਆਈ ਤੋਂ ਡਰਦੇ ਹਨ ਉਹ ਲੁਕੋ ਰੱਖਣਾ ਚਾਹੁੰਦੇ ਹਨ ਤਾਂ ਜੇ ਭਗਤੀ ਵਿਚ ਵਿਘਨ ਨਾ ਪਵੇ । ਇਲ ਹੋਰ ਚਮਤਕਾਰ ਦਾ ਜਿ਼ਕਰ ਆਉਂਦਾ ਹੈ ਜਮੀਨ ਤੇ ਲੋਟੇ ਨਾਲ ਪਾਣੀ ਡੋਲ੍ਹਣ ਤੋਂ ਬਾਅਦ ਰਾਜਾ ਬੀਰ ਸਿੰਘ ਦੇਵ ਨੇ ਪੁੱਛਿਆ ਕਿ ਇਹ ਕੀ ਗੱਲ ਹੈ ਤਾਂ ਭਗਤ ਕਬੀਰ ਜੀ ਨੇ ਰਾਜੇ ਨੂੰ ਦੱਸਿਆ ਕਿ ਜਗਨਨਾਥ ਪੁਰੀ ਵਿਚ ਇਕ ਪੰਡਤ ਦੇ ਪੈਰਾਂ ਤੇ ਗਰਮ ਗਰਮ ਚੌਲ ਪੇ ਗਏ ਸਨ ਉਸਦੇ ਪੈਰਾਂ ਤੇ ਪਾਣੀ ਪਾਕੇ ਜਲਨ ਸਾਂਤ ਕੀਤੀ ਹੈ ਰਾਜੇ ਨੂੰ ਭਗਤ ਕਬੀਰ ਜੀ ਦਾ ਅਨਿਨ ਭਗਤ ਹੁੰਦੇ ਹੋਏ ਵੀ ਯਕੀਨ ਨਾ ਆਇਆ ਅਤੇ ਉਸਨੇ ਆਪਣਾ ਇਕ ਸੇਵਕ ਘੱਲ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਤਾਂ ਰਾਜੇੇ ਬੀਰ ਸਿੰਘ ਦੇਵ ਨੂੰ ਵਿਸ਼ਵਾਸ ਹੋ ਗਿਆ ਕਿ ਭਗਤ ਕਬੀਰ ਇਕ ਸੱਚਾ ਸੰਤ ਹੈ ਤੇ ਵੇਸਵਾ ਅਤੇ ਸ਼ਰਾਬ ਦੀ ਬੋਤਲ ਦਾ ਹੱਥ ਵਿਚ ਪਕੜਣਾ ਇਕ ਚੋਜ ਸੀ ਤੇ ਉਸਨੇ ਭਗਤ ਕਬੀਰ ਜੀ ਤੋਂ ਮਾ਼ਫੀ ਮੰਗਣ ਦਾ ਮਨ ਬਣਾ ਲਿਆ ਕਿਉੋਂਕਿ ਉਸਦੇ ਮਨ ਵਿਚ ਭਗਤ ਜੀ ਬਾਰੇ ਭੈੜਾ ਵਿਚਾਰ ਆਇਆ ਸੀ ਉਸਦੀ ਰਾਣੀ ਨੇ ਸਲਾਹ ਦਿੱਤੀ ਕਿ ਜਾਉ ਭਗਤ ਕਬੀਰ ਜੀ ਦੇ ਚਰਣ ਪਕੜਕੇ ਮਾਫ਼ੀ ਮੰਗ ਲਉੋ ਰਾਜੇ ਨੂੰ ਡਰ ਲਗਦਾ ਸੀ ਕਿ ਕਿਤੇ ਭਗਤ ਕਬੀਰ ਸ਼ਰਾਪ ਹੀ ਨਾ ਦੇ ਦੇਵੇ ਉਸਨੇ ਸੋਚਿਆ ਭਗਤ ਜੀ ਨੇ ਪੈਸੇ ਤਾਂ ਲੈਣੇ ਨਹੀਂਂ ਜੇ ਧਨ ਦੌਲਤ ਲੈਕੇ ਜਾਵਾਂਗਾ ਤਾਂ ਕਿਤੇ ਭਗਤ ਕਬੀਰ ਜੀ ਨਰਾਜ਼ ਹੀ ਨਾ ਹੋ ਜਾਣ ਤੇ ਰਾਜਾ ਬੀਰ ਸਿੰਘ ਨੇ ਮੋਢ੍ਹੇ ਤੇ ਕੁਹਾੜੀ ਰੱਖ ਲਈ ਤੇ ਲਕੱੜਾਂ ਦੀ ਪੰਡ ਚੁੱਕ ਕੇ ਭਗਤ ਕਬੀਰ ਜੀ ਵੱਲ ਚੱਲ ਪਿਆ ਸੰਤ ਤਾਂ ਪਿਆਰ ਦੇ ਭੱੁਖੇ ਹੁੰਦੇ ਹਨ ਉਨ੍ਹਾਂ ਨੂੰ ਧੰਨ ਦੌਲਤ ਦੀ ਜ਼ਰੂਰਤ ਨਹੀਂ ਹੁੰਦੀ ਤੇ ਰਾਜੇ ਬੀਰ ਸਿੰਘ ਨੂੰ ਦੇਖਕੇ ਦੂਰੋਂ ਹੀ ਭੱਜੇ ਆਏ ਤੇ ਰਾਜੇ ਨੂੰ ਜੱਫੀ ਵਿਚ ਲੈ ਲਿਆ ਤੇ ਰਾਜੇ ਦੇ ਪਰਿਵਾਰ ਨੇ ਭਗਤ ਕਬੀਰ ਜੀ ਦੇ ਚਰਣ ਪਕੜ ਲਏ ਅਤੇ ਰਾਜੇ ਨੇ ਕਿਹਾ ਕਿ ਸਾਡੀ ਗਲਤੀ ਮਾਫ਼ ਕਰ ਦਿਉ ਭਗਤ ਜੀ ਨੇ ਰਾਜੇ ਬੀਰ ਸਿੰਘ ਨੂੰ ਕਿਹਾ ਕਿ ਤੁਸੀਂ ਬਹੁਤ ਚੰਗਾ ਕੀਤਾ ਵੱਡਾ ਉਹ ਹੁੰਦਾ ਹੈ ਜੋ ਦੂਜਿਆਂ ਨੂੰ ਵਡਿਆਈ ਦਿੰਦਾ ਹੈ ਅਤੇ ਸੱਚ ਅਤੇ ਝੂਠ ਦਾ ਨਿਤਾਰਾ ਕਰਦਾ ਹੈ ਅਤੇ ਵੰਡ ਕੇ ਸ਼ਕਦਾ ਹੈ । ਇਹ ਸੁਣਕੇ ਬੀਰ ਸਿੰਘ ਬਹੁਤ ਖੁਸ਼ ਹੋਇਆ ਅਤੇ ਦਰਸ਼ਨ ਕਰਕੇ ਆਪਣੇ ਘਰ ਚਲਾ ਗਿਆ। ਇਕ ਵਾਰੀ ਪੰਡਤਾਂ ਨੇ ਭਗੱਤ ਕਬੀਰ ਨੂੰ ਨੀਵਾਂ ਦਖਾਉਣ ਵਾਸਤੇ ਟੰਢੋਰਾ ਪਿੱਟ ਦਿੱਤਾ ਕਿ ਭਗਤ ਕਬੀਰ ਬੜੇ ਹੀ ਦਿਆਲੂ ਹਨ ਅਤੇ ਬ੍ਰਹਮ ਭੋਜ ਕਰ ਰਹੇ ਹਨ ਸਭ ਪਾਸਿਉਂ ਸਾਧੂ ਸੰਤ ਆਉਣ ਲੱਗ ਪਏ ਭਗਤ ਕਬੀਰ ਦੇ ਪਰਿਵਾਰ ਦਾ ਗੁਜਾਰਾ ਹੀ ਬੜੀ ਮੁਸਿ਼ਕਲ ਨਾਲ ਹੁੰਦਾ ਸੀ ਉਸ ਵਿਚ ਸਾਧੂ ਸੰਤਾਂ ਨੂੰ ਭੋਜਨ ਸ਼ਕਾਉਣ ਦੀ ਹਿੰਮਤ ਕਿੱਥੇ ਸੀ ਭਗਤ ਕਬੀਰ ਜੀ ਨੂੰ ਬ੍ਰਾਹਮਣਾ ਦੀ ਸ਼ਰਾਰਤ ਦਾ ਪਤਾ ਚੱਲ ਗਿਆ ਸੀ ਘਰ ਵਿਚ ਤਾਂ ਖਾਣ ਲਈ ਦਾਣੇ ਨਹੀਂ ਸਨ ਤੇ ਉਹ ਡਰਕੇ ਜੰਗਲਾਂ ਵਿਚ ਜਾਕੇ ਲੁਕ ਗਿਆ ਤੇ ਕਈ ਦਿਨ ਘਰ ਹੀ ਨਾ ਆਇਆ ਪਰਿਵਾਰ ਦੇ ਜੀ ਪਰੇਸ਼ਾਨ ਸਨ ਕਿ ਕਬੀਰ ਕਿੱਧਰ ਚਲਾ ਗਿਆ ਪਰ ਵਾਹਿਗੁਰੂ ਨੂੰ ਭਗਤਾਂ ਦਾ ਫਿਕਰ ਹੁੰਦਾ ਹੈ ਤੇ ਰੱਬ ਨੇ ਸੋਦਾਗਰ ਦਾ ਰੂਪ ਧਾਰਕੇ ਸਮਾਨ ਦੇ ਗੱਡੇ ਭਰਕੇ ਭਗਤ ਕਬੀਰ ਦੇ ਘਰ ਵਿਚ ਲਿਆ ਕੇ ਰੱਖ ਦਿੱਤੇ ਕਈ ਦਿਨ ਬ੍ਰਾਹਮਣਾ ਨੂੰ ਭੋਜਨ ਸ਼ਕਾਇਆ ਗਿਆ ਕੱਪੜੇ ਲੱਤੇ ਅਤੇ ਭਾਡੇ ਦਿੱਤੇ ਗਏ ਇਹੋ ਜਿਹਾ ਭੋਜਨ ਤਾਂ ਕਦੇ ਬਾ੍ਰਹਮਣਾ ਨੇ ਜਿ਼ਦਗੀ ਵਿਚ ਨਹੀਂ ਸ਼ਕਿਆ ਅਤੇ ਉਹ ਭਗਤ ਕਬੀਰ ਜੀ ਦੇ ਗੁਣ ਗਾ ਰਹੇ ਸਨ ਭਗਤ ਕਬੀਰ ਜੀ ਨੇ ਇਹ ਸੋਚ ਕੇ ਕਿ ਸਾਧੂ ਸੰਤ ਚਲੇ ਗਏ ਹੋਣਗੇ ਤੇ ਉਹ ਘਰ ਆ ਗਏ ਘਰ ਆਉਣ ਤੇ ਉਸਨੂੰ ਸਾਰੀ ਗੱਲ ਦਾ ਪਤਾ ਲਗਿਆ ਤਾਂ ੳਹੁ ਕਹਿ ਉਠੇ ਕਿ ਮੇਰਾ ਵਾਹਿਗੁਰੂ ਕਿੰਨਾ ਦਿਆਲੂ ਹੈ ਉਸਨੇ ਮੇਰੀ ਲਾਜ ਰੱਖ ਲਈ ਤੇ ਮੈਂ ਹਮੇਸ਼ਾਂ ਮੇਰੇ ਪ੍ਰਭੂ ਨੂੰ ਕਸ਼ਟ ਦਿੰਦਾ ਹਾਂ । ਜਿੱਥੇ ਬ੍ਰਾਂਹਮਣਾ ਨੂੰ ਭੋਜਨ ਸ਼ਕਾਇਆ ਗਿਆ ਸੀ ੳੱੁਤੇ ਕਬੀਰ ਚੋਰਾ ਨਾਮੀ ਮੰਦਰ ਬਣਿਆ ਹੋਇਆ ਹੈ।ਸੇਠ ਧਰਮਦਾਸ ਬਹੁਤ ਹੀ ਧਨਵਾਨ ਸੀ ਇਕ ਵਾਰੀ ਆਪਣੇ ਪਰਿਵਾਰ ਨਾਲ ਗੰਗਾ ਦੇ ਕੰਢੇ ਬੈਠਾ ਸੀ ਅਤੇ ਬਹੁਤ ਸਾਰੀਆਂ ਮੂਰਤੀਆਂ ਰੱਖ ਕੇ ਹਵਨ ਕਰਵਾ ਰਿਹਾਂ ਸੀ ਭਗਤ ਕਬੀਰ ਜੀ ਉਥੇ ਆਕੇ ਕਹਿਣ ਲੱਗੇ ਇਹ ਅਧ ਸੇਰ ਅਤੇ ਪਉਏ ਦੇ ਵੱਟੇ ਕਿਉਂ ਰੱਖੇ ਹਨ ਸੇਠ ਧਰਮ ਦਾਸ ਨੂੰ ਇਹ ਗੱਲ ਚੱਗੀ ਨਹੀਂ ਲੱਗੀ ਤੇ ਉਹ ਸੋਚਣ ਲੱਗ ਗਿਆ ਕਿ ਇਹ ਸਾਧ ਮੇਰੇ ਦੇਵਤਿਆਂ ਨੂੰ ਵੱਟੇ ਦੱਸਦਾ ਹੈ ਇਸਦੀ ਅਕਲ ਨੂੰ ਕੀ ਹੋ ਗਿਆ ਹੈ ਅਤੇ ਉਹ ਭਗਤ ਕਬੀਰ ਜੀ ਨੂੰ ਬਹੁਤ ਗੁੱਸੇ ਹੋਇਆ ਅਤੇ ਭਗਤ ਕਬੀਰ ਜੀ ਹੱਸਦੇ ਰਹੇ ਤੇ ਭਗਤ ਜੀ ਨੇ ਫੇਰ ਪੱੁਛਿਆ ਕਿ ਸੇਠ ਜੀ ਇਨ੍ਹਾਂ ਦੇਵਤਿਆਂ ਨੂੰ ਗੰਗਾ ਜਲ ਨਾਲ ਇਸਨਾਨ ਕਰਾਕੇ ਧੂਫ ਬੱਤੀ ਦਿੰਨੇ ਹੋ ਕਦੇ ਇਨ੍ਹਾਂ ਨੇ ਤੁਹਾਂਡੇ ਨਾਲ ਗੱਲ ਬਾਤ ਵੀ ਕੀਤੀ ਹੈ ਇਹ ਗੱਲ ਸੁਣਕੇ ਸੇਠ ਧਰਮ ਦਾਸ ਹੋਰ ਵੀ ਗੁੱਸੇ ਹੋ ਗਿਆ ਅਤੇ ਭਗਤ ਕਬੀਰ ਜੀ ਉਥੋਂ ਚਲੇ ਗਏ ਭਗਤ ਕਬੀਰ ਜੀ ਦੀਆਂ ਇਹ ਗੱਲਾਂ ਸੇਠ ਧਰਮ ਦਾਸ ਦੇ ਕੱਨਾ ਵਿਚ ਕਈ ਦਿਨ ਗੂਂਜਦੀਆਂ ਰਹੀਆਂ ਇਕ ਦਿਨ ਭਗਤ ਕਬੀਰ ਜੀ ਨੇ ਸੇਠ ਧਰਮਦਾਸ ਨੂੰ ਉਸਦੀ ਪਤਨੀ ਆਮਨਾ ਦੇ ਸਾਹਮਨੇ ਕਿਹਾ ਕਿ ਸੇਠ ਤੂੰ ਪਾਪੀ ਹੈਂ ਪਤੀ ਪਤਨੀ ਨੂੰ ਬਹੁਤ ਗੱੁਸਾ ਆਇਆ ਭਗਤ ਕਬੀਰ ਜੀ ਦੇ ਇਹ ਕਹਿਣ ਤੇ ਕਿ ਸੇਠ ਜੀ ਹਵਨ ਦੀਆਂ ਲੱਕੜਾਂ ਤੋੜੀਆਂ ਤਾਂ ਅੰਦਰੋਂ ਕੀੜੇ ਨਿਕਲੇ ਦੋਨੋ ਪਤੀ ਪਤਨੀ ਨੂੰ ਹੁਣ ਪਤਾ ਲਗਿੱਆ ਕਿ ਭਗਤ ਜੀ ਨੇ ਉਨ੍ਹਾਂ ਨੂੰ ਪਾਪੀ ਕਿਉਂ ਕਿਹਾ ਹੈ ਉਨ੍ਹਾਂ ਨੇ ਨਜ਼ਰਾਂ ਘੁਮਾਈਆਂ ਤਾਂ ਦੇਖਿਆ ਭਗਤ ਕਬੀਰ ਜੀ ਜਾ ਚੁੱਕੇ ਸਨ ਸੇਠ ਨੂੰ ਸਮਝ ਆ ਗਈ ਸੀ ਕਿ ਭਗਤ ਕਬੀਰ ਜੀ ਪਹੁੰਚੇ ਹੋਏ ਸੰਤ ਹਨ ਉਹ ਭਗਤ ਜੀ ਦੀ ਤਲਾਸ਼ ਕਰਨ ਲੱਗ ਗਏ ਇਕ ਦਿਨ ਤਲਾਸ਼ ਖਤਮ ਹੋ ਗਈ ਤੇ ਜਦੋਂ ਕਬੀਰ ਜੀ ਆਏ ਤਾਂ ਪਤੀ ਪਤਨੀ ਉਨ੍ਹਾਂ ਦੇ ਚਰਨਾਂ ਤੇ ਢਹਿ ਪਏ ਭਗਤ ਕਬੀਰ ਜੀ ਨੇ ਦੋਨਾ ਦੇ ਸਿਰ ਤੇ ਹੱਥ ਰੱਖਿਆ ਸੇਠ ਧਰਮ ਦਾਸ ਨੇ ਆਪਣਾ ਸਾਰਾ ਧਨ ਗਰੀਬਾਂ ਵਿਚ ਵੰਡ ਦਿੱਤਾ ਅਤੇ ਫਕੀਰੀ ਲਿਬਾਸ ਵਿਚ ਗੁਰੂ ਚਰਨਾ ਵਿਚ ਨਿਵਾਸ ਕਰਨ ਲੱਗਾ ਅਤੇ ਭਗਤ ਕਬੀਰ ਜੀ ਸੇਠ ਧਰਮ ਦਾਸ ਜੀ ਦੀ ਸੇਵਾ ਭਾਵਨਾ ਨੂੰ ਦੇਖਕੇ ਭਗਤ ਕਬੀਰ ਜੀ ਨੇ ਗੱਦੀ ਉਨ੍ਹਾਂ ਨੂੰ ਦੇ ਦਿੱਤੀ ਅਤੇ ਸੇਠ ਧਰਮ ਦਾਸ ਜੀ ਨੇ ਭਗਤ ਕਬੀਰ ਜੀ ਦੀ ਬਾਣੀ ਇਕਤੱਰ ਕੀਤੀ ਅਤੇ ਕਬੀਰ ਪੰਥ ਦਾ ਮੁੱਢ ਬੱਨ੍ਹਿਆਂ । ਇਕ ਹੋਰ ਕਥਾ ਭਗਤ ਕਬੀਰ ਜੀ ਨਾਲ ਜੁੜੀ ਹੋਈ ਹੈ ਉਹ ਇਸ ਤਰ੍ਹਾਂ ਹੈ ਪੰਡਤ ਸਰਵਾਜਿਤ ਨਾਂ ਦਾ ਇਕ ਪ੍ਰਸਿਧ ਬ੍ਰਾਹਮਣ ਆਪਣੀ ਮਾਤਾ ਦੇ ਕਹਿਣ ਤੇ ਪੁਸਤਕਾਂ ਦਾ ਭਰਿਆ ਹੋਇਆ ਗੱਡਾ ਲੈਕੇ ਭਗਤ ਕਬੀਰ ਜੀ ਦੀ ਪਰਸਿਧੀ ਸੁਣਕੇ ਭਗਤ ਜੀ ਨੂੰ ਮਿਲਣ ਆਇਆ ਅਤੇ ਲਹਿਰ ਤਾਲਾ ਤਲਾਅ ਤੇ ਨੀਰੂ ਦੀ ਲੜਕੀ ਪਾਣੀ ਭਰ ਰਹੀ ਧੀ ਤੋਂ ਕਬੀਰ ਦੇ ਘਰ ਦਾ ਪਤਾ ਕੀਤਾ ਤਾਂ ਉਸਨੇ ਦਸਿਆ ਕਿ ਕਬੀਰ ਦਾ ਘਰ ਇਕ ਤੰਗ ਗਲੀ ਵਿਚ ਹੈ ਤੇ ਉਥੇ ਗੱਡਾ ਨਹੀਂ ਜਾ ਸਕਦਾ ਪੰਡਤ ਜੀ ਨੇ ਕਬੀਰ ਦੀ ਧੀ ਨੂੰ ਪਾਣੀ ਨਾਲ ਭਰਿਆ ਲੋਟਾ ਦੇਕੇ ਕਿਹਾ ਕਿ ਉਹ ਇਹ ਲੋਟਾ ਕਬੀਰ ਦੇ ਅੱਗੇ ਜਾਕੇ ਰੱਖ ਦੇਵੇ ਉਸਨੇ ਇੰਜ ਹੀ ਕੀਤਾ ਤੇ ਭਗਤ ਕਬੀਰ ਜੀ ਨੇ ਉਸ ਲੋਟੇ ਵਿਚ ਸੂਈ ਪਾਕੇ ਵਾਪਸ ਘੱਲ ਦਿੱਤਾ ਅਖਾਣ ਹੈ ਕਿ ਸਚਾਈ ਖੂਹ ਦੀ ਤਹਿ ਤੋਂ ਹੀ ਪਾਈ ਜਾ ਸਕਦੀ ਹੈ ਸੂਈ ਤੋਂ ਕਬੀਰ ਦਾ ਅਰਥ ਸੀ ਕਿ ਸੂਈ ਛੋਟੀ ਹੁੰਦੀ ਹੈ ਤੇ ਚਮਕੀਲੀ ਵੀ ਤੇ ਬਹੁਤ ਡੂੰਘੀ ਵੀ ਹੁੰਦੀ ਹੈ ਸਰਵਾਜਿਤ ਦਾ ਨਾਂ ਸੁਣਕੇ ਬ੍ਰਾਹਮਣ ਸੰਤ ਰਾਮਾਨੰਦ ਜੀ ਕੋਲ ਆਏ ਤੇ ਕਹਿਣ ਲੱਗੇ ਪੰਡਤ ਸਰਵਾਜਿਤ ਇੰਨਾ ਵੱਡਾ ਵਿਦਵਾਨ ਹੈ ਉਸਨੂੰ ਕੋਈ ਵੀ ਨਹੀਂ ਹਰਾ ਸਕਦਾ ਸੰਤ ਰਾਮਾਨੰਦ ਜੀ ਨੇ ਬ੍ਰਾਹਮਣਾ ਨੂੰ ਕਿਹਾ ਕਿ ਗਲੀ ਵਿਚ ਜਿਹੜਾ ਪਹਿਲਾ ਬੰਦਾ ਮਿਲੇ ਉਸਨੂੰ ਲੈ ਆਉ ਤੇੇ ਪਹਿਲਾ ਬੰਦਾ ਭਗਤ ਕਬੀਰ ਹੀ ਸੀ ਭਗਤ ਕਬੀਰ ਜੀ ਦੀ ਜਿੱਤ ਹੋਈ ਤੇ ਪੰਡਤ ਸਰਵਾਜਿਤ ਹਾਰ ਗਿਆ ਸੀ ਸਰਵਾਜਿਤ ਵੱਲੋਂ ਜਾਤ ਪੁੱਛਣ ਤੋਂ ਬਾਅਦ ਭਗਤ ਕਬੀਰ ਜੀ ਨੇ ਕਿਹਾ ਕਿ ਉਹ ਜੁਲਾਹਾ ਹੈ ਤੇ ਘਮੰਡੀ ਪੰਡਿਤ ਨੇ ਕਿਹਾ ਕਿ ਜੁਲਾਹਾ ਕੀ ਹੁੰਦਾ ਹੈ ਤਾਂ ਭਗਤ ਕਬੀਰ ਜੀ ਨੇ ਜਵਾਬ ਦਿੱਤਾ
ਕੋਰੀ ਕੋ ਕਾਹੂ ਮਰਮ ਨਾ ਜਾਨਾਂ, ਸਭੁ ਜਗੁ ਆਨਿ ਤਨਾਇਉ ਤਾਨਾਂ।1। ਰਹਾਉ
ਜਬ ਤੁਮ ਸੁਨਿ ਲੇ ਬੇਦ ਪੁਰਾਨਾਂ, ਤਬ ਹਮ ਇਤਨਕੁ ਪਸਰਿਉ ਤਾਨਾ॥
ਧਰਨਿ ਅਕਾਸ ਕੀ ਕਰਗਹ ਬਨਾਈ, ਚੰਦੁ ਸੁਰਜੁ ਦੁਇ ਸਾਥ ਚਲਾਈ।2।
ਪਾਈ ਜੋਰਿ ਬਾਤ ਇਕ ਕੀਨੀ, ਤਹ ਤਾਂਤੀ ਮਨੁ ਮਾਨਾਂ।
ਜੋਲਾਹੇ ਘਰ ਆਪਨਾ ਚੀਨ੍ਹਾਂ, ਘਟ ਹੀ ਰਾਮ ਪਛਾਨਾ॥3॥
ਕਹਤੁ ਕਬੀਰ ਕਰਗਹ ਤੋਰੀ,ਸੂਤੇ ਸੂਤ ਮਿਲਾਏ ਕੋਰੀ॥4॥3॥36॥ ਪੰਨਾ 484
ਸਰਵਜਿਤ ਨੇ ਹਾਰ ਮੰਨਕੇ ਕਬੀਰ ਜੀ ਤੋਂ ਮਾਫ਼ੀ ਮੰਗਦੇ ਹੋਏ ਸਿ਼ਸ਼ ਬਣਨ ਵਾਸਤੇ ਕਿਹਾ ਤਾਂ ਭਗਤ ਕਬੀਰ ਜੀ ਨੇ ਉਸਨੂੰ ਸੰਤ ਰਾਮਾਨੰਦ ਜੀ ਕੋਲ ਜਾਕੇ ਉਪਦੇਸ਼ ਲੈਣ ਵਾਸਤੇ ਕਿਹਾ ਤੇ ਸੰਤ ਰਾਮਾ ਨੰਦ ਜੀ ਨੇ ਉਸਨੂੰ ਨਾਮ ਦਾਨ ਦੇਕੇ ਆਪਣਾ ਸਿ਼ਸ ਬਣਾ ਲਿਆ। ਇਕ ਹੋਰ ਕਥਾ ਭਗਤ ਕਬੀਰ ਜੀ ਨਾਲ ਜੁੜੀ ਹੋਈ ਹੈ ਉਹ ਇਸ ਤਰ੍ਹਾਂ ਹੈ ਕਿ ਉਨ੍ਹਾਂ ਦਿਨਾ ਵਿਚ ਭ੍ਰਾਹਮਣਾ ਨੇ ਭਰਮ ਫੈਲਾਇਆ ਹੋਇਆ ਸੀ ਕਿ ਜਿਹੜਾ ਕਾਸ਼ੀ ਵਿਚ ਮਰਦਾ ਹੈ ਉਸਨੂੰ ਸਵਰਗ ਅਤੇ ਮਗਹਰ ਵਿਚ ਮਰਨ ਵਾਲਾ ਗਧੇ ਦੀ ਜੂਨ ਪੈਂਦਾ ਹੈ ਅਤੇ ਉਸਦੀ ਮੁਕਤੀ ਨਹੀਂ ਹੁੰਦੀ। ਬ੍ਰਾਹਮਣਾ ਦਾ ਇਹ ਵਹਿਮ ਭਰਮ ਕੱਢਣ ਵਾਸਤੇ ਭਗਤ ਕਬੀਰ ਜੀ ਇਹ ਸੋਚ ਕੇ ਕਿ ਮੈਂ ਦੇਖਾਂਗਾ ਮੇਰਾ ਕੀ ਵਿਗੜਦਾ ਹੈ ਅੰਤ ਸਮੇਂ ਵਿਚ ਮਗਹਰ ਆ ਗਏ ਸਨ ਅਤੇ ਵਾਹਿਗੁਰੂ ਦੀ ਭਗਤੀ ਵਿਚ ਲੀਨ ਰਹਿਣ ਲੱਗ ਗਏ ਭਗਤ ਕਬੀਰ ਜੀ 120 ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ ਅਤੇ ਪਰਮਾਤਮਾ ਵਿਚ ਲੀਨ ਹੋ ਗਏ ਉਹ ਲਿਖਦੇ ਹਨ “ਸਗਲ ਜਨਮ ਸਿਵਪੁਰੀ ਗਵਾਇਆ ਮਰਤੀ ਵਕਤ ਮਗਹਰ ਉਠਿ ਆਇਆ।” ਭਗਤ ਕਬੀਰ ਜੀ ਦੇ ਅੰਤਿਮ ਸੰਸਕਾਰ ਵਿਚ ਵੀ ਹਿੰਦੂਆਂ ਅਤੇ ਮੁਸਲਮਾਨਾ ਵਿਚ ਝਗੜਾ ਹੋ ਗਿਆ ਹਿੰਦੂ ਭਗਤ ਬੀਰ ਸਿੰਘ ਭਗੇਲਾ ਦੀ ਅਗਵਾਈ ਵਿਚ ਕਬੀਰ ਜੀ ਦੀ ਦੇਹ ਨੂੰ ਅਗਨ ਭੇਂਟ ਕਰਨਾ ਚਾਹੂੰਦੇ ਸਨ ਪਰ ਮੁਸਲਮਾਨ ਨਵਾਬ ਬਿਜਲੀ ਖਾਨ ਦੀ ਅਗਵਾਈ ਵਿਚ ਦਫਨਾਉਣਾ ਚਾਹੁੰਦੇ ਸਨ। ਸਭ ਨੂੰ ਆਪਣੇ ਆਪਣੇ ਧਰਮ ਦੀ ਫਿਕਰ ਸੀ ਭਗਤ ਕਬੀਰ ਜੀ ਦਾ ਕਿਸੇ ਨੂੰ ਵੀ ਫਿਕਰ ਨਹੀਂ ਸੀ ਫੈਸਲਾ ਕਰਨ ਵਾਸਤੇ ਢੇਰ ਸਾਰੇ ਫੁੱਲ ਲਿਆਂਦੇ ਗਏ ਅਤੇ ਭਗਤ ਕਬੀਰ ਜੀ ਨੂੰ ਫੱਲਾਂ ਉਤੇ ਰੱਖ ਕੇ ਉੱਤੇ ਚਾਦਰ ਦੇ ਦਿੱਤੀ ਗਈ ਜਦੋਂ ਚਾਦਰ ਚੁੱਕੀ ਗਈ ਤਾਂ ਕੇਵਲ ਫੁੱਲ ਹੀ ਰਹਿ ਗਏ ਸਨ । ਸੰਤ ਜੀ ਨੇ ਮਗਹਰ ਵਿਚ ਜਾਕੇ ਜਿਸ ਕੁਟਿਆ ਵਿਚ ਡੇਰਾ ਲਗਾਇਆ ਸੀ ਉਸ ਕੁਟਿਆ ਦੇ ਕੋਲ ਦੀ ਵਗਦੀ ਨਦੀ ਜਿਹੜੀ ਸੁੱਕੀ ਪਈ ਸੀ ਭਗਤ ਕਬੀਰ ਜੀ ਦੇ ਚਰਨ ਛੋਹ ਪਰਾਪਤ ਕਰਨ ਨਾਲ ਉਸ ਨਦੀ ਵਿਚ ਪਾਣੀ ਆ ਗਿਆ ਸੀ ਅਤੇ ਲਗਾਤਾਰ ਹੁਣ ਤੱਕ ਵਗ ਰਿਹਾ ਹੈ ਮਗਹਰ ਵਿਖੇ ਉਨ੍ਹਾਂ ਨੇ ਇਕ ਸ਼ਬਦ ਦੀ ਰਚਨਾ ਕੀਤੀ ਸ਼ਬਦ ਹੈ।
ਜਿਉਂ ਜਲ ਛੋਡਿ ਬਾਹਿਰ ਭਇਉ ਮੀਨਾ, ਪੁਰਬ ਜਨਮ ਹਉ ਤਪ ਕਾ ਹੀਨਾ
ਅਬ ਕਹੁ ਰਾਮ ਗਤਿ ਮੋਰੀ,ਤਜੀਲੇ ਬਨਾਰਸ ਮਤਿ ਭਈ ਥੋਰੀ॥1॥ ਰਹਾਉ।
ਸਗਲ ਜਨਮੁ ਸਿਵ ਪੁਰੀ ਗਵਾਇਆ,ਮਰਤੀ ਬਾਰ ਮਗਹਰਿ ਉਠ ਆਇਆ॥2॥
ਬਹੁਤੁ ਬਰਸ ਤਪੁ ਕੀਆ ਕਾਸੀ,ਮਰਨ ਭਇਆ ਮਗਹਰ ਕੀ ਬਾਸੀ॥3॥
ਕਾਸੀ ਮਗਹਰ ਸਮ ਬਿਚਾਰੀ, ੳਛੀ ਭਗਤਿ ਕੈਸੇ ਉਤਰਸਿ ਪਾਰੀ॥4॥
ਕਹੁ ਗੁਰ ਗਜਿ ਸਿਵ ਸਭੁ ਕੋ ਜਾਨੈ,ਮੂਆ ਕਬੀਰ ਰਮਤ ਸ੍ਰੀ ਰਾਮੈ॥5॥ ਗਉੜੀ ਪੰਨਾ 326
ਸਿਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ ਦੇ 501 ਸ਼ਲੋਕ ਹਨ ਅਤੇ ਇਹ ਸ਼ਲੋਕ ਸਾਰੇ ਭਗਤਾਂ ਤੋਂ ਪਹਿਲਾਂ ਦਰਜ ਹਨ ਕਬੀਰ ਜੀ ਦੀ ਸਿਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਬਾਣੀ ਤੋਂ ਅਲਾਵਾ ਵੀ ਬਾਣੀ ਹੈ ਜਿਵੇਂ ਬੀਜਕ, ਕਬੀਰ ਗ੍ਰੰਥਾਵਲੀ, ਕਬੀਰ ਰਚਨਾਵਲੀ, ਕਬੀਰ ਕੇ ਪਦ ਅਤੇ ਕਬੀਰ ਸੰਗ੍ਰਹਿ ਹਨ ਜਿਸ ਵਿਚ ਕਾਫੀ਼ ਹੱਦ ਤੱਕ ਪ੍ਰਮਾਣਿਕ ਬਾਣੀ ਲਿਖੀ ਗਈ ਹੈ ਕੂਝ ਵਿਦਵਾਨਾ ਨੇ ਕਬੀਰ ਜੀ 61 ਜਾ 71 ਪੁਸਤਕਾਂ ਦੀ ਸੂਚੀ ਦਿੱਤੀ ਹੈ ਜਿਹੜੀਆਂ ਸਾਰੀਆਂ ਭਗਤ ਕਬੀਰ ਦੀਆਂ ਨਹੀਂ ਹੋ ਸਕਦੀਆਂ।
ਭਗਤ ਕਬੀਰ ਜੀ ਕਹਿੰਦੇ ਹਨ ਕਿ ਜਨਮ ਤੋਂ ਕੋਈ ਅਛੂਤ ਨਹੀਂ ਹੁੰਦਾ ਕਰਮਾਂ ਤੋਂ ਅਛੂਤ ਹੋ ਸਕਦਾ ਹੈ
ਜੀਯਤ ਜੀ ਮੁਰਦਾ ਕਰੈ ਕਰਮ ਇਹ ਭਯਾ ਕਸਾਈ।
ਮਰੀ ਖਾਇ ਚਮਰਾ ਭਯਾ ਅਧਮ ਕਰਮ ਕੇ ਭਾਇ ।
ਜਿਸਨੇ ਜੀਵਤ ਜੀਆਂ ਨੂੰ ਮਾਰਿਆ ਜਾਂ ਖਾਧਾ ਉਹ ਭਾਵੇਂ ਕਿਸੇ ਜਾਤ ਦਾ ਹੋਵੇ ਉਹ ਕਸਾਈ ਅਤੇ ਚਮਾਰ ਹੋ ਗਿਆ ਕਿਉਂ ਕਿ ਕਰਮਾਂ ਦੇ ਕਾਰਨ ਹੀ ਮਨੁਖ ਉਚਾ ਨੀਵਾਂ ਬਣਦਾ ਹੈ ਜਨਮ ਤੋਂ ਕੋਈ ਵੀ ਇਨਸਾਨ ੳੱੁਚਾ ਨੀਵਾਂ ਨਹੀਂ ਹੁੰਦਾ ।ਜੀਵ ਹੱਤਿਆ,ਮਾਸ, ਨਸ਼ੇ ਅਤੇ ਪਰ ਨਾਰੀ ਦੇ ਮਾਮਲੇ ਵਿਚ ੳਨ੍ਹਾਂ ਨੇ ਬਿਲਕੁਲ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ, ਉਹ ਕਹਿੰਦੇ ਹਨ।
ਜੀਵ ਜਨਿ ਮਾਰਹੁ ਬਾਪੁਰਾ, ਸਬਕੇ ਏਕਿ ਪ੍ਰਾਨ।
ਹੱਤਿਆ ਕਬਹੁੰ ਨ ਛੂਟਿ ਹੈਂ ਕੋਟਿਨ ਸੁਨਹੁ ਪੁਰਾਨ
ਜੀਵ ਘਾਤ ਨ ਕੀਜੀਏ,ਬਹੁਰਿ ਲੇਤਵੈ ਕਾਨ
ਤੀਰਥ ਗਏ ਨ ਬਾਂਚਿ ਹੋ, ਕੋਟਿ ਹੀਰਾ ਦੇਹੁ ਦਾਨ।
ਇਸੇ ਤਰ੍ਹਾਂ ਮਾਸ ਖਾਣ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਵਾਸਤੇ ਫਰਮਾਇਆ ਹੈ
ਮਾਂਸ ਖਾਇ ਤੇ ਢੇਢ ਸਬ,ਮਦ ਪੀਵੈ ਸੋ ਨੀਚ,
ਕੁਲ ਕੀ ਦੁਰਮਤਿ ਪਰਿਹਰੈ,ਰਾਮ ਕਹੇ ਸੋ ਊਚ ?
ਮਾਸ ਮਛਲੀਆਂ ਖਾਤ ਹੈ, ਸੁਰਾਪਾਨ ਸੇ ਹੇਤ
ਤੇ ਨਰ ਨਰਕੈ ਜਾਹਿੰਗੇ,ਮਾਤਾ ਪਿਤਾ ਸਮੇਤ
ਭਗਤ ਕਬੀਰ ਜੀ ਦੇ ਇਸ ਸ਼ੋਲਕ ਦੀ ਸਮਝ ਨਹੀਂ ਆੳੋੁਦੀ ਕਿ ਕਿਵੇਂ ਕੋਈ ਮਾਤਾ ਪਿਤਾ ਸਮੇਤ ਨਰਕ ਵਿਚ ਜਾ ਸਕਦਾ ਹੈ ਬਾਣੀ ਤਾ ਕਹਿੰਦੀ ਕਿ ਸਭਨੇ ਆਪਣੇ ਆਪਣੇ ਕਰਮ ਭੁਗਤਣੇ ਹਨ
ਕਬੀਰ ਸਾਹਿਬ ਨੇ ਹਰ ਕਿਸਮ ਦੇ ਵਿਭਚਾਰ,ਵੇਸਵਾ ਗਮਨੀ ਅਤੇ ਪਰ ਨਾਰੀ ਗਮਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ
ਪਰ ਨਾਰੀ ਪੈਨੀ ਛੁਰੀ, ਮਤਿ ਕੋਈ ਲਾਵੋ ਅੰਗ
ਰਾਵਣ ਕੇ ਦਸ ਸਿਰ ਗਯੇ, ਪਰਨਾਰੀ ਕੇ ਸੰਗ।
ਪਰ ਨਾਰੀ ਰਾਤਾ ਰਹੈ,ਚੋਰੀ ਬੈਠਾ ਖਾਇ
ਦਿਵਸ ਚਾਰਿ ਸਰਸਾ ਰਹੈ,ਅੰਤ ਸਮੂਲਾ ਜਾਇ
ਪਰ ਨਾਰੀ ਸੇ ਰਾਚਨੇ, ਸੂਧੋ ਨਰਕੇ ਜਾਇ
ਜਮ ਤਿਨਕੋਛੋੜੈ ਨਹਿੰ ਕੋਟਿਨ ਕਰੇ ਉਪਾਇ
ਕਾਮੀ ਕੱੁਤਾਤੀਸ ਦਿਨ, ਅੰਤਰ ਹੋਇ ਉਦਾਸ
ਕਾਮੀ ਨਰ ਕੁੱਤਾ ਸਦਾ,ਛਬ ਰਿਤੁ ਬਾਰਹ ਮਾਸ।
ਜਹਾਂ ਕਾਮ ਤਹਾਂ ਰਾਮ ਨਹਿੰ ਰਾਮ ਤਹਾਂ ਨਹਿੰ ਕਾਮ
ਦੋਉ ਕਬਹੂੰ ਨ ਰਹੈ, ਕਾਮ ਰਾਮ ਏਕ ਠਾਮ।
ਸ਼ਰਾਧ ਬਾਰੇ ਕਬੀਰ ਜੀ ਲਿਖਦੇ ਹਨ ਕਿ ਜੀਂਦੇ ਬੰਦੇ ਨੂੰ ਕੋਈ ਪੱੁਛਦਾ ਨਹੀਂ ਮਰੇ ਹੋਏ ਬੰਦੇ ਦਾ ਸ਼ਰਾਧ ਕੀਤਾ ਜਾਂਦਾ
ਹੈ ਮਰੇ ਹੋਏ ਬੰਦੇ ਨੂੰ ਤਾਂ ਭੋਜਨ ਪਹੁੰਚਦਾ ਨਹੀਂ ਕਉਏ ਖਾ ਜਾਂਦੇ ਹਨ?
ਜੀਵਤ ਪਿਤਰ ਨ ਮਾਨੈ ਕੋਊ ਮੂਏ ਸ਼ਰਾਧ ਕਰਾਈ
ਪਿਤਰ ਭੀ ਬੁਪੁਰੇ ਕਹੁਕਿਆ ਪਾਵਹਿ ਕਊਆ ਕੂਕਰ ਖਾਹੀ
ਬੁਤ ਪੂਜਾ ਦਾ ਖੰਡਨ ਕਰਦੇ ਹੋਏ ਕਬੀਰ ਸਾਹਿਬ ਕਹਿੰਦੇ ਹਨ ਕਿ ਲੋਕ ਪੱਥਰ ਨੂੰ ਪੂਜਦੇ ਹਨ ਜੇ ਰੱਬ ਪੱਥਰ ਨੂੰ ਪੂਜਣ ਨਾਲ ਮਿਲ ਜਾਂਦਾ ਤਾਂ ਮੈਂ ਪਹਾੜ ਨੂੰ ਪੂਜਦਾ ਉਹ ਕਹਿੰਦੇ ਹਨ ਪੱਥਰ ਪੂਜਣ ਨਾਲੋਂ ਤਾਂ ਚੱਕੀ ਦੀ ਪੂਜਾ ਕਰਨੀ ਚਾਹੀਦੀ ਹੈ ਉਸ ਨਾਲ ਆਟਾ ਤਾਂ ਪਿਸਿਆ ਜਾ ਸਕਦਾ ਹੈ ਇਸ ਦਾ ਉਨ੍ਹਾਂ ਦੇ ਉਚਾਰੇ ਹੋਏ ਸ਼ਬਦ ਤੋਂ ਪਤਾ ਚਲਦਾ ਹੈ
ਪਾਥਰ ਪੂਜੇ ਹਰਿ ਮਿਲੇ ਤੋ ਮੈ ਪੂਜੰੂ ਪਹਾੜ
ਪਾਥਰ ਸੇ ਚਾਕੀ ਭਲੀ ਪੀਸ ਖਾਏ ਸੰਸਾਰ।
ਕਬੀਰ ਸਾਹਬ ਕਹਿੰਦੇ ਹਨ ਕਿ ਸੱਚ ਦੀ ਪ੍ਰਾਪਤੀ ਲਈ ਸਿਰਫ ਸੱਤ ਦਾ ਹੀ ਆਸਰਾ ਲੈਣਾ ਚਾਹੀਦਾ ਹੈ ਹੋਰ ਦਾ ਨਹੀਂ ਉਨ੍ਹਾਂ ਦੀ ਸੱਤ ਦੀ ਕੀਤੀ ਵਿਆਖਿਆ ਦੇਖਣ ਯੋਗ ਹੈ ਉਹ ਲਿਖਦੇ ਹਨ
ਸਾਂਚ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ
ਜਾਕੇ ਹ੍ਰਿਦਯ ਸਾਂਚ ਹੈ ਤਾਕੇ ਹਿਦ੍ਰਯ ਆਪ।
ਉਨ੍ਹਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਉਨ੍ਹਾਂ ਨੇ ਕੇਵਲ ਕਰਮ ਕਾਂਡ ਜਾਤ ਪਾਤ ਬੁਤ ਪੂਜਾ ਅਦਿ ਵਿਚ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਤੇ ਪਾਉਣ ਵਾਸਤੇ ਤਿੱਖੇ ਸ਼ਬਦ ਬੋਲ ਕੇ ਸਮਝਅਉਣ ਦੀ ਕੋਸਿ਼ਸ ਕੀਤੀ ਸੀ ਉਹ ਲਿਖਦੇ ਹਨ
ਕਬੀਰ ਖੜਾ ਬਜਾਰ ਮੇਂ ਸਬਕੀ ਚਾਹੇ ਖੈਰ
ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ
ਮੁਨਾਰੇ ਉੱਤੇ ਚੜ੍ਹਕੇ ਬਾਂਗ ਦੇਣ ਵਾਲੇ ਮੁੱਲਾਂ ਨੁੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਰੱਬ ਬਹਿਰਾ ਨਹੀਂ ਹੈ ਜਿਹੜਾ ਇਨੀ ਉੱਚੀ ਬਾਂਗ ਦੇ ਰਿਹਾ ਹੈਂ ਉਸਨੂੰ ਆਪਣੇ ਅੰਦਰ ਵੇਖਣ ਦੀ ਕੋਸਿ਼ਸ ਕਰ ਜੇ ਮਨ ਵਿਚ ਕਪਟ ਹੈ ਤਾਂ ਨਮਾਜ ਪੜ੍ਹਣ ਦਾ ਵੀ ਕੋਈ ਲਾਭ ਨਹੀਂ ਉਹ ਕਹਿੰਦੇ ਹਨ।
ਕਬੀਰ ਮੁੱਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ।
ਜਾ ਕਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਸੋਇ।
ਦਿਲ ਮਹਿ ਕਪਟੁ ਨਿਵਾਜ ਗੁਜਾਰੈ
ਕਿਆ ਹਜ ਕਾਬੇ ਜਾਏ।
ਇਸੇ ਤਰ੍ਹਾਂ ਨੰਗ ਮਲੰਗ ਅਤੇ ਮੋਡੇ ਸਾਧੁਆਂ ਨੂੰ ਵੀ ਬਹੁਤ ਸਮਝਾਇਆ ਹੈ ਉਹ ਕਹਿੰਦੇ ਹਨ ਕਿ ਜਟਾਵਾਂ ਰੱਖ ਰੱਖ ਜੋਗੀ ਮਰ ਗਏ ਪਰ ਰੱਬ ਨੂੰ ਨਹੀਂ ਸਮਝ ਸਕੇ ਉਹ ਫੇਰ ਕਹਿੰਦੇ ਹਨ ਕਿ ਜੇ ਨੰਗੇ ਸਾਧੁਆਂ ਨੂੰ ਰੱਬ ਮਿਲ ਜਾਦਾ ਤਾਂ ਸਭ ਤੋਂ ਪਹਿਲਾਂ ਹਿਰਨਾਂ ਨੂੰ ਮੁਕਤੀ ਮਿਲਣੀ ਸੀ ਤੇ ਜਾਂ ਫੇਰ ਭੇਡਾਂ ਤਰ ਜਾਂਦੀਆਂ ਜਿਹੜੀਆਂ ਮੁਨੀਆਂ ਜਾਂਦੀਆਂ ਹਨ
ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ
ਨਗਨ ਫਿਰਤ ਜੌ ਪਾਈਐ ਜੋਗਿ ਬਨ ਕਾ ਮਿਰਗ ਮੁਕਤਿ ਸਭ ਹੋਗ
ਮੂੰਡ ਮੁੰਡਾਏ ਜੋ ਸਿਧ ਪਾਈ ਮੁਕਤੀ ਭੇਡ ਨ ਗਈਆ ਕਾਈ।
ਧਰਮ ਵਿਚ ਸਵਰਗ ਦਾ ਲਾਲਚ ਦੇਕੇ ਅਤੇ ਨਰਕ ਦਾ ਡਰ ਵਖਾਇਆ ਜਾਂਦਾ ਸੀ ਪਰ ਭਗਤ ਕਬੀਰ ਜੀ ਨੇ ਸਵਰਗ ਨਰਕ ਬਾਰੇ ਕਿਹਾ ਹੈ।
1 ਕਹੁ ਕਬੀਰ ਇਹ ਕਹੀਐ ਕਾਹਿ ਸਾਧ ਸੰਗਤਿ ਬੈਕੁੰਠ ਆਹਿ॥(ਗਉੜੀ 4-10)
2 ਕਵਨ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ॥ਰਾਮਕਲੀ ਪੰਨਾ969
3 ਕਬੀਰ ਸੁਰਗ ਨਰਕ ਤੇ ਮੈਂ ਰਹਿੳ ਸਤਿਗੁਰ ਕੇ ਪਰਸਾਦਿ॥
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ।(120 ) ਪੰਨਾ 1370
ਭਗਤ ਕਬੀਰ ਜੀ ਦੇ ਅਤਿ ਪਰਸਿਧ ਸ਼ਬਦ ਹਨ।
—- ਗਗਨ ਦਮਾਮਾ ਬਾਜਿਉ ਪਰਿਉ ਨੀਸਾਨੇ ਘਾਉ
ਖੇਤੁ ਜੋ ਮਾਂਡਿਉ ਸੂਰਮਾ ਅਬ ਜੂਝਨ ਕੋ ਚਾਉ॥1॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤ॥
—ਲਾਲੀ ਮੇਰੇ ਲਾਲ ਕੀ ਜਿਤ ਦੇਖੋਂ ਤਿਤ ਲਾਲ।
ਲਾਲੀ ਦੇਖਨ ਮੈਂ ਗਈ ਮੈਂ ਭੀ ਹੋ ਗਈ ਲਾਲ।
—–ਜਉ ਤਉ ਪ੍ਰੇਮ ਖੇਲਣ ਕਾ ਚਾਉ,ਸਿਰ ਧਰ ਤਲੀ ਗਲੀ ਮੇਰੀ ਆਉ।
ਇਤ ਮਾਰਗਿ ਪੈਰ ਧਰੀਜੈ, ਸਿਰ ਦੀਜੈ ਕਾਨ ਨ ਕੀਜੈ।
——— ਜਾਤਿ ਨ ਪੂਛੋ ਸਾਧੂ ਕੀ ਪੂਛ ਲੀਜੀਏ ਗਿਆਨ।
ਮੋੋਲ ਕਰੋ ਤਲਵਾਰ ਕਾ ਪੜੀ ਰਹਿਣ ਦਿਉ ਮਿਆਨ ।
—— ਚਲਤੀ ਚੱਕੀ ਦੇਖਿ ਕੇ, ਦੁਇ ਪਟ ਭੀਤਰ ਆਕਿ ਸਾਬਿਤ ਗਿਆ ਨ ਕੋਇ
—– ਗੁਰੂ ਗੋਬਿੰਦ ਦੋਨੋ ਖੜੇ ਕਸਕੇ ਲਾਗੂੰ ਪਾਇ
ਬਲਿਹਾਰੀ ਗੁਰੂ ਆਪਨੇ ਜਿਨ ਗੋਬਿੰਦ ਦੀਆਂ ਬਤਾਇ।
—– ਕਹਿਣਾ ਥਾ ਸੋ ਕਹਿ ਦੀਆ ਅਬ ਕਛੁ ਕਹਾ ਨਾ ਜਾਇ
ਏਕ ਰਹਾ ਦੂਜਾ ਗਇਆ ਦਰੀਆ ਲਹਰ ਸਮਾਏ
ਪਿੰਜਰ ਪਰੇਮ ਪਰਕਾਸਿਆ ਜਾਗੀ ਜੋੱਤ ਅਨੰਤ
ਸੰਸੈ ਛੂਟਾ ਭੈ ਮਿਟਾ ਮਿਲਾ ਪਿਆਰਾ ਕੰਤ।
—- ਦੇਖੋ ਭਾਈ ਗਿਆਨ ਕੀ ਆਈ ਆਂਧੀ—
——ਦੀਨ ਦਿਆਲ ਭਰੋਸੇ ਤੇਰੇ
ਸਭ ਪਰਿਵਾਰ ਚੜਾਇਆ ਬੇੜੇ॥ਰਹਾਉ ॥—-
—— ਕਲਿ ਹੈ ਸੂਤਕੁ ਥਲ ਹੈ ਸੂਤਕੁ ਸੂਤਕੁ ੳਪਤਿ ਹੋਈ
ਜਨਮ ਸੂਤਕੁ ਮੂਏ ਫੁਨਿ ਸੂਤਕੁ ਸੂਤਕੁ ਪਰਜ ਬਿਗੋਈ॥1॥—–
——– ਰਾਜਨ ਕਉਨੁ ਤੁਮਾਰੇ ਆਵੈ ਐਸੋ ਪਿਆਰ ਬਿਦਰ ਕੋ ਦੇਖਿੳ
——- ੳਹ ਗਰੀਬ ਮੋਹਿ ਭਾਵੈ॥ਰਹਾਉ॥—–
—- ਅਬਕੀ ਬਾਰ ਬਕਸ਼ ਬੰਦੇ ਕੋ ਬਹੁਰਿ ਨ ਭਉਜਲਿ ਫੇਰਾ
—- ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥਿ
ਪਾਇ ਕੁਹਾੜਾ ਮਾਰਿਆ ਗਾਫਲਿ ਆਪੁਨੇ ਹਾਥਿ।
— ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ
ਮਰਨੇ ਹੀ ਤੇ ਪਾਈਐ ਪੂਰਨ ਪਰਮਨੰਦ।
ਕਬੀਰ ਸਾਹਿਬ ਨੂੰ ਆਮ ਤੋਰ ਤੇ ਹਿੰਦੂ ਮੁਸਲਿਮ ਏਕਤਾ ਦਾ ਪ੍ਰਤੀਕ ਮਨਿੰਆ ਜਾਂਦਾ ਹੈ ਪਰ ਉਨ੍ਹਾਂ ਨੇ ਦੋਵੇਂ ਪ੍ਰਮੱੁਖ ਧਰਮਾਂ ਵਿਚ ਮੇਲ ਵਧਾਉਦੀ ਥਾਂ ਦੋਵਾਂ ਧਰਮਾਂ ਦੇ ਬਾਹਰੀ ਆਚਾਰ –ਵਿਚਾਰ ਬੁੱਤ ਪੂਜਾ ਵਾਧੂ ਦੇ ਦਿਖਾਵੇ ਮਿਥਆ ਆਡੰਬਰਾਂ ਬਾਰੇ ਵਧੇਰੇ ਚੋਟ ਕੀਤੀ ਹੈ ੳਨ੍ਹਾਂ ਦਾ ਕਿਸੇ ਨਾਲ ਵੈਰ ਵਿਰੌਧ ਨਹੀਂ ਸੀ ਕੇਵਲ ੳਨ੍ਹਾਂ ਦਾ ਹਿੰਦੂ-ਮੁਸਲਮਾਨਾ ਨੂੰ ਸੁਚੱਜਾ ਰਾਹ ਦਰਸ਼ਾਉਣ ਦਾ ਮੰਤਵ ਸੀ । ਉਨ੍ਹਾਂ ਦੀ ਬਾਣੀ ਤੋਂ ਪਤਾ ਚਲਦਾ ਹੈ
ਸੰਤੋ ਰਾਹ ਦੁਨੋ ਹਮ ਡੀਠਾ।
ਹਿੰਦੂ- ਤੁਰਕ ਹਟਾ ਨਹਿੰ ਮਾਨੈਂ,ਸਵਾਦ ਸਬਨ੍ਹਿ ਕੋ ਮੀਠਾ।
ਹਿੰਦੂ ਬਰਤ-ਏਕਾਦਸਿ ਸਾਧੇ,ਦੂਧ-ਸਿੰਘਾਰਾ ਸੇਤੀ।
ਅੰਨ ਕੋ ਤਿਆਗੈ ਮਨ ਕੋ ਨ ਹਟਕੇਂ,ਵਾਰਨ ਕਰੇਂ ਸਗੋਤੀ।#
ਤੁਰਕ ਰੋਜਾ ਨੀਮਾਜ ਗੁਜਾਰੈ,ਬਿਸਿਮਲ ਬਾਂਗ ਪੁਕਾਰੈਂ।
ਇਨਕੀ ਭਿਸਤ ਕਹਾਂ ਤੇ ਹੋਈ ਹੈ,ਸਾਂਝੈਂ ਮੁਰਗੀ ਮਾਰੈ।
ਹਿੰਦੂ ਕੀ ਦਯਾ ਮੇਹਰ ਤੁਰਕਨ ਕੀ, ਦੋਨੌਂ ਘਟ ਸੋਂ ਤਿਆਗੀ।
ੜੇ ਹਲਾਲ ਵੇ ਝਟਕੇ ਮਰੈਂ,ਆਗਿ ਦੂਨਾਂ ਘਰ ਲਾਗੀ।
ਹਿੰਦੂ ਤੁਰਕ ਕੀ ਏਕ ਰਾਹ ਹੈ ਸਤਗੁਰ ਇਹੈ ਬਤਾਈ।
ਕਹੇਹਿ ਕਬੀਰ ਸੁਨਹੁ ਹੋ ਸੰਤੋ,ਰਾਮ ਨ ਕਹੇਉ ਖੁਦਾਈ।ਪੰਨਾ250
ਭਗਤ ਕਬੀਰ ਜੀ ਦੇ ਸਿ਼ਸ ਧਰਮਦਾਸ ਜੀ ਨੇ ਕਬੀਰ ਪੰਥ ਦਾ ਮੁੱਢ ਬੱਧਾ ਭਗਤ ਕਬੀਰ ਜੀ ਦੀ ਰਚਨਾਵਾਂ ਨੂੰ ਫਿਲਮਾਂ ਵਿਚ ਵੀ ਲਿਆ ਗਿਆ ਹੈ ਅਤੇ ਰਾਗੀ ਅਤੇ ਸੂਫੀ ਗਾਇਕਾ ਨੇ ਵੀ ਗਾਇਆ ਹੈ। ਭਗਤ ਕਬੀਰ ਜੀ ਦਾ ਪਰਿਵਾਰ ਬਨਾਰਸ ਵਿਚ ਕਬੀਰ ਚੋਰਾ ਦੇ ਕੋਲ ਹੀ ਰਹਿੰਦਾ ਸੀ ? ਕਬੀਰ ਚੋਰਾ ਦੇ ਨਾਲ ਕਬੀਰ ਮਠ ਬਣਿਆ ਹੋਇਆ ਹੈ ਅਤੇ ਭਗਤ ਕਬੀਰ ਜੀ ਦਾ ਘਰ ਨੀਰੂ ਟੀਲਾ ਨਾਲ ਜਾਣਿਆ ਜਾਂਦਾ ਹੈ ਜਿੱਥੇ ਭਗਤ ਕਬੀਰ ਜੀ ਦੇ ਮਾਂ-ਬਾਪ ਨੀਰੂ ਅਤੇ ਨੀਮਾ ਦੀਆਂ ਕਬਰਾਂ ਹਨ ।ਸਮੱੁਚੇ ਤੋਰ ਤੇ ਕਿਹਾ ਜਾ ਸਕਦਾ ਹੈ ਕਿ ਭਗਤ ਕਬੀਰ ਜੀ ਦੀ ਬਾਣੀ ਵਿਸ਼ੇ ਅਤੇ ਕਲਾ ਪੱਖੋਂ ਅਤਿ ਮੱਹਤਵਪੂਰਨ ਹੈ ।ਉਨ੍ਹਾਂ ਦੀ ਬਾਣੀ ਵਿਚ ਪ੍ਰਭੂ ਦੀ ਉਪਮਾ,ਨਾਮ,ਗੁਰੂ ਅਤੇ ਸਾਧ ਸੰਗਤ ਦੇ ਮਹੱਤਵ,ਹੁਕਮ ਦੀ ਪਛਾਣ ਅਤੇ ਮਾਇਆ ਤੇ ਚਾਨਣਾ ਪਾਇਆ ਗਿਆ ਹੈ ਮਨੁਖ ਨੂੰ ਨੈਤਿਕ ਕੀਮਤਾਂ ਕਦਰਾਂ ਦਾ ਧਾਰਣੀ ਹੋਣ ਵਾਸਤੇ ਕਿਹਾਂ ਹੈ ਭਗਤ ਕਬੀਰ ਜੀ ਦੀ ਬਾਣੀ ਵਿਚ ਵਿਸ਼ੇ ਵਿਕਾਰਾਂ ਦਾ ਤਿਆਗ, ਦਵੈਤ ਭਾਵ ਤੋਂ ਦੂਰੀ,ਬੱੁਤ ਪੂਜਾ, ਫੋਕੇ ਕਰਮ ਕਾਂਡ, ਕਾਮ, ਕ੍ਰੋਧ,ਲੋਭ, ਮੋਹ ਅਤੇ ਅੰਹਕਾਰ ਦਾ ਤਿਆਗ ਕਰਕੇ ਮਨ ਨੂੰ ਕਾਬੂ ਕਰਕੇ ਭਜਨ ਸਿਮਰਣ ਕਰਨ ਵਾਸਤੇ ਕਿਹਾ ਹੈ । ਸੁਹਿਰਦਤਾ ਕਾਇਮ ਰੱਖਣ ਤੇ ਵਧੇਰੇ ਬਲ ਦਿੱਤਾ ਹੈ ਹੱਥੀਂ ਕੰਮ ਕਰਨਾ ਮਾਸ ਅਤੇ ਹਰ ਤਰ੍ਹਾਂ ਦੇ ਨਸਿ਼ਆਂ ਤੋਂ ਦੂਰ ਰਹਿਣ ਦੀ ਹਿਦਾਇਤ ਕੀਤੀ ਹੈ ਭਗਤ ਕਬੀਰ ਜੀ ਅਹਿੰਸਾਵਾਦੀ ਸਨ ।ਇਸ ਤਰ੍ਹਾਂ ਭਗਤ ਕਬੀਰ ਜੀ ਮੱਧਕਾਲੀਨ ਯੁਗ ਦੀ ਭਗਤੀ ਲਹਿਰ ਦੇ ਇਕ ਮੀਲ ਪੱਥਰ ਜਾਂ ਥੰਮ ਸਨ ਜਿਨ੍ਹਾਂ ਦੀ ਮਹਾਨ ਅਤੇ ਪਵਿਤਰ ਬਾਣੀ ਭਾਰਤ ਦਾ ਮਾਨਯੋਗ ਤੇ ਸਾਂਭਣਯੋਗ ਸਾਂਸਕ੍ਰਤਿਕ ਸਰਮਾਇਆ ਹੈ ਜਿਸਦੀ ਸਾਰਥਕਤਾ ਉਨੀ ਹੀ ਹੈ ਜਿੰਨੀ ਮੱਧ ਯੁਗ ਵਿਚ ਸੀ ।