ਲਖਨਊ ਤੋਂ ਦਿੱਲੀ ਜਾ ਰਹੀ ਸੀ ਬੱਸ;
ਮ੍ਰਿਤਕਾਂ ਦੇ ਵਾਰਸਾਂ ਲਈ ਮੁਆਵਜ਼ਾ ਐਲਾਨਿਆ
ਉੱਤਰ ਪ੍ਰਦੇਸ਼ ਵਿੱਚ ਅੱਜ ਲਖਨਊ ਤੋਂ ਦਿੱਲੀ ਜਾ ਸਵਾਰੀਆਂ ਦੀ ਭਰੀ ਸਰਕਾਰੀ ਬੱਸ ਯਮੁਨਾ ਐਕਸਪ੍ਰੈੱਸਵੇਅ ਤੋਂ ਡੂੰਘੇ ਨਾਲੇ ’ਚ ਜਾ ਡਿੱਗੀ। ਇਸ ਹਾਦਸੇ ਵਿੱਚ 29 ਵਿਅਕਤੀਆਂ ਦੀ ਮੌਤ ਹੋ ਗਈ ਤੇ 18 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅੱਜ ਤੜਕੇ 4.30 ਵਜੇ ਕੌਮੀ ਰਾਜਧਾਨੀ ਤੋਂ ਤਕਰਬੀਨ 200 ਕਿਲੋਮੀਟਰ ਦੂਰ ਐਤਮਦਪੁਰ ’ਚ ਵਾਪਰਿਆ। ਉਨ੍ਹਾਂ ਦੱਸਿਆ ਕਿ 20 ਫੁੱਟ ਡੂੰਘੇ ਨਾਲੇ ’ਚ ਡਿੱਗੀ ਬੱਸ ਨੂੰ ਬਾਹਰ ਕੱਢਣ ਲਈ ਕਈ ਘੰਟੇ ਮੁਸ਼ੱਕਤ ਕਰਨੀ ਪਈ। ਇਸ ਹਾਦਸੇ ਦੇ ਜ਼ਖ਼ਮੀ ਤੁਰੰਤ ਨੇੜਲੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਰੋਡਵੇਜ਼ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜਨਰਥ ਬੱਸ ਉੱਤਰ ਪ੍ਰਦੇਸ਼ ਰੋਡਵੇਜ਼ ਦੇ ਅਵਧ ਡਿੱਪੂ ਨਾਲ ਸਬੰਧਤ ਸੀ ਤੇ ਲਖਨਊ ਤੋਂ ਦਿੱਲੀ ਦੇ ਆਨੰਦ ਵਿਹਾਰ ਬੱਸ ਅੱਡੇ ਵੱਲ ਜਾ ਰਹੀ ਸੀ ਕਿ ਰਸਤੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਗਰਾ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਐੱਸਐੱਸਪੀ ਨੂੰ ਹਦਾਇਤ ਕੀਤੀ ਹੈ ਕਿ ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਆਪਣੇ ਡਿਪਟੀ ਦਿਨੇਸ਼ ਸ਼ਰਮਾ ਤੇ ਆਵਾਜਾਈ ਰਾਜ ਮੰਤਰੀ ਸਵਤੰਤਰ ਦੇਵ ਸਿੰਘ ਨੂੰ ਤੁਰੰਤ ਮੌਕੇ ’ਤੇ ਜਾਣ ਦੇ ਨਿਰਦੇਸ਼ ਵੀ ਦਿੱਤੇ ਹਨ। ਜ਼ਿਕਰਯੋਗ ਹੈ ਕਿ 165 ਕਿਲੋਮੀਟਰ ਲੰਮਾ ਯਮੁਨਾ ਐਕਸਪ੍ਰੈੱਸਵੇਅ ਉੱਤਰ ਪ੍ਰਦੇਸ਼ ਵਿੱਚ ਨੋਇਡਾ ਤੇ ਆਗਰਾ ਨੂੰ ਜੋੜਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਪੰਕਜ ਸਿੰਘ ਮੌਕੇ ’ਤੇ ਗਏ ਹਨ। ਉਨ੍ਹਾਂ ਕਿਹਾ, ‘ਮੈਨੂੰ ਦੁਖੀ ਪਰਿਵਾਰਾਂ ਨਾਲ ਹਮਦਰਦੀ ਹੈ ਅਤੇ ਮੈਂ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਦਾ ਹਾਂ। ਮੈਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਇਸ ਹਾਦਸੇ ਬਾਰੇ ਗੱਲ ਕੀਤੀ ਹੈ। ਉਹ ਉੱਪ ਮੁੱਖ ਮਤਰੀ ਦਿਨੇਸ਼ ਸ਼ਰਮਾ ਤੇ ਆਵਾਜਾਈ ਮੰਤਰੀ ਸਵਤੰਤਰ ਦੇਵ ਸਿੰਘ ਨੂੰ ਮੌਕੇ ’ਤੇ ਭੇਜ ਰਹੇ ਹਨ।’