(ਸਮਾਜ ਵੀਕਲੀ)
ਹੋ ਰਹੀ ਹੈ ਬੱਸ ਜੈ ਜੈ ਕਾਰ।
ਅਮਲ ਕਰਨ ਨੂੰ ਨਾ ਕੋਈ ਵੀ ਤਿਆਰ।
ਸੱਭੇ ਸਾਂਝੀਵਾਲ ਵਾਲ਼ਾ ਪੈਂਡਾ ਬੜੀ ਦੂਰ ਹੈ।
ਦੁੱਕੀ ਤਿੱਕੀ ਬੰਦੇ ਨੂੰ ਵੀ ਜਾਤ ਦਾ ਗਰੂਰ ਹੈ।
ਗਿਣਤੀ ਨਾ ਭਾਵੇਂ ਤਿੰਨਾਂ, ਤੇਰਾਂ ਵਿਚਕਾਰ।
ਹੋ ਰਹੀ ਹੈ ਬੱਸ ਜੈ ਜੈ ਕਾਰ।
ਅਮਲ ਕਰਨ ਨੂੰ ਨਾ ਕੋਈ ਵੀ ਤਿਆਰ।
ਡੇਰਿਆਂ ‘ਚ ਜਾ ਕੇ ਅਸੀ ਪੂਜਦੇ ਆਂ ਦੇਹਾਂ ਨੂੰ।
ਟੇਕਦੇ ਹਾਂ ਮੱਥੇ ਨਹਿਰਾਂ, ਪੱਥਰਾਂ ਤੇ ਥੇਹਾਂ ਨੂੰ।
ਪੱਲੇ ਨਹੀਓਂ ਪੈਦਾ ਤੇਰਾ ਏਕ ਓਂਕਾਰ।
ਹੋ ਰਹੀ ਹੈ ਬੱਸ ਜੈ ਜੈ ਕਾਰ।
ਅਮਲ ਕਰਨ ਨੂੰ ਨਾ ਕੋਈ ਤਿਆਰ।
ਰੱਖੀਏ ਵਰਤ ਤੇ ਸਰਾਧਾਂ ਨੂੰ ਵੀ ਪਾਉਂਦੇ ਆਂ।
ਜੋਤਾਂ ਵੀ ਜਗਾਉਂਦੇ ਨਾਲ਼ੇ ਧੂਫ਼ਾਂ ਵੀ ਧੁਖਾਂਉਂਦੇ ਆਂ।
‘ਕੈਸੀ ਆਰਤੀ ਹੋਇ’ ਕਦੇ ਕੀਤਾ ਨਾ ਵਿਚਾਰ।
ਹੋ ਰਹੀ ਹੈ ਬੱਸ ਜੈ ਜੈਕਾਰ।
ਅਮਲ ਕਰਨ ਨੂੰ ਨਾ ਕੋਈ ਵੀ ਤਿਆਰ।
ਗੋਲਕ ਗਰੀਬ ਵਾਲ਼ਾ ਮੂੰਹ ਨਾ ਸਾਨੂੰ ਲੱਭਦੀ।
‘ਅਕਲੀ ਕੀਚੈ ਦਾਨ’ ਵਾਲ਼ੀ ਗੱਲ ਵੀ ਨਾ ਫੱਬਦੀ।
ਰੱਜਿਆਂ ਦੇ ਲਈ ਉੰਝ ਖੁੱਲ੍ਹੇ ਨੇ ਭੰਡਾਰ।
ਹੋ ਰਹੀ ਹੈ ਬੱਸ ਜੈ ਜੈ ਕਾਰ।
ਅਮਲ ਕਰਨ ਨੂੰ ਨਾ ਕੋਈ ਵੀ ਤਿਆਰ।
ਰੋਮੀ ਜਿਹਾ ਕੋਈ ਜੇ ਘੜਾਮੇਂ ਬੋਲੇ ਸੱਚ ਜੀ।
ਸਿਰੋਂ ਪੈਰਾਂ ਤੱਕ ਜਾਈਏ ਜਦੇ ਸੜ ਮੱਚ ਜੀ।
ਹੋ ਜਾਨੇ ਆਂ ਜੀ ਸੋਧਾ ਲਾਉਣ ਨੂੰ ਤਿਆਰ।
ਹੋ ਰਹੀ ਹੈ ਬੱਸ ਜੈ ਜੈਕਾਰ।
ਅਮਲ ਕਰਨ ਨੂੰ ਨਾ ਕੋਈ ਵੀ ਤਿਆਰ।
ਰੋਮੀ ਘੜਾਮੇਂ ਵਾਲ਼ਾ ।
98552-81105