ਗੁਰਦਾਸਪੁਰ (ਸਮਾਜ ਵੀਕਲੀ): ਜ਼ਿਲ੍ਹਾ ਬਟਾਲਾ ਦੇ ਪਿੰਡ ਬੱਲੜਵਾਲ ’ਚ ਅੱਜ ਇਕ ਵਿਅਕਤੀ ਨੇ ਧੀ ਦੇ ਪ੍ਰੇਮੀ ਦੇ ਚਾਰ ਪਰਿਵਾਰਕ ਮੈਂਬਰਾਂ ਨੂੰ ਖੇਤਾਂ ’ਚ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਦੀ ਪਛਾਣ ਸੁਖਜਿੰਦਰ ਸਿੰਘ ਵਜੋਂ ਹੋਈ ਹੈ ਜੋ ਪਿੰਡ ਦੇ ਜਰਮਨਜੀਤ ਸਿੰਘ ਨਾਲ ਧੀ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਣ ਤੋਂ ਬਾਅਦ ਗੁੱਸੇ ’ਚ ਆ ਗਿਆ ਸੀ। ਉਂਜ ਪਰਿਵਾਰ ਨੇ ਹੱਤਿਆ ਪਿੱਛੇ ਪੰਚਾਇਤ ਚੋਣਾਂ ਦੀ ਰੰਜਿ਼ਸ਼ ਨੂੰ ਮੁੱਖ ਕਾਰਨ ਦੱਸਿਆ ਹੈ।
ਮ੍ਰਿਤਕਾਂ ਦੀ ਪਛਾਣ ਮੰਗਲ ਸਿੰਘ (70), ਉਨ੍ਹਾਂ ਦੇ ਪੁੱਤਰ ਸੁਖਵਿੰਦਰ ਸਿੰਘ (40) ਤੇ ਜਸਬੀਰ ਸਿੰਘ ਅਤੇ ਬਬਨਦੀਪ ਸਿੰਘ (21) ਪੁੱਤਰ ਜਸਬੀਰ ਸਿੰਘ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਪਹਿਲਾਂ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਮੁਲਜ਼ਮ ਖੇਤ ਪੁੱਜਿਆ ਜਿਥੇ ਉਹ ਜਰਮਨਜੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨਾਲ ਬਹਿਸ ਕਰਨ ਲੱਗ ਪਿਆ। ਪੁਲੀਸ ਮੁਤਾਬਕ ਤਕਰਾਰ ਦੌਰਾਨ ਸੁਖਜਿੰਦਰ ਨੇ ਸੁਖਵਿੰਦਰ ਸਿੰਘ ਅਤੇ ਜਰਮਨਜੀਤ ਸਿੰਘ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਸੁਖਵਿੰਦਰ ਸਿੰਘ ਦੀ ਥਾਂ ’ਤੇ ਹੀ ਮੌਤ ਹੋ ਗਈ ਜਦਕਿ ਜਰਮਨਜੀਤ ਸਿੰਘ ਜਖ਼ਮੀ ਹੋ ਗਿਆ। ਘਟਨਾ ਦਾ ਪਤਾ ਲੱਗਦੇ ਸਾਰ ਜਰਮਨਜੀਤ ਦਾ ਦਾਦਾ ਮੰਗਲ ਸਿੰਘ, ਚਾਚਾ ਜਸਬੀਰ ਸਿੰਘ, ਚਚੇਰਾ ਭਰਾ ਬਬਨਦੀਪ ਅਤੇ ਇਕ ਹੋਰ ਰਿਸ਼ਤੇਦਾਰ ਜਸ਼ਨ ਮੌਕੇ ’ਤੇ ਪਹੁੰਚੇ। ਮੁਲਜ਼ਮ ਨੇ ਉਨ੍ਹਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਮੰਗਲ ਸਿੰਘ, ਜਸਬੀਰ ਸਿੰਘ ਅਤੇ ਬਬਨਦੀਪ ਦੀ ਵੀ ਮੌਤ ਹੋ ਗਈ। ਜਰਮਨਜੀਤ ਸਿੰਘ ਅਤੇ ਜਸ਼ਨ ਖ਼ਤਰੇ ਤੋਂ ਬਾਹਰ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly