(ਸਮਾਜ ਵੀਕਲੀ)
” ਚਾਚਾ ਇਹ ਅਵਾਰਾ ਪਸ਼ੂਆਂ ਨੇ ਤਾਂ ਪੁੱਛ ਨਾ ਤੰਗ ਕਰ ਛੱਡਿਆ” ਅਵਾਰਾ ਡੰਗਰ ਦੇ ਸੋਟੀ ਮਾਰਦੇ ਹੋਏ ਜੰਟੇ ਨੇ ਚਾਚੇ ਬਿਸ਼ਨੇ ਨੂੰ ਕਿਹਾ।
” ਤੂੰ ਡੰਗਰਾਂ ਦੀ ਗੱਲ ਕਰਦਾਂ ਏਥੇ ਤਾਂ ਬੰਦੇ ਵੀ ਡੰਗਰ ਬਣੇ ਫਿਰਦੇ ਨੇ” ਆਪਣੀ ਨਵੀਂ ਕਾਰ ਦੀ ਟੁੱਟੀ ਹੋਈ ਲਾਇਟ ਵੱਲ ਇਸ਼ਾਰਾ ਕਰਦਾ ਹੋਇਆ ਬਿਸ਼ਨਾ ਬੋਲਿਆ।
” ਚਾਚਾ ਕਿਵੇਂ, ਕੀ ਗੱਲ ਹੋ ਗਈ ?”
” ਕੁੱਝ ਨੀ ਪੁੱਤ, ਤੈਨੂੰ ਪਤਾ ਤਾਂ ਹੈ ਮੈਂ ਨਵੀਂ ਕੋਠੀ ਪਾਈ ਹੈ ਨਾਲੇ ਕਾਰ ਵੀ ਨਵੀਂ ਲਿਆਂਦੀ ਹੈ, ਹੁਣ ਕਾਰ ਅੰਦਰ ਲੱਗਦੀ ਨੀ ਥਾਂ ਘੱਟ ਹੋਣ ਕਰਕੇ, ਤੇ ਗਲੀ ਚ ਅਵਾਰਾ ਪਸ਼ੂਆਂ ਤੇ ਬੰਦਿਆਂ ਦੇ ਪਤਾ ਨੀ ਕੌਣ ਕੌਣ ਗਲੀ ਵਿੱਚ ਤੁਰਿਆ ਫਿਰਦਾ ਐ ”
( ਹੁਣ ਬਿਸ਼ਨੇ ਨੂੰ ਗਲੀ ਦੀ ਰੌਣਕ ਨਾਲੋਂ ਆਪਣੀ ਨਵੀਂ ਕਾਰ ਚੰਗੀ ਲੱਗਣ ਲੱਗੀ )
“ਗੱਲ ਤਾਂ ਤੇਰੀ ਸਹੀ ਆ ਚਾਚਾ, ਕਰਦੇ ਹਾਂ ਕੋਈ ਇਸਦਾ ਵੀ ਕੋਈ ਪੱਕਾ ਹੱਲ ”
” ਹੱਲ ਤਾਂ ਹੈ ਪੁੱਤ ਇੱਕ, ਜੇ ਤੂੰ ਕਰੇਗਾ, ਤਾਂ ਦੱਸਾਂ ”
“ਦੱਸ ਤਾਂ ਸਹੀ ਚਾਚਾ, ਕਿਹੜਾ ਕੰਮ ਐ ਮੇਰੇ ਕਰਨ ਵਾਲਾ ?
” ਪੁੱਤ ਆਪਣੀ ਗਲੀ ਵਿੱਚ ਇੱਕ ਚੌਕੀਦਾਰ ਰੱਖੋ, ਨਾਲੇ ਆਪਾਂ ਸੋਖੇ ਨਾਲੇ ਸਾਰੀ ਗਲੀ ਸੌਖੀ ”
” ਗੱਲ ਤਾਂ ਤੇਰੀ ਠੀਕ ਹੈ ਚਾਚਾ, ਮੈਂ ਹੁਣੇ ਕਰਦਾ ਆਪਣੇ ਮੁੱਹਲੇ ਦੇ ਪ੍ਰਧਾਨ ਸਾਹਿਬ ਨੂੰ ਫੋਨ” ਜੰਟੇ ਨੇ ਆਪਣਾ ਮੋਬਾਇਲ ਕੱਢਿਆ ਤੇ ਪ੍ਰਧਾਨ ਸਾਹਿਬ ਦਾ ਨੰਬਰ ਡਾਇਲ ਕੀਤਾ।
“ਸਤਿ ਸ਼੍ਰੀ ਆਕਾਲ ਪ੍ਰਧਾਨ ਜੀ”
” ਸੱਤ ਸ਼੍ਰੀ ਆਕਾਲ, ਜੰਟੇ ਕਿਵੇਂ ਆ ਘਰ ਪਰਿਵਾਰ ਠੀਕ ਹੈ ?
” ਹਾਂ ਜੀ, ਘਰ ਪਰਿਵਾਰ ਤਾਂ ਸਭ ਠੀਕ ਨੇ ਜੀ , ਇੱਕ ਕੰਮ ਸੀ ਪ੍ਰਧਾਨ ਜੀ ?
” ਬੋਲੋ ”
” ਆਪਣੀ ਗਲੀ ਵਿੱਚ ਅਵਾਰਾ ਪਸ਼ੂਆਂ ਤੇ ਗ਼ਲਤ ਬੰਦਿਆਂ ਦੀ ਆਉਣੀ ਜਾਣੀ ਵੱਧ ਗਈ ਹੈ, ਜਿਸ ਨਾਲ ਸਾਨੂੰ ਜਾਨੀ-ਮਾਲੀ ਨੁਕਸਾਨ ਹੋਣ ਦਾ ਹਰ ਸਮੇਂ ਡਰ ਜਾ ਬਣਿਆ ਰਹਿੰਦਾ ਹੈ, ਕੱਲ ਚਾਚੇ ਬਿਸ਼ਨੇ ਦੀ ਕਾਰ ਭੰਨ ਗਿਆ ਕੋਈ, ਜੇ ਇੱਕ ਚੌਂਕੀਦਾਰ ਦਾ ਪ੍ਰੰਬਧ ਕਰ ਦੇਵੋ ਤਾਂ ਬਹੁਤ ਵਧੀਆ ਹੋਵੇਗਾ।
” ਚੌਂਕੀਦਾਰ ਦਾ ਤਾਂ ਹੱਲ ਨੀਂ ਹੋਣਾ ਹਾਂ ਗਲੀ ਦੇ ਦਰਵਾਜ਼ਾ ਲਗਵਾ ਦਿੰਦੇ ਹਾਂ”
“ਚਾਚਾ ਪ੍ਰਧਾਨ ਜੀ ਕਹਿੰਦੇ ਕਿ ਚੌਂਕੀਦਾਰ ਦਾ ਤਾਂ ਹੱਲ ਨਹੀਂ ਹੋਣਾ ਪਰ ਦਰਵਾਜ਼ਾ ਲਗਵਾ ਦਿੰਦੇ ਹਾਂ।”
ਚਾਚੇ ਬਿਸ਼ਨੇ ਨੇ ਗੱਲ ਸੁਣ ਝੱਟ ਹਾਂ ਕਰ ਦਿੱਤੀ, ਚੱਲੋ ਦਰਵਾਜ਼ਾ ਹੀ ਲਗਾ ਦੇਵੋ ।
” ਠੀਕ ਹੈ,। ਪ੍ਰਧਾਨ ਸਾਹਿਬ ਜਿਵੇਂ ਤੁਸੀਂ ਠੀਕ ਸਮਝੋ”
( ਕੁੱਝ ਦਿਨਾਂ ਵਿੱਚ ਹੀ ਗਲੀ ਦੇ ਦੋਹੀਂ ਪਾਸੇ ਦਰਵਾਜ਼ੇ ਲੱਗ ਗਿਆ )
ਹੁਣ ਚਾਚਾ ਬਿਸ਼ਨਾਂ ਜਿਵੇਂ ਗਲੀ ਦਾ ਚੌਂਕੀਦਾਰ ਲੱਗ ਗਿਆ ਹੋਵੇ, ਹਰ ਇੱਕ ਨੂੰ ਦਰਵਾਜ਼ਾ ਬੰਦ ਨਾ ਕਰਨ ਪਿੱਛੇ ਲੜਦਾ ਝਗੜਦਾ ਰਹਿੰਦਾ, ਵਾਰ ਵਾਰ ਆਉਣ ਜਾਣ ਤੋਂ ਰੋਕਦੇ ਰਹਿਣਾ, ਸਾਰੀ ਗਲੀ ਹੁਣ ਬੰਦ ਦਰਵਾਜ਼ੇ ਕਰਕੇ ਬਹੁਤ ਪ੍ਰੇਸ਼ਾਨ ਸੀ, ਜਿਵੇਂ ਗਲੀ ਦੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਜੀ ਲੱਗ ਗਈ ਹੋਵੇ ਜਾਂ ਇਹਨਾਂ ਦਰਵਾਜ਼ਿਆਂ ਨੇ ਖੋਹ ਲਈ ਹੋਵੇ ।
ਅਸਿ. ਪ੍ਰੋ. ਗੁਰਮੀਤ ਸਿੰਘ
94175-45100
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly