ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ’ਤੇ ਸੂਬੇ ਵੱਲ ਬਕਾਇਆ ਫੰਡ ਨਾ ਦੇਣ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਇਸ ਪੈਸੇ ਨਾਲ ਸਮੁੰਦਰੀ ਤੂਫਾਨ ‘ਬੁਲਬੁਲ’ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਕਰਨ ਵਿੱਚ ਮਦਦ ਮਿਲਣੀ ਸੀ। ਬੈਨਰਜੀ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੂਫਾਨ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕਾਰਜਾਂ ਨਾਲ ਨਜਿੱਠਣ ਵਿਚ ਰਾਜ ਦੀ ਮਦਦ ਕਰਨ ਦੇ ਆਪਣੇ ਵਾਅਦੇ ਨੂੰ ਨਿਭਾਉਣਗੇ। ਉਨ੍ਹਾਂ ਕਿਹਾ ,‘‘ ਸੂਬੇ ਵੱਲ ਕੇਂਦਰ ਦੇ 17000 ਕਰੋੜ ਰੁਪਏ ਬਕਾਇਆ ਹਨ। ਜੇ ਉਨ੍ਹਾਂ ਨੇ ਇਹ ਪੈਸਾ ਸਾਨੂੰ ਦਿੱਤਾ ਹੁੰਦਾ, ਅਸੀਂ ਇਸ ਨੂੰ ਰਾਹਤ ਕਾਰਜਾਂ ਲਈ ਵਰਤਦੇ।’’ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਬਕਾਏ ਸਬੰਧੀ ਕੇਂਦਰ ਨੂੰ ਲਿਖਣਗੇ। ਮੁੱਖ ਮੰਤਰੀ ਨੇ ਲੋਕਾਂ ਨੂੰ ਰਾਹਤ ਵੰਡ ਵਿੱਚ ਰਾਜਨੀਤੀ ਖੇਡਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ , ‘‘ ਇਹ ਵੱਡਾ ਤੂਫਾਨ ਸੀ, ਪ੍ਰਭਾਵਿਤ ਲੋਕਾਂ ਨਾਲ ਖੜ੍ਹਨ ਦੀ ਥਾਂ ਕੁਝ ਲੋਕ ਰਾਜਨੀਤੀ ਕਰ ਰਹੇ ਹਨ। ਮੇੈਂ ਉਨ੍ਹਾਂ ਨੂੰ ਇਸ ਤੋਂ ਦੂਰ ਰਹਿਣ ਦੀ ਅਪੀਲ ਕਰਦੀ ਹਾਂ। ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ।’’