ਮੁੰਬਈ, 19 ਜੂਨ (ਸਮਾਜਵੀਕਲੀ) : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬੌਲੀਵੁੱਡ ਵਿੱਚ ਭਾਈ-ਭਤੀਜਾਵਾਦ ਅਤੇ ਸੱਤਾਧਾਰੀ ਦੇ ਕੇਂਦਰ ਲੋਕਾਂ ਦੇ ਪਾਜ਼ ਖੁੱਲ੍ਹਣ ਲੱਗੇ ਹਨ। ਗਾਇਕ ਸੋਨੂੰ ਨਿਗਮ ਨੇ ਕਿਸੇ ਦਾ ਨਾਮ ਲਏ ਬਗੈਰ ਕਿਹਾ ਹੈ, “ਇੱਕ ਅਭਿਨੇਤਾ, ਜਿਸ ‘ਤੇ ਅੱਜ-ਕੱਲ੍ਹ ਹਰ ਕੋਈ ਉਂਗਲ ਕਰ ਰਿਹਾ ਹੈ, ਨੇ ਮੇਰੇ ਨਾਲ ਅਜਿਹਾ ਕੀਤਾ। ਉਹ ਕਹਿੰਦਾ ਮੈਨੂੰ ਗਾਣਾ ਨਹੀਂ ਚਾਹੀਦਾ। ਉਸੇ ਅਭਿਨੇਤਾ ਨੇ ਅਰਿਜੀਤ ਸਿੰਘ ਨਾਲ ਵੀ ਅਜਿਹਾ ਕੀਤਾ।
ਇਹ ਕੀ ਹੈ? ਤੁਸੀਂ ਆਪਣੀ ਸੱਤਾ ਦੀ ਦੁਰਵਰਤੋਂ ਐਨੀ ਬੇਦਰਦੀ ਨਾਲ ਕਿਵੇਂ ਕਰ ਸਕਦੇ ਹੋ?” ਸੋਨੂੰ ਨਿਗਮ ਨੇ ਹਿੰਦੀ ਵਿਚ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਬਲੌਗ ਕਿਹਾ, “ਮੇਰੇ ਵੱਲੋਂ ਗਾਏ ਬਹੁਤ ਸਾਰੇ ਗਾਣੇ ਡੱਬ ਕੀਤੇ ਗਏ ਹਨ। ਇਹ ਅਪਮਾਨਜਨਕ ਹੈ, ਤੁਸੀਂ ਮੈਨੂੰ ਬੁਲਾਉਂਦੇ ਹੋ, ਗਵਾਉਂਦੇ ਹੋ ਅਤੇ ਫਿਰ ਇਸ ਨੂੰ ਡੱਬ ਕਰਦੇ ਹੋ! ਮੈਂ ਸੰਗੀਤ ਉਦਯੋਗ ਵਿੱਚ 1989 ਤੋਂ ਹਾਂ, ਜੇ ਤੁਸੀਂ ਮੇਰੇ ਨਾਲ ਅਜਿਹਾ ਕਰਦੇ ਹੋ ਤਾਂ ਨਵਿਆਂ ਨਾਲ ਕੀ ਬੀਤਦੀ ਹੋਵੇਗੀ। ਤੁਸੀਂ ਨੌਂ ਲੋਕਾਂ ਤੋਂ ਇਕੋ ਗਾਣਾ ਗਵਾਉਂਦੇ ਹੋ।
ਕ੍ਰਿਪਾ ਕਰਕੇ ਥੋੜਾ ਰਹਿਮ ਕਰੋ ਤਾਂ ਜੋ ਹੋਰ ਲੋਕ ਆਤਮ ਹੱਤਿਆ ਨਾ ਕਰਨ। ਤੁਹਾਨੂੰ ਹੈਰਾਨੀ ਤੇ ਦੁੱਖ ਨਹੀਂ ਹੋਣਾ ਚਾਹੀਦਾ ਜਦੋਂ ਸੰਗੀਤ ਜਗਤ ਵਿੱਚੋਂ ਵੀ ਖੁ਼ਦਕੁਸ਼ੀਆਂ ਦੀ ਖਬਰ ਤੁਹਾਡੇ ਕੰਨਾਂ ਵਿੱਚ ਪਵੇਗੀ। ਸਾਡੇ ਦੇਸ਼ ਦੇ ਸੰਗੀਤ ਉਦਯੋਗ ਵਿੱਚ ਵੱਡਾ ਮਾਫੀਆ ਹੈ। ਸਾਰੀ ਤਾਕਤ ਸਿਰਫ ਦੋ ਲੋਕਾਂ ਦੇ ਹੱਥ ਵਿੱਚ ਹੈ, ਦੋ ਸੰਗੀਤ ਕੰਪਨੀਆਂ, ਜੋ ਗਾਇਕਾਂ ਦੀ ਕਿਸਮਤ ਦਾ ਫੈਸਲਾ ਕਰਦੀਆਂ ਹਨ। ਮੈਂ ਤਾਂ ਇਸ ਸਾਰੇ ਜਬਰ ਵਿੱਚ ਉਭਰ ਗਿਆ ਪਰ ਨਵੇਂ ਇਸ ਨੂੰ ਦਿਲ ’ਤੇ ਲਗਾ ਕੇ ਸਹਿਣ ਨਹੀਂ ਕਰ ਸਕਣਗੇ। ਮੈਂ ਪਿਛਲੇ 15 ਸਾਲਾਂ ਤੋਂ ਆਪਣੀ ਦੁਨੀਆਂ ਵਿੱਚ ਬਹੁਤ ਖੁਸ਼ ਹਾਂ।