ਬੜੀ ਅਜ਼ਬ ਕਹਾਣੀ ਨਾਰੀ ਦੀ ਇਹ ਦੁਨੀਆਂ ਕਹਿੰਦੀ ਰਹਿੰਦੀ ਏ

ਮਲਕੀਤ ਮੀਤ

(ਸਮਾਜ ਵੀਕਲੀ)

ਬੜੀ ਅਜ਼ਬ ਕਹਾਣੀ ਨਾਰੀ ਦੀ ਇਹ ਦੁਨੀਆਂ ਕਹਿੰਦੀ ਰਹਿੰਦੀ ਏ
ਨਾ ਵੇਖੇ ਨਾ ਕੋਈ ਸੁਣਦਾ ਏ ਇਹ ਕੀ- ਕੀ ਦੁਖੜੇ ਸਹਿੰਦੀ ਏ

ਰੱਬ ਵੱਸਦਾ ਜੇਕਰ ਦੁਨੀਆਂ ਤੇ ਫਿਰ ਮਾਂ ਵਰਗਾ ਹੀ ਹੋਊਗਾ
ਸੁੱਕਿਆ ਤੇ ਪਾਵੇ ਬਾਲਾਂ ਨੂੰ ਆਪ ਗਿਲਿਆਂ  ਤੇ ਨਿੱਤ ਪੈਂਦੀ ਏ

ਤੇਰੀ ਕਲਪਨਾ ਡਾਹਢੀ ਉੱਚੀ ਏ ਤਾਹੀਓਂ ਅੰਬਰਾਂ ਤੇ ਤੂੰ ਉੱਡਦੀ ਏ
ਇਹ ਨਾਰੀ ਐਸੀ ਤਿੱਤਲੀ ਏ ਜੋ ਸੂਲਾਂ ਤੇ ਨਿੱਤ ਬਹਿੰਦੀ ਏ

ਇਹ ਦੁਨੀਆਂ ਕੌਰਵਾਂ ਪਾਂਡਵਾਂ ਦੀ ਤੇਰਾ ਸਾਥ ਕਿਸੇ ਵੀ ਨਹੀਂ ਦੇਣਾ
ਬਣ ਕਿਰਨ ਮਿਟਾ ਦੇ ‘ਨ੍ਹੇਰੇ ਨੂੰ ਸਭ ਕੁੱਝ ਕਰ ਦੇ ਜੋ  ਕਹਿੰਦੀ ਏ

ਤੇਰੀ ਲਾਜ਼ ਆ ਤੇਰੀ ਸੁੰਦਰਤਾ ਤੇ ਵਸਤਰ ਤੇਰੇ ਗਹਿਣੇ ਨੇ
ਤੂੰ ਭੁੱਲ ਕੇ ਮਦਰ ਟੈਰੇਸਾ ਨੂੰ ਕਿਉਂ ਡਾਇਨਾ ਬਣ – ਬਣ ਬਹਿੰਦੀ ਏ

ਜੇ ਅੱਜ ਦਾ ਦਿਨ ਹੈ ਨਾਰੀ ਦਾ ਫ਼ਿਰ ਬਾਕੀ ਦੇ ਦਿਨ ਕਿਸਦੇ ਨੇ??
ਮੈਂ ਪੁੱਛਿਆ ਨਹੀਂ, ਮੈਂ ਦੱਸਿਆ ਨਹੀਂ, ਬਸ ਸੁਣਿਆ ਸੀ ਓਹ ਕਹਿੰਦੀ ਏ

ਇੱਕ ਸਤੀ ਦੀ ਰਸਮ ਵੀ ਚੰਗੀ ਸੀ ਤੂੰ ਨਾਲ ਪਤੀ ਦੇ ਸੜਦੀ ਸੀ
ਖ਼ੁਦ ਪਤੀ ਜਲਾਵੇ  ਜੇ ਤੈਨੂੰ ਇਸ ਕਾਰੇ ਨੂੰ ਕੀ ਕਹਿੰਦੀ ਏ

“ਮੀਤ” ਵੀ ਧੋਖਾ ਦਈ ਜਾਂਦਾ ਕਰ ਗੱਲਾਂ ਚਾਰ – ਚੁਫੇਰ ਦੀਆਂ
ਇਹ ਕੀ ਜਾਣੇਂ ਅੱਜ ਵੀ ਨਾਰੀ ਤੰਦੂਰ ਚ ਸੜਦੀ ਰਹਿੰਦੀ ਏ।।

………✍️ ਮਲਕੀਤ ਮੀਤ

Previous articleਗੱਲਾਂ
Next articleਕਾਰਪੋਰੇਟ ਅਤੇ ਕਿਸਾਨੀ ਵਿੱਚ ਸਮਾਨਤਾ ਕਿਉਂ ਨਹੀਂ ?