ਬਜ਼ੁਰਗ ਨੇ ਸਮਝਾਇਆ ਕਿ ਨੂੰਹਾਂ ਅਤੇ ਧੀਆਂ ਵਿੱਚ ਕੀ ਫਰਕ ਹੁੰਦਾ ਹੈ,

(ਸਮਾਜਵੀਕਲੀ)

ਇੱਕ ਦਿਨ ਮੈਂ ਅਤੇ ਮੇਰੀ ਸਿੰਘਣੀ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸੀ, ਗੱਡੀ ਦੇ ਜਰਨਲ ਡੱਬਿਆਂ ਵਿੱਚ ਭੀੜ ਜਿਆਦਾ ਹੋਣ ਕਾਰਨ ਅਸੀਂ ਕਾਹਲੀ ਨਾਲ ਬੁਕਿੰਗ ਵਾਲੇ ਡੱਬੇ ਵਿੱਚ ਚੜ੍ਹ ਗਏ, ਡੱਬੇ ਦੇ ਬਾਰ ਨੇੜਲੀ ਸੀਟ ਉੱਤੇ ਇੱਕ ਬਜ਼ੁਰਗ ਅਤੇ ਛੋਟੀ ਉਮਰ ਦੀ ਇਸਤਰੀ ਬੈਠੇ ਸਨ, ਉਹਨਾਂ ਨੇ ਸਾਨੂੰ ਕੋਲ ਬੈਠਣ ਲਈ ਥਾਂ ਦੇ ਦਿੱਤੀ, ਅਸੀਂ ਉਹਨਾਂ ਦਾ ਧੰਨਵਾਦ ਕਰਦਿਆਂ, ਬੈਠਦਿਆਂ ਹੀ ਗੱਲਾਂ ਬਾਤਾਂ ਕਰਨ ਲੱਗ ਪਏ, ਤਾਂ ਪਤਾ ਲੱਗਿਆ ਕਿ ਉਹ ਬਜ਼ੁਰਗ ਅਤੇ ਇਸਤਰੀ ਪਿਓ ਧੀ ਸਨ, ਉਸ ਇਸਤਰੀ ਨੇ ਦੱਸਿਆ ਕਿ ਮੇਰੇ ਦੋ ਭਰਾ ਹਨ, ਦੋਹੇਂ ਵਿਆਹੇ ਹੋਏ ਹਨ।

ਦੋਹੇਂ ਨੂੰਹਾਂ ਇਸ ਦੀ ਸੰਭਾਲ ਨਹੀਂ ਕਰ ਰਹੀਆਂ ਸਨ, ਇਸ ਲਈ ਮੈਂ ਆਪਣੇ ਪਿਓ ਨੂੰ ਸੰਭਾਲਣ ਲਈ ਆਪਣੇ ਸਹੁਰੇ ਘਰ ਲੈ ਕੇ ਜਾ ਰਹੀ ਹਾਂ, ਹੋਰ ਵੀ ਬਹੁਤ ਗੱਲਾਂ ਹੋਈਆਂ, ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਉਸ ਇਸਤਰੀ ਪ੍ਰਤੀ ਮਨ ਵਿੱਚ ਕਾਫੀ ਹਮਦਰਦੀ ਅਤੇ ਸਤਿਕਾਰ ਵੱਧ ਗਿਆ, ਦੋ ਘੰਟੇ ਦਾ ਸਮਾਂ ਇੰਜ ਲੱਗੇ ਜਿਵੇਂ ਪੰਦਰਾਂ ਵੀਹ ਮਿੰਟ ਹੀ ਹੋਏ ਹੋਣ, ਆਪਣੇ ਆਪ ਨੂੰ ਇਉਂ ਮਹਿਸੂਸ ਹੋਵੇ ਕਿ ਅੱਜ ਤਾਂ ਆਪਣੀ ਯਾਤਰਾ ਸਫਲ ਹੋ ਗਈ ਹੈ, ਇੱਕ ਉੱਤਮ ਸੋਚ ਵਾਲੀ ਭੈਣ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਹੈ, ਮੈਂ ਉਸ ਦੀ ਅਜਿਹੀ ਸੇਵਾ ਭਾਵਨਾ ਵਾਲੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭੈਣ ਜੀ ਤਾਂ ਹੀ ਤਾਂ ਕਹਿੰਦੇ ਹਨ ਕਿ ਪੁੱਤ ਵੰਡਾਉਣ ਜਮੀਨਾਂ ਧੀਆਂ ਦਰਦ ਵੰਡਾਉਂਦੀਆਂ ਨੇ, ਅਸੀਂ ਉਸ ਭੈਣ ਨਾਲ ਹੋਏ ਸਾਥ ਅਤੇ ਉਸ ਦੀ ਸੇਵਾ ਸਤਿਕਾਰ ਵਾਲੀ ਸੋਚ ਤੋਂ ਖੁਸ਼ ਸੀ ਅਤੇ ਉਹ ਭੈਣ ਵੀ ਆਪਣੇ ਵਾਰੇ ਦੱਸ ਕੇ ਅਤੇ ਸਾਡੇ ਵੱਲੋਂ ਕੀਤੀ ਆਪਣੀ ਪ੍ਰਸੰਸਾ ਸੁਣ ਕੇ ਖੁਸ਼ ਸੀ।

ਪਰ ਉਹ ਬਜ਼ੁਰਗ ਸਾਡੀਆਂ ਗੱਲਾਂ ਤਾਂ ਸੁਣਦਾ ਰਿਹਾ, ਦੋ ਘੰਟਿਆਂ ਦੇ ਸਫਰ ਦੌਰਾਨ ਬੋਲਿਆ ਕੁੱਝ ਵੀ ਨਹੀਂ ਸੀ, ਉਹਨਾਂ ਦਾ ਸਟੇਸ਼ਨ ਨੇੜੇ ਆਉਣ ਵਾਲ਼ਾ ਸੀ ਉਹ ਭੈਣ ਉਠ ਕੇ ਬਾਥਰੂਮ ਵਿੱਚ ਚਲੀ ਗਈ, ਉਸ ਦੇ ਚਲੇ ਜਾਣ ਤੇ ਬਜ਼ੁਰਗ ਬੋਲਿਆ ਕਹਿੰਦਾ ਭਾਈ ਨਾ ਤਾਂ ਸਾਰੇ ਪੁੱਤ ਜਾਂ ਜਵਾਈ ਮਾੜੇ ਹੁੰਦੇ ਹਨ ਨਾ ਸਾਰੀਆਂ ਧੀਆਂ ਜਾਂ ਨੂੰਹਾਂ ਮਾੜੀਆਂ ਹੁੰਦੀਆਂ ਨੇ, ਅਸਲ ਵਿੱਚ ਇਹ ਦਰਦ ਵੰਡਾਉਣ ਵਾਲੀਆਂ ਧੀਆਂ ਹੀ ਦਰਦ ਦਿੰਦੀਆਂ ਹਨ, ਇਹ ਧੀਆਂ ਆਪਣੇ ਮਾਂ ਪਿਓ ਨੂੰ ਤਾਂ ਦਿਲੋਂ ਪਿਆਰ ਕਰਦੀਆਂ ਹਨ ਅਤੇ ਸੱਸ ਸਹੁਰੇ ਨੂੰ ਤਾਂ ਆਪਣੇ ਰਾਹ ਦਾ ਰੋੜਾ ਸਮਝ ਕੇ ਇੰਨੀ ਨਫਰਤ ਕਰਦੀਆਂ ਹਨ ਕਿ ਉਹਨਾਂ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੀਆਂ, ਪੁੱਤਾਂ ਵਿੱਚ ਜੁਅਰਤ ਨਹੀਂ ਰਹੀ ਕਿ ਉਹ ਆਪਣੇ ਮਾਂ ਪਿਓ ਦੀ ਸੰਭਾਲ ਲਈ ਆਪਣੀਆਂ ਘਰਵਾਲੀਆਂ ਨੂੰ ਕਹਿ ਸਕਣ, ਅਤੇ ਇਹ ਕਹਿਣ ਕਿ ਮੇਰੇ ਮਾਂ ਪਿਓ ਵੀ ਤੇਰੇ ਮਾਂ ਪਿਓ ਜਿੰਨੇ ਸਤਿਕਾਰ ਯੋਗ ਹਨ।

ਖਬਰਦਾਰ ਜੇ ਮੇਰੇ ਮਾਂ ਪਿਓ ਦੀ ਸ਼ਾਨ ਦੇ ਖਿਲਾਫ ਇਕ ਵੀ ਸ਼ਬਦ ਬੋਲਿਆ, ਜਿਹੜੀਆਂ ਆਹ ਧੀਆਂ ਆਪਣੇ ਮਾਂ ਪਿਓ ਨੂੰ ਸੰਭਾਲਣ ਦੀਆਂ ਗੱਲਾਂ ਕਰਦੀਆਂ ਹਨ, ਉਹ ਸਹੁਰੇ ਘਰ ਜਾ ਕੇ ਸੱਸ ਸਹੁਰੇ ਨੂੰ ਮਾਂ ਪਿਓ ਸਮਝ ਕੇ ਕਿਉਂ ਨਹੀਂ ਸੰਭਾਲਦੀਆਂ, ਨੂੰਹਾਂ ਵੀ ਤਾਂ ਧੀਆਂ ਹੀ ਹੁੰਦੀਆਂ ਨੇ, ਠੀਕ ਹੈ ਕਿ ਮੇਰੀਆਂ ਨੂੰਹਾਂ ਮੈਨੂੰ ਨਹੀਂ ਸੰਭਾਲਦੀਆਂ ਸਨ, ਪਰ ਆਹ ਜੋ ਮੇਰੀ ਧੀ ਮੈਨੂੰ ਸੰਭਾਲਣ ਲਈ ਲੈ ਕੇ ਜਾ ਰਹੀ ਹੈ, ਇਸ ਦੇ ਦੁੱਖੀ ਕੀਤੇ ਇਸ ਦੇ ਸੱਸ ਸਹੁਰਾ (ਮੇਰੇ ਕੁੜਮ ਤੇ ਕੁੜਮਣੀ) ਵੀ ਆਪਣੀ ਧੀ ਕੋਲ ਬੈਠੇ ਹਨ, ਬੱਸ ਭਾਈ ਚੁੱਪ ਹੀ ਭਲੀ ਹੈ, ਖਾਲਸਾ ਜੀ, ਜਿਸ ਪਿੰਡ ਵਿੱਚ ਸਾਰੀ ਉਮਰ ਬਿਤਾਈ ਹੈ ਉਸ ਪਿੰਡ ਨੂੰ ਛੱਡ ਕੇ ਬਿਗਾਨੇ ਪਿੰਡ ਧੀ (ਕੁੜਮਾਂ) ਦੇ ਘਰ ਇਹ ਆਖਰੀ ਬਚਿਆ ਸਮਾਂ ਲੰਘਾਉਣਾ ਮੈਨੂੰ ਤਾਂ ਨਰਕ ਤੋਂ ਵੀ ਮਾੜਾ ਲੱਗਦਾ ਹੈ, ਉਥੇ ਜਾ ਕੇ ਕੀ ਹੁਣ ਮੇਰੀ ਇੱਜਤ ਵਧੇਗੀ ?

ਰੱਬ ਜੇ ਰੋਟੀ ਦੇਵੇ ਤਾਂ ਆਪਣੇ ਘਰ ਵਿੱਚ ਹੀ ਦੇਵੇ ਨਹੀ ਤਾਂ ਮੌਤ ਦੇ ਦੇ, ਇੰਨਾ ਕਹਿ ਕੇ ਬਜ਼ੁਰਗ ਚੁੱਪ ਹੋ ਗਿਆ, ਬਜ਼ੁਰਗ ਦੀਆਂ ਗੱਲਾਂ ਸੁਣ ਕੇ ਅਸੀਂ ਵੀ ਹੈਰਾਨ ਹੁੰਦਿਆਂ ਚੁੱਪ ਹੋ ਗਏ, ਦੋ ਘੰਟਿਆਂ ਦੀਆਂ ਕਥਾ ਕੀਰਤਨ ਵਰਗੀਆਂ ਲੱਗਦੀਆਂ ਗੱਲਾਂ ਦੀ ਬਜੁਰਗ ਨੇ ਦੋ ਮਿੰਟਾਂ ਵਿੱਚ ਅਸਲੀਅਤ ਸਾਹਮਣੇ ਲਿਆ ਕੇ ਧਰ ਦਿੱਤੀ ਸੀ, ਅਤੇ ਸਮਝਾਇਆ ਕਿ ਨੂੰਹਾਂ ਅਤੇ ਧੀਆਂ ਵਿੱਚ ਕੀ ਫਰਕ ਹੁੰਦਾ ਹੈ, ਇੰਨੇ ਨੂੰ ਉਸ ਦੀ ਧੀ ਵੀ ਆ ਗਈ, ਪਰ ਹੁਣ ਉਸ ਨੂੰ ਵੇਖ ਕੇ ਅਸੀਂ ਚੁੱਪ ਸੀ, ਉਸ ਦੇ ਬਾਥਰੂਮ ਜਾਣ ਤੋਂ ਪਹਿਲਾਂ ਵਾਲਾ ਸਤਿਕਾਰ ਉੱਡ ਚੁੱਕਿਆ ਸੀ, ਸਰਵਣ ਪੁੱਤ ਵਰਗੀ ਲੱਗਦੀ ਧੀ ਵਿੱਚੋਂ ਹੁਣ ਬਜ਼ੁਰਗ ਵੱਲੋਂ ਵਿਖਾਈ ਨੂੰਹ ਦਿਸ ਰਹੀ ਸੀ।


ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ – 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)

ਮੋ: 94170-23911,

e-mail : harlajsingh7 @ gmail.com

Previous articleਐਂਟੀ ਕੋਰੋਨਾ ਟਾਸਕ ਫੋਰਸ ਨੇ ਲੋਕਾਂ ਨੂੰ ਮਾਸਕ ਵੰਡੇ – ਅਸ਼ੋਕ ਸੰਧੂ
Next articleਦੇਸ਼ ’ਚ ਪ੍ਰਾਈਵੇਟ ਰੇਲ ਸੇਵਾ ਅਪਰੈਲ 2023 ਤੱਕ ਹੋ ਜਾਵੇਗੀ ਸ਼ੁਰੂ