ਬੋਲੀਆਂ

ਜਤਿੰਦਰ ਭੁੱਚੋ
(ਸਮਾਜ ਵੀਕਲੀ)

ਰੜਕੇ ਰੜਕੇ ਰੜਕੇ
ਤੇਰਾ ਹਾਕਮਾ ਜਲੂਸ ਕੱਢਣਾ
ਕੱਢਣਾ ਦਿੱਲੀ ਦੇ ਵਿੱਚ ਵੜ ਕੇ  …..
ਹਾਰੇ ਹਾਰੇ ਹਾਰੇ
ਤੈਨੂੰ ਦਿਨੇ ਦਿਖਾਉਂਦੇ ਤਾਰੇ
 ਵੇਖ ਪੰਜਾਬੀਆਂ ਦੇ
ਹਾਕਮਾ ਰੋਸ ਮੁਜ਼ਾਹਰੇ
ਵੇਖ ਪੰਜਾਬੀਆਂ ਦੇ …..
ਛੋਲੇ ਛੋਲੇ ਛੋਲੇ
ਸੰਘੀ ਘੁੱਟ ਕੇ ਖਸਮ ਨੇ ਰੱਖੀ
ਬੁੱਲ੍ਹ  ਖੋਲ੍ਹਦੈਂ ਪੋਲੇ ਪੋਲੇ
ਗੋਦੀ ਮੀਡੀਆ ਜੀ
 ਖਾਂਦਾ ਏ ਡਿੱਕ ਡੋਲੇ
ਗੋਦੀ ਮੀਡੀਆ ਜੀ…….
ਧਾਵੇ ਧਾਵੇ ਧਾਵੇ
ਇਕੱਠ ਗੱਭਰੂਆਂ ਦਾ
ਨਿੱਤ ਦਿੱਲੀ ਨੂੰ ਜਾਵੇ
ਸ਼ਾਂਤੀਪੂਰਵਕ ਬਹਿ ਕੇ ਉਥੇ
 ਕਰਦੇ ਰੋਸ ਵਿਖਾਵੇ
ਅੰਨਦਾਤੇ ਨਾਲ ਸਿੱਧਾ ਧੱਕਾ
ਜਿਓਣਾ ਆਖ ਸੁਣਾਵੇ
ਹਾਕਮ ਬੋਲੇ ਨੂੰ
ਭੋਰਾ ਸ਼ਰਮ ਨਾ ਆਵੇ
ਹਾਕਮ ਬੋਲੇ ਨੂੰ  …….
ਹਰਨਾ ਹਰਨਾ ਹਰਨਾ
ਦਿੱਲੀ ਵਿੱਚ ਕਿਸਾਨ ਬਹਿ ਗਿਆ
ਬਹਿ ਗਿਆ ਵਿਛਾ ਕੇ ਪਰਨਾ
 ਐਡਾ ਵੱਡਾ ਇਕੱਠ ਹੋ ਗਿਆ
ਬਣ ਗਿਆ ਇਤਿਹਾਸੀ ਧਰਨਾ
ਹਾਕਮ ਡੌਰ ਭੌਰ ਹੋ ਗਿਆ
ਬਣ ਗਿਆ ਖੇਤ ਦਾ ਡਰਨਾ
ਕਾਲੇ ਕਾਨੂੰਨਾਂ ਨੂੰ
ਰੱਦ ਕਰੇ ਬਿਨਾਂ ਨੀ ਸਰਨਾ
ਕਾਲੇ ਕਾਨੂੰਨਾਂ ਨੂੰ  …….
ਖਾਂਦਾ ਪੀਂਦਾ ਉੱਠਦਾ ਬਹਿੰਦਾ
 ਛੜਾ ਇਹ ਹਾਕਮ ਜੀ
ਮਨ ਕੀ ਬਾਤ ਸੁਣਾਉਂਦਾ ਰਹਿੰਦਾ    …….
ਦਿੱਲੀ ਦੇ ਵਿੱਚ ਇਕੱਠ ਹੋ ਗਿਆ
 ਇਕੱਠ ਹੋ ਗਿਆ ਭਾਰੀ
 ਗੋਦੀ ਮੀਡੀਆ ਨੇ
 ਫੋਕੀ ਸੁਲ੍ਹਾ ਨਾ ਮਾਰੀ
ਗੋਦੀ ਮੀਡੀਆ ਨੇ……..
ਚੁੱਪ ਹੁਣ  ਵੱਟੀ ਬੈਠਾ
 ਸਾਡੇ ਤੂੰ ਹੱਕ ਖੋਹ ਕੇ
ਮਰਜਾ ਹਾਕਮਾਂ ਵੇ
ਮਰਜਾ ਚੱਪਣੀ ਚ ਨੱਕ ਡੁਬੋ ਕੇ
ਮਰ ਜਾ ਹਾਕਮਾਂ ਵੇ……
ਆ ਵੇ ਮੋਦੀ ਬਹਿ ਵੇ ਮੋਦੀ
ਤੈਨੂੰ ਦੁੱਖ ਸੁਣਾਈਏ ਬਹਿ ਕੇ
ਉੱਚੀ ਉੱਚੀ  ਅਸੀਂ ਲਾਉਂਦੇ ਨਾਅਰੇ
ਤੂੰ ਲੰਘ ਜਾਨੈ ਸਹਿ ਕੇ
ਡੁੱਬ ਜਾਵੇਂਗਾ
ਨਾਲ ਪੰਜਾਬੀਆਂ ਖਹਿ ਕੇ
 ਤੂੰ  ਡੁੱਬ ਜਾਵੇਂਗਾ    …..
ਬਾਰੀ ਬਰਸੀ ਖੱਟਣ ਗਿਆ ਸੀ
 ਖੱਟ ਕੇ ਲਿਆਂਦਾ ਕੜਾ
ਸਾਨੂੰ ਮਾਰ ਗਿਆ
ਸਾਡਾ ਹਾਕਮ ਛੜਾ
ਸਾਨੂੰ ਮਾਰ ਗਿਆ  …….
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀਆਂ ਦਾਖਾਂ
ਸਿਆਣਾ ਬਣ ਜਾ ਵੇ
ਤੈਨੂੰ ਹਾਕਮਾਂ ਆਖਾਂ
ਸਿਆਣਾ ਬਣ ਜਾ  ਵੇ  …..
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਫੀਤਾ
ਕਿਸਾਨ ਮਜ਼ਦੂਰਾਂ ਦਾ
ਹਾਕਮਾਂ ਚਾਹੁਣਾ ਦੁੱਭਰ ਕੀਤਾ
ਕਿਸਾਨ ਮਜ਼ਦੂਰਾਂ ਦਾ ……
ਛੜਾ ਛੜਾ ਨਾ ਆਖੋ ਲੋਕੋ
ਇਹ ਛੜਾ ਬੜਾ ਹੰਕਾਰੀ
ਲੋਕ ਵਿਰੋਧੀ ਕਾਨੂੰਨ ਬਣਾਵੇ
ਇਹਦੀ ਮੱਤ ਪਈ ਏ ਮਾਰੀ
ਮਨ ਕੀ ਬਾਤ ਸੁਣਾਉਂਦਾ ਰਹਿੰਦਾ
ਇਹਨੂੰ ਲੱਗੀ ਕੋਈ ਬਿਮਾਰੀ
ਬੈਠੇ ਧਰਨੇ ਤੇ
ਅਸੀਂ ਪੂਰੀ ਨਾਲ ਤਿਆਰੀ
ਬੈਠੇ ਧਰਨੇ ਤੇ…….
ਦਿੱਲੀ ਦੇ ਵਿੱਚ ਮੋਰਚਾ ਪੱਕਾ
ਜੋ ਵੀ ਉੱਥੇ ਜਾਵੇ
ਮਨ ਨੂੰ ਕਰੜਾ ਕਰਕੇ ਰੱਖੇ
ਜੋ ਹਾਕਮ ਮੂੰਹ ਦੀ ਖਾਵੇ
ਜਿਉਣਾ ਭੁੱਚੋ  ਦਾ
ਇਹੋ ਹੋਕਾ ਲਾਵੇ
ਜਿਉਣਾ ਭੁੱਚੋ  ਦਾ ….
ਪੰਜਾਬੀਆਂ ਨੇ ਇਤਿਹਾਸ ਸਿਰਜਤਾ
ਦਿੱਲੀ ਦੇ ਵਿਚ ਜਾ ਕੇ
ਕਿਸਾਨ ਮਜ਼ਦੂਰ ਮੁਲਾਜ਼ਮ ਏਕਾ
ਸਭ ਨੇ ਇੱਕੋ ਰੰਗ ਵਿਖਾ ਕੇ
ਦੁਨੀਆਂ ਜਿੱਤ ਲਈ ਏ
ਖੁੱਲ੍ਹੇ ਲੰਗਰ ਲਾ ਕੇ
ਦੁਨੀਆਂ ਜਿੱਤ ਲਈ ਏ…..
ਇੰਕਲਾਬ ਦਾ ਮੇਲਾ ਲੱਗਿਆ
ਲੱਗਿਆ ਦਿੱਲੀ ਦੇ ਵਿੱਚ ਜਾ ਕੇ
ਬਾਬੇ ਰੁਲ਼ਦੂ ਦੇ ਨਾਲ ਜਿਉਣਾ ਉਥੇ
ਤੁਸੀਂ ਵੀ ਵੇਖੋ ਸਾਰੇ ਆ ਕੇ
ਘਰਾਂ ‘ਚ ਹੁਣ ਵੀ ਸੁੱਤੇ ਜਿਹੜੇ
ਮਰਜੋ ਸ਼ਰਮਾ ਖਾ ਕੇ
ਘਰਾਂ ‘ਚ ਹੁਣ ਵੀ ਸੁੱਤੇ ਜਿਹੜੇ ……
ਜਤਿੰਦਰ ਭੁੱਚੋ 
9501475400
Previous articleAre there any Human Rights of a Missing Soldier?
Next articleਹੱਥ ਕੰਡਿਆਂ ਦਾ ਸਿਲਸਲਾ