ਬੋਝ

ਲਵਪ੍ਰੀਤ ਕੌਰ

(ਸਮਾਜ ਵੀਕਲੀ)

ਅੱਜ ਐਤਵਾਰ ਹੋਣ ਕਰਕੇ ਜਵਾਕਾਂ ਨੂੰ ਟਿਊਸ਼ਨ ਤੋਂ ਛੁੱਟੀ ਸੀ …..ਮੈਂ ਵਿਹਲੀ ਬੈਠੀ ਬੋਰ ਹੋ ਗਈ ।ਸੋਚਿਆ ਕਿ ਮਾਂ ਨਾਲ ਕੋਈ ਕੰਮ ਵਿੱਚ ਹੱਥ ਵਟਾ ਦਵਾ….ਮੈਂ ਬਿਨਾਂ ਕੁੱਝ ਪੁੱਛੇ ਜਾ ਕੇ ਮਾਂ ਨਾਲ ਸਬਜ਼ੀ ਕੱਟਵਾਉਣ ਲੱਗ ਗਈ । ਅਸੀਂ ਘਰ ਬਾਰੇ ਹੀ ਕੁੱਝ ਗੱਲਾਂ ਕਰ ਰਹੇ ਸੀ …….ਬਾਹਰੋਂ ਗੇਟ ਵਿੱਚ ਆਵਾਜ਼ ਆਈ ……”ਕੁੜੇ ਕੋਈ ਘਰ ਹੈਗਾ ਕਿ ਨਹੀਂ..? ਕੋਈ ਬੋਲਦਾ ਹੀ ਨੀਂ…?” ਇਹ ਆਵਾਜ਼ ਚਾਚੀ ਕਰਤਾਰੀ ਦੀ ਸੀ ।ਆਜਾ ਚਾਚੀ ਲੰਘ ਆ ਅੱਗੇ …..ਅੱਜ ਹਵਾ ਸੋਹਣੀ ਚੱਲਦੀ ਸੀ ਨਿੰਮ ਥੱਲੇ ਹੀ ਮੰਜਾਂ ਡਾਹ ਲਿਆ ….ਮਾਂ ਨੇ ਚਾਚੀ ਨੂੰ ਦੱਸਿਆ ।

ਅੱਛਾ ਇਹ ਤਾਂ ਚੰਗਾ ਕੀਤਾ ਕੁੜੇ…….ਏ ਕੂਲਰ, ਪੱਖਿਆਂ ਦੀ ਹਵਾ ਕਿੱਥੇ ਰੀਸ ਕਰਲੂ ਦੇਸੀ ਏ.ਸੀ ਦੀ ।

ਕੁਦਰਤੀ ਹਵਾ ਤਾਂ ਸਗੋਂ ਸਰੀਰ ਲਈ ਲਾਹੇਵੰਦ ਆ…..ਚਾਚੀ ਨੇ ਮਸਕਰੀ ਕਰਦੀ ਨੇ ਆਖਿਆ ਤੇ ਪਿੱਛੋਂ ਮਿੰਨਾਂ ਜਾ ਹੱਸ ਪਈ ।ਮਾਂ ਨੇ ਸਤਿਕਾਰ ਵਜੋਂ ਚਾਚੀ ਦੇ ਪੈਰੀ ਹੱਥ ਲਗਾਏ ਤੇ ਮੈਂ ਵੀ ਉੱਪਰਲੇ ਮਨੋਂ ਆਖ ਦਿੱਤਾ ……. ਚਾਚੀ ਜੀ ਸਤਿ ਸ੍ਰੀ ਅਕਾਲ ।
ਅੱਗੋਂ ਚਾਚੀ ਨੇ ਜਵਾਬ ਦਿੱਤਾ……..ਸਤਿ ਸ੍ਰੀ ਅਕਾਲ ਧੀਏ ।

ਹੋਰ ਠੀਕ -ਠਾਕ ਭਾਈ …ਹਾਂਜੀ ਸਭ ਵਧੀਆ ।

ਮੈਂ ਅੱਗੇ ਕੁੱਝ ਬੋਲਣਾ ਨੀ ਚਾਹੁੰਦੀ ਸੀ । ਮੈਨੂੰ ਕਰਤਾਰੀ ਚਾਚੀ ਸ਼ੁਰੂ ਤੋਂ ਚੰਗੀ ਨੀ ਲੱਗਦੀ ਸੀ ……ਬੇਸ਼ੱਕ ਉਹ ਸਾਡੇ ਘਰਾਂ ਵਿੱਚੋਂ ਵੱਡੀ ਸੀ।ਉਸਦੀ ਇੰਨੀ ਮਾੜੀ ਆਦਤ ਸੀ ਕਿ ਜਿਸ ਘਰ ਚਲੀ ਜਾਂਦੀ ਉਸ ਘਰ ਲੜਾਈ ਪਵਾ ਦਿੰਦੀ …..ਉਹਨੂੰ ਕੋਈ ਬਹੁਤਾ ਮੂੰਹ ਨਾ ਲਾਉਂਦਾ ।
ਮਾਂ ਨੂੰ ਪਤਾ ਸੀ ਮੈਨੂੰ ਕਰਤਾਰੀ ਚਾਚੀ ਦੀਆਂ ਗੱਲਾਂ ਚੰਗੀਆਂ ਨੀ ਲੱਗਦੀ ਆ ……ਮਾਂ ਨੇ ਮੈਨੂੰ ਚਾਹ ਬਣਾਉਣ ਦਾ ਇਸ਼ਾਰਾ ਕੀਤਾ …..ਮੈਂ ਉੱਥੋਂ ਚੁੱਪ -ਚਾਪ ਉੱਠਕੇ ਚਾਹ ਧਰ ਦਿੱਤੀ ।

ਚਾਚੀ ਹੌਲੀ -ਹੌਲੀ ਗੱਲਾਂ ਕਰਨ ਲੱਗੀ ……. ਧੀਏ ਹੈ ਤਾਂ ਤੂੰ ਬਹੁਤ ਸਿਆਣੀ ਮੇਰੀ ਗੱਲ ਦਾ ਬੁਰਾ ਨਾ ਮੰਨੀ …….ਧੀਆਂ ਨੂੰ ਵਾਲਾ ਟਾਈਮ ਨੀ ਗਲ ਨਾਲ ਲਾ ਕੇ ਰੱਖੀ ਦਾ ।

 

ਹਾਂ ਸੱਚ ਕੁੜੇ…….ਤੁਸੀਂ ਆਪਣੀ ਪ੍ਰੀਤ ਲਈ ਕੋਈ ਮੁੰਡਾ ਲੱਭਣਾ ਸ਼ੁਰੂ ਕੀਤਾ ਕੋਈ ਕਿ ਨਹੀਂ…….ਸੁੱਖ ਨਾਲ ਜਵਾਨ ਹੋ ਗਈ ਬਥੇਰਾ ਪੜ੍ਹਾ -ਲਿਖਿਆ ਦਿੱਤਾ ……ਬਾਕੀ ਭਾਈ ਆਪੇ ਮੁੰਡੇ ਵਾਲੇ ਪੜ੍ਹਾ ਲੈਣਗੇ ।

ਆਪਾਂ ਕਿਹੜਾ ਧੀਆਂ ਦੀ ਕਮਾਈ ਖਾਣੀ ਆ …….ਕਿਉਂ ਪੈਸੇ ਫੂਕੀ ਜਾਣੇ ਓ ਭਾਈ ਕੁੜੀ ਤੇ……. ਆਪਣੇ ਜਵਾਕ ਦਾ ਵੀ ਘਰ-ਬਾਰ ਠੀਕ ਕਰਨਾ ।ਧੀਆਂ ਤਾਂ ਬੇਗਾਨਾ ਧਨ ਹੁੰਦੀਆਂ ਨੇ ਕੁੜੀ ਨੂੰ ਵਿਆਹ ਕੇ ਤੋਰਦੋ ਬੋਝ ਹਲਕਾ ਹੋਜੂ …….ਅਗਲਾ ਆਪਣੇ ਘਰ ਕੁੱਝ ਮਰਜ਼ੀ ਕਰਵਾਏ ।ਮੈਨੂੰ ਚਾਚੀ ਦੀਆਂ ਗੱਲਾਂ ਸੁਣ-ਸੁਣ ਇੰਨਾਂ ਹਰਖ ਆਵੇ …..ਚਾਹ ਤੋਂ ਜਿਆਦਾ ਮੈਨੂੰ ਮੇਰਾ ਖੂਨ ਉਬਾਲੇ ਮਾਰਦਾ ਲੱਗੇ …..ਦਿਲ ਕਰੇ ਗਰਮ- ਗਰਮ ਚਾਹ ਹੀ ਜਾ ਕੇ ਚਾਚੀ ਕਰਤਾਰੀ ਦੇ ਸਿਰ ਵਿੱਚ ਪਾ ਦਵਾ ।

ਉਦੋਂ ਨੂੰ ਚਾਚੀ ਨੇ ਅਗਲੀ ਗੱਲ ਸ਼ੁਰੂ ਕਰ ਦਿੱਤੀ …..ਕੁੜੇ ਤੁਸੀਂ ਸੁਣਿਆ ਫਲਾਣੇ ਦੀ ਕੁੜੀ ਭੱਜ ਗਈ । ਪਿੰਡ ਵਿੱਚ ਅੱਗ ਵਾਂਗ ਗੱਲ ਫਲਾਉਣੀ ਤਾਂ ਕੋਈ ਚਾਚੀ ਕਰਤਾਰੀ ਤੋਂ ਸਿੱਖੇ …..ਇੱਕ ਮਾੜੇ ਟੀ.ਵੀ ਚੈਨਲ ਜਿੰਨੀਆਂ ਖ਼ਬਰਾਂ ਇਕੱਠੀਆਂ ਕਰਕੇ ਘਰ-ਘਰ ਪਹੁੰਚਾ ਦਿੰਦੀ…..ਉਸਨੂੰ ਅਕਸਰ ਪਿੰਡ ਵਿੱਚ ਪੱਤਰਕਾਰ ਆਖਦੇ ……ਉਹ ਕੇਹਰ ਸਿੰਘ ਦੇ ਇੱਕ ਹੋਰ ਕੁੜੀ ਹੋ ਗਈ …..ਏ ਚੰਦਰੀਆਂ ਬਾਦ ਪਈਆਂ ਮਾੜੀਆਂ ਨੇ। ਕਿੱਥੇ ਇੰਨਾਂ ਬੋਝ ਉਠਾਉ ਇਕੱਲਾ …..ਭਾਈ ਜਮਾਨਾ ਬਹੁਤ ਮਾੜਾ ਹੁਣ …..ਇਹ ਤਾਂ ਜੰਮਦੀਆਂ ਹੀ ਬੋਝ ਹੁੰਦੀਆਂ ਨਾ। ਲੋਕਾਂ ਦੀ ਲੱਜ (ਸ਼ਰਮ ) ਨੂੰ ਦਹੇਜ ਦੇਣਾ ਪੈਂਦਾ…ਅੱਗੇ ਸੁੱਖ -ਦੁੱਖ ਇਹਨਾਂ ਦੇ ਕਰਮਾਂ ਦਾ।

ਮੇਰੀ ਚੁੱਪ ਬਹੁਤਾ ਵਖ਼ਤ ਨਾ ਟਿਕ ਸਕੀ …..ਜੋ ਸੱਚ ਹੁੰਦਾ ਮੈਂ ਸਿੱਧਾ ਹੀ ਮੂੰਹ ਤੇ ਬੋਲ ਦਿੰਨੀ ਆਂ……..ਗੁੱਸੇ ਵਿੱਚ ਆਖਿਆ ਹੀ ਗਿਆ ਮੇਰੇ ਤੋਂ…..ਫਿਰ ਤਾਂ ਤੁਸੀਂ ਵੀ ਬੋਝ ਹੀ ਸੀ ਆਪਣੇ ਮਾਂ-ਬਾਪ ਦੇ ਘਰ ….ਤੁਹਾਡੇ ਤੋਂ ਪਹਿਲਾਂ ਤੁਹਾਡੀ ਮਾਂ….ਨਾਨੀ ਮਾਂ ਉਹ ਵੀ ਬੋਝ ਹੋਣਗੇ । ਜੇ ਔਰਤ ਨਾਂ ਹੁੰਦੀ ਤਾਂ ਅੱਜ ਇਸ ਧਰਤੀ ਸਾਡੀ ਕੋਈ ਹੋਂਦ ਨਾ ਹੁੰਦੀ….ਤੁਸੀਂ ਅੱਗੇ ਆਪਣੇ ਮੁੰਡਿਆਂ ਦਾ ਵਿਆਹ ਨਾ ਕਰੇਓ …..ਤੁਹਾਡੇ ਘਰ ਵੀ ਕਿਸੇ ਦੀ ਧੀ ਨੇ ਵਿਆਹ ਕੇ ਆਉਣਾ ।ਅੱਗੇ ਉਸਦੇ ਵੀ ਕੁੜੀ ਜੰਮ ਪਈ ….ਬੋਝ ਚੁੱਕਣਾ ਔਖਾ ਹੋਜੂ ਚਾਚੀ ਜੀ। ਰੱਬ ਧੀਆਂ ਵੀ ਉਹਨਾਂ ਨੂੰ ਹੀ ਦਿੰਦਾ ਜਿੰਨ੍ਹਾਂ ਧੀ ਔਕਾਤ ਹੋਵੇ ਸਾਂਭਣ ਦੀ ।

ਇਹ ਸਭ ਸੁਣਕੇ ਚਾਚੀ ਕਰਤਾਰੀ ਗੁੱਸੇ ਵਿੱਚ ਉੱਠਕੇ ਤੁਰ ਗਈ ….ਮੈਨੂੰ ਐਵੇ ਜਾਪਦਾ ਸੀ ਜਿਵੇਂ ਮੇਰੇ ਤੋਂ ਕੋਈ ਸਦੀਆਂ ਪੁਰਾਣਾ ਬੋਝ ਲੈ ਗਿਆ ਹੋਵੇ। ਬਾਅਦ ਵਿੱਚ ਮੇਰੀ ਮਾਂ ਨੇ ਮੇਰੇ ਵੱਲ ਗੌਰ ਨਾਲ ਦੇਖਿਆ ਤੇ ਮੇਰੇ ਸਿਰ ਤੇ ਹੱਥ ਰੱਖ ਕਿਹਾ ” ਤੂੰ ਸੱਚ ਕਿਹਾ ਪੁੱਤ, ਧੀਆਂ ਕਦੇ ਵੀ ਬੋਝ ਨਹੀਂ ਹੁੰਦੀਆਂ ਸਗੋਂ ਉਹ ਤਾਂ ਸਮਾਜ ਦੀਆਂ ਸਿਰਜਨਹਾਰ ਨੇ, ਜੁੱਗ-ਜੁੱਗ ਜੀਅ ਮੇਰੀਏ ਧੀ ” ਇਹਨਾਂ ਕਹਿ ਮੈਨੂੰ ਬੁਕੱਲ ਵਿੱਚ ਘੁੱਟ ਲਿਆ।

ਲਵਪ੍ਰੀਤ ਕੌਰ ਚੈਹਿਲ
ਐਮ. ਏ. ਪੰਜਾਬੀ
ਸਰਕਾਰੀ ਕਾਲਜ ਮਾਲੇਰਕੋਟਲਾ
752699-6586

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਜ਼ੂਦ
Next articleਸੱਚ ਘਰ ਘਰ ਦਾ