ਪਹਿਲਾ ਟੈਸਟ ਮੈਚ ਖੇਡ ਰਹੇ ਬੈਨ ਫੋਕਸ ਨੇ ਜੁਝਾਰੂਪੂਰਨ ਨੀਮ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੂੰ ਸੰਕਟ ਵਾਲੀ ਸਥਿਤੀ ਵਿੱਚੋਂ ਕੱਢ ਦਿੱਤਾ ਹੈ। ਇੰਗਲੈਂਡ ਨੇ ਪੰਜ ਵਿਕਟਾਂ ’ਤੇ 103 ਦੌੜਾਂ ਦੇ ਸੰਕਟ ਵਾਲੇ ਹਾਲਾਤ ਤੋਂ ਉਭਰ ਕੇ ਸ੍ਰੀਲੰਕਾ ਖ਼ਿਲਾਫ਼ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਦੇ ਸ਼ੁਰੂਆਤੀ ਦਿਨ ਅੱਠ ਵਿਕਟਾ ’ਤੇ 321 ਦੌੜਾਂ ਬਣਾਈਆਂ। ਵਿਕਟਕੀਪਰ ਬੱਲੇਬਾਜ਼ ਫੋਕਸ ਨੂੰ ਜੌਹਨੀ ਬੇਅਰਸਟੋਅ ਦੇ ਅਨਫਿੱਟ ਹੋਣ ਕਾਰਨ ਮੌਕਾ ਮਿਲਿਆ ਸੀ, ਪਰ ਉਸ ਨੇ ਇਸ ਮੌਕੇ ਦਾ ਪੂਰਾ ਲਾਹਾ ਲਿਆ।
ਫੋਕਸ ਨੇ ਇਸ ਦੌਰਾਨ ਸੇਮ ਕੁਰੇਨ (48 ਦੌੜਾਂ) ਨਾਲ ਸੱਤਵੀਂ ਵਿਕਟ ਲਈ 88 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।
ਇੰਗਲੈਂਡ ਨੇ ਸ੍ਰੀਲੰਕਾ ਦੇ ਫ਼ਿਰਕੀ ਗੇਂਦਬਾਜ਼ ਰੰਗਨਾ ਹੈਰਾਥ ਦੇ ਆਖ਼ਰੀ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਖੱਬੇ ਹੱਥ ਦੇ ਬੱਲੇਬਾਜ਼ ਫੋਕਸ ਨੇ ਆਖ਼ਰੀ ਸੈਸ਼ਨ ਦੇ ਸ਼ੁਰੂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਉਸ ਨੇ ਛੇਵੀਂ ਵਿਕਟ ਲਈ ਜੋਸ ਬਟਲਰ (38 ਦੌੜਾਂ) ਨਾਲ 61 ਦੌੜਾਂ ਦੀ ਸਾਂਝੇਦਾਰੀ ਕੀਤੀ।
ਖੱਬੇ ਹੱਥ ਦੇ ਬੱਲੇਬਾਜ਼ ਕੁਰੇਨ ਨੇ ਹਮਲਾਵਰ ਬੱਲੇਬਾਜ਼ੀ ਕੀਤੀ। ਉਸ ਨੇ ਇੱਕ ਚੌਕਾ ਅਤੇ ਤਿੰਨ ਛੱਕੇ ਮਾਰੇ, ਪਰ ਸਿਰਫ਼ ਦੋ ਦੌੜਾਂ ਨਾਲ ਨੀਮ ਸੈਂਕੜਾ ਮਾਰਨ ਤੋਂ ਖੁੰਝ ਗਿਆ। ਆਦਿਲ ਰਾਸ਼ਿਦ ਨੇ ਵੀ 35 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਫੋਕਸ ਨਾਲ 54 ਦੌੜਾਂ ਦੀ ਸਾਂਝੇਦਾਰੀ ਕੀਤੀ।
ਫ਼ਿਰਕੀ ਗੇਂਦਬਾਜ਼ ਦਿਲਰੂਵਨ ਪਰੇਰਾ (70 ਦੌੜਾਂ ਦੇ ਕੇ ਚਾਰ ਵਿਕਟਾਂ) ਨੇ ਰਾਸ਼ਿਦ ਨੂੰ ਆਊਟ ਕਰਕੇ ਆਪਣੀ ਚੌਥੀ ਵਿਕਟ ਲਈ। ਸਟੰਪ ਉਖੜਨ ਸਮੇਂ ਫੋਕਸ ਨਾਲ ਜੈਕ ਲੀਚ 14 ਦੌੜਾਂ ’ਤੇ ਖੇਡ ਰਿਹਾ ਸੀ। ਇਸ ਤੋਂ ਪਹਿਲਾਂ ਖੱਬੇ ਹੱਥ ਦੇ ਫ਼ਿਰਕੀ ਗੇਂਦਬਾਜ਼ ਹੈਰਾਥ ਨੇ ਇੰਗਲੈਂਡ ਦੇ ਕਪਤਾਨ ਜੋਏ ਰੂਟ (35 ਦੌੜਾਂ) ਨੂੰ ਆਊਟ ਕਰਕੇ ਗਾਲ ਇੰਟਰਨੈਸ਼ਨਲ ਸਟੇਡੀਅਮ ’ਤੇ 100 ਵਿਕਟ ਲੈਣ ਦੀ ਉਪਲਬਧੀ ਹਾਸਲ ਕੀਤੀ।
ਕਿਸੇ ਇੱਕ ਖ਼ਾਸ ਮੈਦਾਨ ’ਤੇ 100 ਵਿਕਟਾਂ ਲੈਣ ਦਾ ਕਾਰਨਾਮਾ ਹੈਰਾਥ ਤੋਂ ਇਲਾਵਾ ਉਸ ਦੇ ਹਮਵਤਨ ਮੁਥਈਆ ਮੁਰਲੀਧਰਨ ਅਤੇ ਇੰਗਲੈਂਡ ਦੇ ਗੇਂਦਬਾਜ਼ ਜੇਮਜ਼ ਐਂਡਰਸਨ ਹੀ ਕਰ ਸਕੇ ਹਨ। ਮੁਰਲੀਧਰਨ ਨੇ ਗਾਲ, ਕੈਂਡੀ ਅਤੇ ਐਸਐਸਸੀ ਕੋਲੰਬੋ ਵਿੱਚ, ਜਦਕਿ ਐਂਡਰਸਨ ਨੇ ਲਾਰਡਜ਼ ਦੇ ਮੈਦਾਨ ’ਤੇ ਇਹ ਰਿਕਾਰਡ ਬਣਾਇਆ ਹੈ।
Sports ਬੈਨ ਫੋਕਸ ਨੇ ਇੰਗਲੈਂਡ ਨੂੰ ਸੰਕਟ ’ਚੋਂ ਕੱਢਿਆ