(ਸਮਾਜ ਵੀਕਲੀ)
ਦੀਵਾਲੀਆਂ ਵੀ ਲੰਘ ਗਈਆਂ,
ਲੋਹੜੀਆਂ ਵੀ ਲੰਘ ਗਈਆਂ।
ਹੋਲੀਆਂ ਵੀ ਐਤਕੀ ਤਾਂ,
ਹੋਲੀ ਖੇਡਣੋਂ ਸੰਗ ਗਈਆਂ।
ਲੰਘ ਚੱਲੀ ਹੁਣ ਤਾਂ ਵਿਸਾਖੀ ਵਾਲ਼ੀ ਰੁੱਤ ਨੀਂ ਸਰਕਾਰੇ,
ਬੈਠੀ ਐਂ ਬਣ ਕੇ ਤੂੰ ਬੁੱਤ ਨੀਂ ਸਰਕਾਰੇ।
ਬੈਠੀ ਐਂ ਬਣ ਕੇ….
ਮੀਟਿੰਗਾਂ ਵੀ ਹੋ ਲਈਆਂ,
ਕਾਨਫਰੰਸਾਂ ਵੀ ਹੋ ਗਈਆਂ।
ਕਿਸਾਨਾਂ ਦੀਆਂ ਝੂਠੀਆਂ ਹੀ,
ਬਦਖੋਈਆਂ ਵੀ ਹੋ ਗਈਆਂ।
ਟੁੱਟੀ ਨਾਂ ਹਜੇ ਤੱਕ ਤੇਰੀ ਚੁੱਪ ਨੀਂ ਸਰਕਾਰੇ।
ਬੈਠੀ ਐਂ ਬਣ ਕੇ ਤੂੰ..
ਟੈਲੀਵਿਜ਼ਨਾਂ ਤੇ ਆ ਗਿਆ,
ਪ੍ਰਸਾਰ ਬੜਾ ਕਰਾ ਗਿਆ।
ਹਰ ਪਾਸੇ ਮਸਲਾ ਇਹ,
ਗਹਿਰਾ ਜਿਹਾ ਛਾ ਗਿਆ।
ਭੁੱਲੀ ਨਾਂ ਕਿਸਾਨਾਂ ਨੂੰ ਤੇਰੀ ਕੁੱਟ ਨੀਂ ਸਰਕਾਰੇ।
ਬੈਠੀ ਐਂ ਬਣ ਕੇ ਤੂੰ…
ਸ਼ਹੀਦ ਬਹੁਤੇ ਹੋ ਗਏ,
ਮਜ਼ਦੂਰ ਵੀ ਨਾਲ਼ ਹੋ ਲਏ।
ਸਾਰਿਆਂ ਦੇ ਹੁਣ ਤਾਂ,
ਦਿਲ ਵੀ ਨੇ ਰੋ ਪਏ।
ਪੁੱਛ ਜ਼ਰਾ ਮੋਏ ਜਿਨ੍ਹਾਂ ਦੇ ਪੁੱਤ ਨੀਂ ਸਰਕਾਰੇ।
ਬੈਠੀ ਐਂ ਬਣ ਕੇ ਤੂੰ…..
ਦੇਸ਼ ਤੇ ਵਿਦੇਸ਼ ਤੋਂ ਵੀ,
ਸੱਭ ਚੱਲ ਆਏ ਹਨ।
ਸੱਭਨਾਂ ਨੇ ਰਲ਼-ਮਿਲ਼,
ਹੱਲ ਸਮਝਾਏ ਸਨ।
ਆਏ ਨਜ਼ਰ ਹੁਣ ਤਾਂ ਹਨੇਰਾ ਘੁੱਪ ਨੀਂ ਸਰਕਾਰੇ।
ਬੈਠੀ ਐਂ ਬਣ ਕੇ ਤੂੰ….
ਧੱਕੇ ਨਾਲ਼ ਕਨੂੰਨ ਬਣਾਇਆ,
ਲੋਕਤੰਤਰ ਦਾ ਨਾਂ ਮਿਟਾਇਆ।
ਕਰ ਕੇ ਵੱਡੀ ਤਾਨਾਸ਼ਾਹੀ,
ਲੋਕਾਂ ਨੂੰ ਹੈ ਰੱਜ ਰਵਾਇਆ।
ਵੇਖੀਂ ਸਬਰ ਜਾਵੇ ਨਾਂ ਕਿਤੇ ਮੁੱਕ ਨੀਂ ਸਰਕਾਰੇ।
ਬੈਠੀ ਐਂ ਬਣ ਕੇ….
ਆਪਣੀ ਆਈ ਤੇ ਆ ਜੇ,
ਗੁੱਸਾ ਜਿਹਾ ਖਾ ਗਏ।
ਜਾਨ ਤੇ ਪ੍ਰਾਣ ਤੇਰੇ,
ਮੁੱਠੀ ਵਿੱਚ ਆ ਗਏ।
ਜਾਣਾ ਕਿਤੇ ਖੂੰਜੇ ਵਿੱਚ ਤੂੰ ਲੁੱਕ ਨੀਂ ਸਰਕਾਰੇ।
ਬੈਠੀ ਐਂ ਬਣ ਕੇ ਤੂੰ ਬੁੱਤ ਨੀਂ ਸਰਕਾਰੇ।
ਬੈਠੀ ਐਂ ਬਣ ਕੇ ਤੂੰ ਬੁੱਤ ਨੀਂ ਸਰਕਾਰੇ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ,ਲੁਧਿਆਣਾ।
ਸੰ:9464633059