ਬੇਸ਼ਰਮਾਂ ਦੀ ਡੁੱਲ੍ਹ ਗਈ ਦਾਲ਼….

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

(ਹਾਸ–ਵਿਅੰਗ)

ਦੇਸ਼ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਆਕਸੀਜਨ ਦੇ ਤੋੜੇ ਨੂੰ ਲੈ ਕੇ ਅਤੇ ਹੋਰ ਮੌਜੂਦਾ ਸਮੱਸਿਆਵਾਂ ਨੂੰ ਲੈ ਕੇ ਇੱਕ ਪੱਤਰਕਾਰ ਨੇ ਇੱਕ ਸਰਕਾਰੀ ਨੁਮਾਇੰਦੇ ਨੂੰ ਘੇਰ ਲਿਆ। ਇਹ ਸਰਕਾਰੀ ਨੁਮਾਇੰਦਾ ਫ਼ਿਲਹਾਲ ਸਰਕਾਰੀ ਨੌਕਰੀ ਕਰ ਰਿਹਾ ਹੈ ਪਰ ਇਸ ਨੂੰ ਸੱਤਾਧਾਰੀ ਪਾਰਟੀ ਨੇ ਧਰਵਾਸ ਦਵਾਇਆ ਹੈ ਕਿ ਜੇ ਉਹ ਸਰਕਾਰ ਦਾ ਭੋਂਪੂ ਬਣ ਜਾਵੇ ਤਾਂ ਸਰਕਾਰੀ ਨੌਕਰੀ ਤੋਂ ਰਿਟਾਇਰ ਹੁੰਦਿਆਂ ਹੀ ਉਸ ਨੂੰ ਜਾਂ ਤਾਂ ਸੱਤਾਧਾਰੀ ਪਾਰਟੀ ਟਿਕਟ ਦੇ ਦੇਵੇਗੀ ਜਾਂ ਕਿਸੇ ਰਾਜ ਦਾ ਰਾਜਪਾਲ ਬਣਾ ਦੇਵੇਗੀ ਜਾਂ ਰਾਜ ਸਭਾ ਦੀ ਸੀਟ ਲਈ ਚੁਣ ਕੇ ਭੇਜ ਦੇਵੇਗੀ। ਇਸ ਲਈ ਇਹ ਹੁਣ ਚੌਵੀ ਘੰਟੇ ਸਰਕਾਰ ਦਾ ਹੀ ਗੁਣਗਾਣ ਕਰਦਾ ਰਹਿੰਦਾ ਹੈ :

ਪੱਤਰਕਾਰ : ਜਨਾਬ, ਸਰਕਾਰ ਦੀ ਨਲਾਇਕੀ ਕਰਕੇ ਕੋਰੋਨਾ ਬਿਲਕੁਲ ਬੇਕਾਬੂ ਹੋ ਗਿਆ ਹੈ ਤੇ ਤੁਸੀਂ ਅਜੇ ਵੀ ਨਹੀਂ ਮੰਨ ਰਹੇ ਕਿ ਸਰਕਾਰ ਕੋਰੋਨਾ ਵਾਲ਼ੇ ਮਾਮਲੇ ਵਿੱਚ ਹਰ ਫ਼ਰੰਟ ‘ਤੇ ਨਾਕਾਮ
ਹੋਈ ਹੈ ?

ਨੁਮਾਇੰਦਾ : ਸਰਕਾਰ ਦਾ ਕਿਆ ਦੋਸ਼ ? ਸਭ ਜਨਤਾ ਦਾ ਕਸੂਰ ਹੈ।

ਪੱਤਰਕਾਰ : ਅੱਛਾ ਜੀ ! ਜਨਤਾ ਦਾ ਕਿਵੇਂ ਕਸੂਰ ਹੈ, ਸਮਝਾਓ ਖਾਂ ਜ਼ਰਾ ?

ਨੁਮਾਇੰਦਾ : ਜਨਤਾ ਸਰਕਾਰੀ ਹੁਕਮ ਹੀ ਨਹੀਂ ਮੰਨ ਰਹੀ। ਸਰਕਾਰ ਤਾਂ ਜੀਅ–ਜਾਨ ਨਾਲ਼ ਕੋਰੋਨੇ ਦਾ ਮੁਕਾਬਲਾ ਕਰ ਰਹੀ ਹੈ।

ਪੱਤਰਕਾਰ : ਜਨਤਾ ਨੇ ਕਿਹੜੀ ਗੱਲ ਨਹੀਂ ਮੰਨੀ ਸਰਕਾਰ ਦੀ ? ਉਹ ਸਾਰਾ ਕੁਝ ਕੀਤਾ ਜਿਹਦੇ ਕਰਨ ਦਾ ਕੋਈ ਫ਼ਾਇਦਾ ਵੀ ਨਹੀਂ ਸੀ ਹੋਣਾ, ਪਰ ਸਰਕਾਰ ਦੇ ਆਖੇ ਲੱਗ ਕੇ ਫੇਰ ਵੀ ਕੀਤਾ। ਮਾਸਕ ਪਹਿਨੇ, ਦੂਰੀ ਬਣਾਈ, ਵਾਰ ਵਾਰ ਹੱਥ ਧੋਤੇ, ਲਾਕਡਾਊਨ ਦੀ ਪਾਲਣਾ ਕੀਤੀ…

ਨੁਮਾਇੰਦਾ : ਪਰ ਜਦੋਂ ਪ੍ਰਧਾਨ ਸਾਹਬ ਨੇ ਕਿਹਾ ਸੀ ਉਦੋਂ ਸਾਰੇ ਦੇਸ਼ ਨੇ ਤਾਲ਼ੀ–ਥਾਲ਼ੀ ਕਿਉਂ ਨਹੀਂ ਵਜਾਈ ?

ਪੱਤਰਕਾਰ : ਜੇ ਤਾਲ਼ੀ ਥਾਲ਼ੀ ਵਜਾ ਦਿੰਦੇ ਤਾਂ ਕੋਰੋਨਾ ਟਲ਼ ਜਾਂਦਾ ?

ਨੁਮਾਇੰਦਾ : ਉਹਦਾ ਨਹੀਂ ਮੈਨੂੰ ਪਤਾ ਪਰ ਜਨਤਾ ਨੇ ਸਰਕਾਰ ਦੀ ਸਾਰੀ ਪਲਾਨਿੰਗ ਚੌਪਟ ਕਰ ਦਿੱਤੀ।

ਪੱਤਰਕਾਰ : ਹਾਂ, ਕੋਰੋਨਾ ਤੇ ਲਾੱਕਡਾਊਨ ਦੀ ਆੜ ਵਿੱਚ ਸਰਕਾਰ ਤੇ ਪੂੰਜੀਪਤੀਆਂ ਨੇ ਰਲ਼ ਕੇ ਜਿਹੜਾ ਜਨਤਾ ਦਾ ਪੈਸਾ ਖਾਣਾ ਸੀ, ਜਨਤਾ ਨੇ ਉਹ ਖਾਣ ਤੋਂ ਰੋਕ ਦਿੱਤਾ ! ਜਿਹੜੀ ਸਰਕਾਰ ਨੇ ਐਨ.ਆਰ.ਸੀ. ਬਹਾਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਘਿਨਾਉਣੀ ਚਾਲ ਚੱਲੀ ਸੀ, ਉਹ ਚਾਲ ਨੂੰ ਜਨਤਾ ਨੇ ਨਾਕਾਮ ਕਰ ਦਿੱਤਾ ! ਖੇਤੀ ਬਿਲਾਂ ਦੇ ਨਾਂ ਉੱਤੇ ਦੇਸ਼ ਦੇ ਕਿਸਾਨਾਂ ਨੂੰ ਕੰਗਾਲ ਬਣਾਉਣ ਅਤੇ ਪੂੰਜੀਪਤੀਆਂ ਨੂੰ ਹੋਰ ਖ਼ੁਸ਼ਹਾਲ ਬਣਾਉਣ ਦਾ ਜਿਹੜਾ ਸ਼ੜਯੰਤਰ ਰਚਿਆ ਸੀ, ਜਨਤਾ ਨੇ ਉਹ ਅਡੰਬਰ ਦਾ ਪਰਦਾਫ਼ਾਸ਼ ਕਰ ਦਿੱਤਾ !!

ਨੁਮਾਇੰਦਾ : ਆਹੋ, ਆਹੀ ਕੀਤਾ ਏ ਜਨਤਾ ਨੇ…. ਹੁਣ ਫੇਰ ਭੁਗਤਣਾ ਨਤੀਜੇ।

ਪੱਤਰਕਾਰ : ਜਨਾਬ, ਤੁਹਾਡੇ ਮੁਤਾਬਕ ਤਾਂ ਭਾਰਤ ਦੇਸ਼ ਵਿਸ਼ਵਗੁਰੂ ਬਣਨ ਜਾ ਰਿਹਾ ਸੀ ਪਰ ਹੁਣ ਦੇ ਹਾਲਾਤ ਦੇਖ ਕੇ ਤਾਂ ਇੰਝ ਲਗਦਾ ਹੈ ਕਿ ਆਉਂਦੇ 10–15 ਸਾਲਾਂ ਤੱਕ ਇੱਥੇ ਹਰੇਕ ਦੇ ਹੱਥ ਵਿੱਚ ਕਟੋਰਾ ਫੜਿਆ ਹੋਵੇਗਾ ?

ਨੁਮਾਇੰਦਾ : ਭਾਰਤ ਦੇ ਵਿਸ਼ਵਗੁਰੂ ਬਣਨ ਦਾ ਸੁਪਨਾ ਕੋਈ ਨਹੀਂ ਤੋੜ ਸਕਦਾ !

ਪੱਤਰਕਾਰ : ਜਨਾਬ ਤੁਹਾਡੇ ਕੋਲ਼ ਇੱਕ ਬੀਮਾਰੀ ਨਾਲ਼ ਨਿਬੜਨ ਲਈ ਤਾਂ ਪੂਰੇ ਸਾਧਨ ਨਹੀਂ ਹੈਗੇ, ਗੱਲਾਂ ਕਰਦੇ ਹੋ ਅਸਮਾਨ ਨੂੰ ਟਾਕੀ ਲਾਉਣ ਵਾਲ਼ੀਆਂ…. ਹੁਣ ਦੇਸ਼ ਵਿੱਚ ਨਾ ਰੁਜ਼ਗਾਰ ਹੈ, ਨਾ ਜਨਤਾ ਦੇ ਹਿੱਤਾਂ ਲਈ ਪੈਸਾ ਹੈ, ਨਾ ਖਾਣ ਲਈ ਰੋਟੀ ਹੈ, ਨਾ ਪੀਣ ਲਈ ਪਾਣੀ ਹੈ…. ਫੇਰ ਕਿਹੜੀ ਤਾਕਤ ਨਾਲ਼ ਤੁਸੀਂ ਭਾਰਤ ਦੇ ਵਿਸ਼ਵਗੁਰੂ ਬਣਨ ਦੇ ਸੁਪਨੇ ਦੇਖ ਰਹੇ ਓਂ ?

ਨੁਮਾਇੰਦਾ : ਪਟੇਲ ਸਾਹਬ ਦੀ ਮੂਰਤੀ ਵੇਖੀ ਏ ਕਿੰਨੀ ਵੱਡੀ, ਕਿੰਨੀ ਉੱਚੀ ਬਣਾਈ ਏ ਸਰਕਾਰ ਨੇ ?

ਪੱਤਰਕਾਰ : ਉਹਦਾ ਫ਼ਾਇਦਾ ?

ਨੁਮਾਇੰਦਾ : ਫ਼ਾਇਦਾ ? ਕਿੰਨੇ ਅਕ੍ਰਿਤਘਣ ਓਂ, ਹਰੇਕ ਚੀਜ਼ ਵਿੱਚ ਫ਼ਾਇਦੇ ਦੇਖਦੇ ਓਂ !

ਪੱਤਰਕਾਰ : ਮੇਰਾ ਮਤਲਬ ਹੈ ਕਿ ਇੰਨਾ ਪੈਸਾ ਵੇਸਟ ਕਰ ਦਿੱਤਾ, ਉਹੀ ਪੈਸਾ ਲੋਕ ਭਲਾਈ ਹਿੱਤ ਵਰਤਿਆ ਜਾ ਸਕਦਾ ਸੀ।

ਨੁਮਾਇੰਦਾ : ਓ ਬਈ ਲੋਕਾਂ ਉੱਤੇ ਵੀ ਬਥੇਰਾ ਪੈਸਾ ਖਰਚੀਦਾ ਹੈ। ਚੋਣਾਂ ਤਾਂ ਹੋਣ ਦਿਓ, ਪ੍ਰਤੀ ਵੋਟ ਦੇ ਹਿਸਾਬ ਨਾਲ਼ ਭੁਗਤਾਨ ਕਰੇਗੀ ਸਰਕਾਰ। ਬਾਕੀ ਆਟਾ–ਦਾਲ ਸਕੀਮ, ਸਵੱਛ ਭਾਰਤ
ਅਭਿਆਨ ਸਕੀਮ, ਸੁਕੰਨਿਆ ਯੋਜਨਾ ਸਕੀਮ ਚੱਲ ਰਹੀ ਹੈ। ਸਿਲੰਡਰਾਂ ਤੇ ਪੈਟਰੋਲ, ਡੀਜ਼ਲ ਵਾਲ਼ੀ ਵੀ ਸਕੀਮ ਲਾ ਗਈ ਸਰਕਾਰ। ਹੋਰ ਕੀ ਚਾਹੁੰਦੇ ਹੋ ?

ਪੱਤਰਕਾਰ : ਕੋਰੋਨਾ ਨਾਲ਼ ਕਿਵੇਂ ਨਿਬੜੋਂਗੇ ?

ਨੁਮਾਇੰਦਾ : ਨਿੱਬੜ ਤਾਂ ਰਹੇ ਆਂ…. ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਭਾਰਤ ਦੇਸ਼ ਹੁਣ ਕੋਰੋਨਾ ਦੇ ਮਾਮਲੇ ਵਿੱਚ ਦੋ ਨੰਬਰ ਉੱਤੇ ਪਹੁੰਚ ਗਿਆ ਹੈ। ਉਹ ਦਿਨ ਦੂਰ ਨਹੀਂ ਜਦੋਂ ਭਾਰਤ ਇੱਕ
ਨੰਬਰ ਉੱਤੇ ਹੋਵੇਗਾ।

ਪੱਤਰਕਾਰ : ਜਨਾਬ ਇਹ ਸ਼ਰਮ ਆਲ਼ੀ ਗੱਲ ਹੈ, ਫ਼ਖ਼ਰ ਵਾਲ਼ੀ ਨਹੀਂ। ਰੋਜ਼ ਕਿੰਨੇ ਹੀ ਲੋਕ ਮਰ ਰਹੇ ਹਨ ਕੋਰੋਨਾ ਨਾਲ਼ ਤੇ ਤੁਸੀਂ….

ਨੁਮਾਇੰਦਾ : ਦੇਖੋ ਕੋਰੋਨਾ ਨਾਲ਼ ਕੋਈ ਨਹੀਂ ਮਰ ਰਿਹਾ। ਹੋਰ ਬਿਮਾਰੀਆਂ ਨਾਲ਼ ਮਰ ਰਹੇ ਨੇ ਪਰ ਅਸੀਂ ਕੋਰੋਨਾ ਵਾਲ਼ੀ ਗਿਣਤੀ ਵਿੱਚ ਪਾਈ ਜਾ ਰਹੇ ਹਾਂ ਕਿਉਂਕਿ ਵਰਲਡ ਹੈਲਥ ਆਰਗਨਾਈਜ਼ੇਸ਼ਨ ਵੱਲੋਂ ਫਡਿੰਗ ਸਿਰਫ਼ ਕੋਰੋਨਾ ਦੇ ਨਾਮ ‘ਤੇ ਹੋ ਰਹੀ ਹੈ।

ਪੱਤਰਕਾਰ : ਫੇਰ ਤੁਸੀਂ ਲੋਕਾਂ ਨੂੰ ਵੈਕਸੀਨ ਕਿਉਂ ਲਗਾ ਰਹੇ ਹੋ ਜੇ ਕੋਰੋਨਾ ਹੈ ਹੀ ਨਹੀਂ ?

ਨੁਮਾਇੰਦਾ : ਫ੍ਰੀ ਲਾ ਰਹੇ ਆਂ ਜਨਤਾ ਦੇ, ਤੇਰਾ ਢਿੱਡ ਕਿਉਂ ਦੁਖਦਾ ਏ !!

ਪੱਤਰਕਾਰ : ਨਹੀਂ ਜੇ ਲੋੜ ਹੀ ਨਹੀਂ ਫੇਰ ਕਿਉਂ ਲਾ ਰਹੇ ਓਂ?

ਨੁਮਾਇੰਦਾ : ਹੋ ਸਕਦਾ ਹੈ ਕਿ ਆਉਣ ਵਾਲ਼ੇ ਕੁਝ ਸਾਲਾਂ ਵਿੱਚ ਕੋਰੋਨਾ ਆ ਹੀ ਜਾਵੇ, ਉਹਦੇ ਲਈ ਪਹਿਲਾਂ ਹੀ ਇੰਤਜ਼ਾਮ ਕਰ ਰਹੇ ਹਾਂ।

ਪੱਤਰਕਾਰ : ਮੈਂ ਸੁਣਿਆ ਕੋਰੋਨਾ ਲਈ ਅਸਰਦਾਇਕ ਕਈ ਦਵਾਈਆਂ ਤੇ ਵੈਕਸੀਨ ਦੀ ਤੁਸੀਂ ਕਾਲਾਬਾਜ਼ਾਰੀ ਕਰ ਰਹੇ ਓਂ ?

ਨੁਮਾਇੰਦਾ : ਹੋਰ ਸਾਡੇ ਕਿਹੜਾ ਹਲ਼ ਚਲਦੇ ਨੇ ਭਾਈ !! ਅਸੀਂ ਵੀ ਚਾਰ ਪੈਸੇ ਇਹਦੇ ਵਿੱਚੋਂ ਈ ਕਮਾਉਣੇ ਨੇ।

ਪੱਤਰਕਾਰ : ਆਕਸੀਜਨ ਦੀ ਇੰਨੀ ਕਿੱਲਤ ਚੱਲ ਰਹੀ ਹੈ, ਇਹਦੇ ਬਾਰੇ ਕੀ ਕਹੋਂਗੇ ?

ਨੁਮਾਇੰਦਾ : ਕੋਈ ਕਿੱਲਤ ਨਹੀਂ ਹੈਗੀ, ਤੁਹਾਨੂੰ ਊਈਂ ਵਾਧੂ ਰੌਲ਼ਾ ਪਾਉਣ ਦੀ ਆਦਤ ਹੈ।

ਪੱਤਰਕਾਰ : ਹਸਪਤਾਲਾਂ ਵਿੱਚ ਜਾ ਕੇ ਦੇਖੋ, ਰੋਜ਼ ਸੈਂਕੜੇ ਲੋਕ ਆਕਸੀਜਨ ਤੋਂ ਬਿਨਾਂ ਦਮ ਤੋੜ ਰਹੇ ਨੇ।

ਨੁਮਾਇੰਦਾ : ਊਈਂ ਸਰਕਾਰ ਨੂੰ ਬਦਨਾਮ ਕਰਨ ਦਾ ਠੇਕਾ ਲਿਆ ਹੋਇਆ ਏ ਜਨਤਾ ਨੇ। ਬਈ ਰੱਬ ਨੇ ਇੰਨੀ ਖੁੱਲ੍ਹੀ–ਡੁੱਲ੍ਹੀ ਆਕਸੀਜਨ ਦਿੱਤੀ ਹੈ, ਰੱਜ ਕੇ ਇਸਤੇਮਾਲ ਕਰੋ, ਨਕਲੀ ਆਕਸੀਜਨ
ਦੀ ਕੀ ਲੋੜ ਐ ?

ਪੱਤਰਕਾਰ : ਹਸਪਤਾਲਾਂ ਵਿੱਚ ਤਾਂ ਸਿਲੰਡਰ ਵਾਲ਼ੀ ਆਕਸੀਜਨ ਦੀ ਹੀ ਲੋੜ ਪੈਂਦੀ ਹੈ !!

ਨੁਮਾਇੰਦਾ : ਕਿਉਂ ਪੈਂਦੀ ਹੈ ਸਿਲੰਡਰ ਵਾਲ਼ੀ ਆਕਸੀਜਨ ਦੀ ਲੋੜ ? ਓ ਬਈ ਹਸਪਤਾਲਾਂ ਦੀਆਂ ਖਿੜਕੀਆਂ, ਦਰਵਾਜ਼ੇ ਖੋਲ੍ਹੋ, ਆਕਸੀਜਨ ਹੀ ਆਕਸੀਜਨ। ਅੱਛਾ ਜੇ ਕਿਸੇ ਨੂੰ ਬਾਹਲ਼ੀ ਤਲਬ ਐ ਆਕਸੀਜਨ ਦੀ, ਉਹਦਾ ਬੈੱਡ ਚੁੱਕ ਕੇ ਹਸਪਤਾਲ ਤੋਂ ਬਾਹਰ ਡਾਹ ਦਿਓ।

ਪੱਤਰਕਾਰ : ਅੱਛਾ ਜੇ ਹਸਪਤਾਲਾਂ ਵਿੱਚ ਵੀ ਆਕਸੀਜਨ ਦੀ ਲੋੜ ਨਹੀਂ ਫੇਰ ਬਾਹਰਲੇ ਦੇਸ਼ਾਂ ਤੋਂ ਆਕਸੀਜਨ ਕਿਉਂ ਮੰਗਵਾ ਰਹੇ ਓਂ ?

ਨੁਮਾਇੰਦਾ : ਊਈਂ, ਵਾਧੂ… ਉਹ ਬਚਾਰੇ ਹਮਦਰਦੀ ਕਰ ਕੇ ਫ੍ਰੀ ਭੇਜ ਰਹੇ ਨੇ। ਆਪਣੇ ਪ੍ਰਧਾਨ ਜੀ ਤਾਂ ਤੈਨੂੰ ਪਤਾ ਹੀ ਹੈ। ਫ੍ਰੀ ਤਾਂ ਜੇ ਮੌਤ ਮਿਲਦੀ ਹੋਵੇ, ਉਹ ਵੀ ਲੈ ਲੈਣ।

ਪੱਤਰਕਾਰ : ਜਿਹੜੀ ਵਿਦੇਸ਼ਾਂ ਤੋਂ ਆਕਸੀਜਨ ਆ ਰਹੀ ਹੈ, ਉਹਦਾ ਕੀ ਤੁਸੀਂ ਆਚਾਰ ਪਾਉਣਾ ਏ, ਉਹੀ ਹਸਪਤਾਲਾਂ ਨੂੰ ਭੇਜ ਦਿਓ।

ਨੁਮਾਇੰਦਾ : ਲੈ ਫੇਰ ਉਹੀ ਗੱਲ। ਓਏ ਅਸੀਂ ਇਹ ਫ੍ਰੀ ਦੀ ਆਕਸੀਜਨ ਭੇਜਾਂਗਾ, ਕਾਰਖਾਨੇ, ਫੈਕਟਰੀਆਂ ਨੂੰ ਤੇ ਇਹਦੇ ਵੱਟੇ ਕਮਾਵਾਂਗੇ ਚੋਖਾ ਮੁਨਾਫ਼ਾ…।

ਪੱਤਰਕਾਰ : ਅੱਛਾ !! ਮਤਲਬ ਮਰੀਜਾਂ ਦੇ ਨਾਂ ‘ਤੇ ਆਕਸੀਜਨ ਮੰਗਾ ਕੇ, ਦਿਓਂਗੇ ਕਾਰੋਬਾਰੀਆਂ ਨੂੰ !!

ਨੁਮਾਇੰਦਾ : ਓ ਭਰਾਵਾ, ਤੈਨੂੰ ਪਤੈ ਬਈ ਭਾਰਤ ਦੇਸ਼ ਵਿੱਚ ਹੁਣ ਵੀ 50 ਹਜ਼ਾਰ ਮੀਟ੍ਰਿਕ ਟਨ ਆਕਸੀਜਨ ਦਾ ਸਟਾਕ ਪਿਆ ਹੈ ਤੇ ਰੋਜ਼ 7 ਹਜ਼ਾਰ ਮੀਟ੍ਰਿਕ ਟਨ ਦਾ ਉਤਪਾਦਨ ਵੀ ਹੋਣ ਲੱਗ ਪਿਆ ਹੈ। ਖਪਤ ਕੁੱਲ ਰੋਜ਼ ਦੀ 5 ਹਜ਼ਾਰ ਮੀਟ੍ਰਿਕ ਟਨ ਦੀ ਹੀ ਹੈ। ਬਈ ਸਾਡੇ ਕੋਲ਼ ਤਾਂ ਫੁੱਲ ਆਕਸੀਜਨ ਹੈ। ਜੇ ਮਰੀਜਾਂ ਨੂੰ ਲੋੜ ਹੈ ਤਾਂ ਅਸੀਂ ਹੀ ਦੇ ਸਕਦੇ ਹਾਂ ਪਰ ਦੇਈਏ ਕਿਉਂ ? ਵਰਲਡ ਹੈਲਥ ਆਰਗਨਾਈਜ਼ੇਸ਼ਨ ਤਾਂ ਪੈਸੇ ਤਾਂ ਹੀ ਭੇਜੂ ਜੇ ਮੌਤ ਦਰ ਵਧੂ !!

ਪੱਤਰਕਾਰ : ਮਤਲਬ ਤੁਸੀਂ ਆਪਣੇ ਸਵਾਰਥ ਲਈ ਲੋਕਾਂ ਦੀ ਬਲੀ ਦਿਓਂਗੇ ?

ਨੁਮਾਇੰਦਾ : ਜਨਤਾ ਤਾਂ ਹੁੰਦੀ ਹੀ ਬਲੀ ਦੇਣ ਲਈ ਹੈ, ਉਹਨੇ ਹੀ ਇਸ ਸਰਕਾਰ ਨੂੰ ਚੁਣਿਆ ਏ, ਹੁਣ ਚੂਪੇ ਗੰਨੇ….।

ਪੱਤਰਕਾਰ : ਜਨਾਬ ਤੁਸੀਂ ਕਿਸੇ ਗ਼ਲਤਫ਼ਹਿਮੀ ਵਿੱਚ ਨਾ ਰਹਿਣਾ, ਜੇ ਲੋਕ ਦੇਸ਼ ਲਈ ਬਲੀਦਾਨ ਕਰਨਾ ਜਾਣਦੇ ਨੇ ਤਾਂ ਜ਼ਾਲਮ ਦਾ ਗਾਟਾ ਲਾਹੁਣਾ ਵੀ ਜਾਣਦੇ ਨੇ।

ਨੁਮਾਇੰਦਾ : ਲਾਹ ਦੇਣ ਗਾਟਾ, ਸਾਡਾ ਕੀ ਘਸ ਜੂ। ਅਸੀਂ ਤਾਂ ਜੀ ਅਗਲੀ ਸਰਕਾਰ ਆਊ, ਉਹਦੀ ਜੀ–ਹਜ਼ੂਰੀ ਕਰਲਾਂਗੇ।

ਪੱਤਰਕਾਰ : ਠੀਕ ਐ ਜਨਾਬ, ਤੁਹਾਡਾ ਤਾਂ ਉਹ ਹਿਸਾਬ ਐ ਕਿ ਲਾਗੀਆਂ ਨੇ ਤਾਂ ਲਾਗ ਲੈ ਲੈਣਾ, ਭਾਵੇਂ ਅਗਲੀ ਜਾਂਦੀ ਰੰਡੀ ਹੋਜੇ !!

ਨੁਮਾਇੰਦਾ : ਸਹੀ ਪਛਾਣਿਆ ਅਸੀਂ ਸੁਥਰੇ ਆਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਏ ਬਈ ਕੋਈ ਮਰੇ ਤੇ ਚਾਹੇ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।

ਪੱਤਰਕਾਰ : ਕੋਈ ਨਹੀਂ ਜਨਾਬ, ਮਾਲਕ ਦੀਆਂ ਖੇਡਾਂ ਦਾ ਕੀ ਪਤਾ ਲਗਦਾ ਏ ਪੌਂ ਬਾਰਾਂ ਤੇ ਕਦੇ ਤਿੰਨ ਕਾਣੇ। ਕਦੇ ਚਿੱਤ ਕਦੇ ਪਟ। ਪਰ ਜਿੰਨੇ ਡਰੈਕਟ ਤੁਸੀਂ ਹੋਏ ਫਿਰਦੇ ਓਂ ਤੁਹਾਡਾ ਤਾਂ ਪਤੀਲਾ ਛੇਤੀ ਈ ਮਾਂਜਿਆ ਲਓ।

ਨੁਮਾਇੰਦਾ : ਓ ਸਾਡੇ ਤਾਂ ਚੱਟੇ ਰੁੱਖ ਨ੍ਹੀਂ ਹਰੇ ਹੋਏ, ਸਾਡਾ ਕੋਈ ਕੀ ਵਿਗਾੜਲੂ !!

ਪੱਤਰਕਾਰ : ਸਹੀ ਹੈ ਜੀ। ਕਹਿੰਦੇ ਜਿਹਨੇ ਲਾਹਤੀ ਲੋਈ, ਉਹਦਾ ਕੀ ਕਰੂਗਾ ਕੋਈ। ਜਿਹਨੇ ਜ਼ਮੀਰ ਈ ਵੇਚ ਕੇ ਖਾ ਲਿਆ, ਉਹਦਾ ਕੋਈ ਕੀ ਵਿਗਾੜਲੂ !! ਚੰਗਾ ਜਨਾਬ ਚਲਦਾਂ, ਜੇ ਬਚੇ ਰਹੇ ਤਾਂ ਅਗਲੀ ਵਾਰੀ ਫੇਰ ਮਿਲਾਂਗੇ।

ਨੁਮਾਇੰਦਾ : ਲੈ ਲੈ ਝੋਟੇ ਵਰਗਾ ਤਾਂ ਤੂੰ ਪਿਆ ਏਂ, ਤੇਰਾ ਕੀ ਵਿਗੜਨਾ ਏ !! ਆਪਾਂ ਅਗਲੀ ਵਾਰੀ ਜ਼ਰੂਰ ਮਿਲਾਂਗੇ।

ਪੱਤਰਕਾਰ : ਵੈਸੇ ਮੈਂ ਜਨਾਬ ਤੁਹਾਡੀ ਗੱਲ ਕਰ ਰਿਹਾ ਸੀ, ਬਈ ਜੇ ਬਚੇ ਰਹਿਗੇ ਤਾਂ ਫੇਰ ਮਿਲਾਂਗੇ।

ਡਾ. ਸਵਾਮੀ ਸਰਬਜੀਤ
ਪਟਿਆਲ਼ਾ।
98884–01328

Previous articleਬਖ਼ਸ਼ ਲਈਂ ਦਾਤਿਆ……
Next articleਸਰਕਾਰੀ ਸਕੂਲਾਂ ਚ ਐਨਰੋਲਮੈਂਟ ਮੁਹਿੰਮ ਨੂੰ ਤੇਜ਼ ਕਰਨ ਹਿੱਤ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਵਹੀਕਲ ਸਟਿੱਕਰ ਜਾਰੀ