ਚੰਡੀਗੜ੍ਹ (ਸਮਾਜ ਵੀਕਲੀ): ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਨਸਾਫ਼ ਮੰਗ ਰਹੇ ਸਿੱਖਾਂ ’ਤੇ ਗੋਲੀ ਚਲਾਉਣ ਦੇ ਮਾਮਲਿਆਂ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਂਬਰ ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੀ ਵਰਤੋਂ ਕਰਕੇ ਸਬੂਤ ਮਿਟਾਉਣ ਵਾਲਿਆਂ ਖ਼ਿਲਾਫ਼ ਸਬੂਤਾਂ ਦੀ ਘਾਟ ਨਹੀਂ ਹੈ।
ਮਾਨ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਵੱਲੋਂ ਉਪ ਮੁੱਖ ਮੰਤਰੀ ਰਹਿੰਦਿਆਂ ਦੋ ਸਾਲ ਬਰਗਾੜੀ ਅਤੇ ਬਹਿਬਲ ਕਲਾਂ-ਕੋਟਕਪੂਰਾ ਘਟਨਾਵਾਂ ਦੇ ਸਬੂਤ ਮਿਟਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ ਪਰ ਦੋਸ਼ੀਆਂ ਦੇ ਕੱਪੜਿਆਂ ’ਤੇ ਦਾਗ ਲੱਗੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਈ ਜਾਂਚ ਕਮੇਟੀਆਂ ਵੱਲੋਂ ਸੁਖਬੀਰ ਬਾਦਲ ਅਤੇ ਅਕਾਲੀ ਸਰਕਾਰ ਖ਼ਿਲਾਫ਼ ਬਹੁਤ ਸਾਰੇ ਸਬੂਤ ਪੇਸ਼ ਕੀਤੇ ਜਾ ਚੁੱਕੇ ਹਨ।
‘ਆਪ’ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਬਾਦਲ ਪਰਿਵਾਰ ਨਾਲ ਮਿਲੇ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ 2017 ਵਿੱਚ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਤੋਂ ਬਾਅਦ ਕੈਪਟਨ ਵੱਲੋਂ ਬਾਦਲਾਂ ਨੂੰ ਬਚਾਉਣ ਤੇ ਇਨਸਾਫ਼ ਨੂੰ ਲਟਕਾਉਣਾ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੂੰ ਸਵਾਲ ਪੁੱਛੇ ਜਾਂਦੇ ਹਨ ਤਾਂ ਇਹ ਪਰਿਵਾਰ ਚੁੱਪ ਧਾਰ ਲੈਂਦੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਬਹੁਤ ਸਾਰੇ ਸਵਾਲ ਹੀ ਸਬੂਤ ਹਨ, ਫਿਰ ਵੀ ਬੜੀ ਜਲਦੀ ਹੋਰ ਸਬੂਤ ਵੀ ਰੱਖੇ ਜਾਣਗੇ, ਜਿਨ੍ਹਾਂ ਦਾ ਜਵਾਬ ਨਾ ਬਾਦਲ ਪਰਿਵਾਰ, ਨਾ ਹੀ ਕੈਪਟਨ ਸਰਕਾਰ ਅਤੇ ਨਾ ਹੀ ਕਾਂਗਰਸੀਆਂ ਕੋਲ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly