(ਸਮਾਜ ਵੀਕਲੀ)
ਰੰਗੀਆਂ ਰੰਗਾਈਆਂ ਰਹਿ ਗਈ ਆਂ ਵੇ
ਤੇਰੇ ਪੱਗ ਨਾਲ ਦੀਆਂ ਚੁੰਨੀਆਂ ਵੇ।
ਇਸ ਸਮੇਂ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਐ। ਕਦੇ ਇਉ ਲੱਗਦੇ। ਨੀ ਹਾਰ ਜੇਠ ਨਾਲ ਲਾਈਆਂ, ਮਰਦੀ ਨੇ ਅੱਕ ਚੱਬਿਆ। ਹੁਣ ਚੱਬਣ ਨੂੰ ਮੂੰਗਫਲੀ ਤੇ ਛੋਲੇ ਵੀ ਮੁੱਲ ਦੇ ਹਨ। ਹੁਣ ਤਾਂ ਛੋਲਿਆਂ ਦੀ ਦਾਲ ਵੀ ਲੰਗਰ ਵਿੱਚ ਈ ਮਿਲਦੀ ਐ। ਕੀ ਬਣਿਆ ਵੋਟਾਂ ਬਣਾਈਆਂ ਦਾ। ਸਾਹਿਤ ਦੇ ਮੱਠ ਦੀ ਚੌਧਰ ਲੈਣੀ ਕਿਹੜਾ ਹੁਣ ਸੌਖੀ ਐ। ਅਗਲੇ ਗੋਡਣੀਆਂ ਲਵਾ ਦੇਂਦੇ ਆ।
ਅਸੀਂ ਤੇ ਸੋਚਿਆ ਕਿ ਲੋਕ ਸਾਹਿਤ ਪੜ੍ਹ ਕੇ ਸਿਆਣੇ ਹੋਣਗੇ। ਪਰ ਕੰਮ ਉਲਟ ਹੋ ਗਿਆ। ਲੋਕ ਸਿਆਣੇ ਹੋ ਗਏ ਤੇ ਅਸੀਂ ਚੌਧਰ ਲਈ ਸਭ ਹੱਦਾਂ ਲੰਘਣ ਲੱਗੇ। ਸਾਡੇ ਤੇ ਸਿਆਸੀ ਬੰਦਿਆਂ ਵਿੱਚ ਕੀ ਫਰਕ ਐ?
ਪੰਜਾਬ ਅੱਜ ਕਈ ਤਰਾ ਦੇ ਮਾਫ਼ੀਆ ਦੇ ਸਿਕੰਜੇ ਹੇਠ ਰੀਂਗ ਰਿਹਾ ਹੈ। ਇਹ ਮਾਫ਼ੀਆ ਕਿੱਧਰੇ ਨਜ਼ਰ ਤਾਂ ਨਹੀਂ ਆਉਂਦਾ ਪਰ ਜਦੋਂ ਕਿੱਧਰ ਘਟਨਾ ਵਾਪਰਦੀ ਹੈ, ਉਦੋਂ ਹੀ ਪਤਾ ਲਗਦਾ ਹੈ। ਇਹ ਮਾਫ਼ੀਆ ਏਨਾਂ ਕਿਉਂ ਸਰਗਰਮ ਹੈ? ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਦੀ ਬੀਮਾਰੀ ਤਾਂ ਦੇਵਤਿਆਂ ਤੇ ਰਾਖਸ਼ਾਂ ਦੇ ਸੁਮੰਦਰ ਮੰਥਨ ਸਮੇਂ ਅੰਮ੍ਰਿਤ ਦੀ ਵੰਡ ਨਾਲ ਸ਼ੁਰੂ ਹੋ ਗਈ ਸੀ। ਹੁਣ ਇਹ ਖਾਨਦਾਨੀ ਬੀਮਾਰੀ ਵਾਂਗ ਪੀੜੀ ਦਰ ਪੀੜੀ ਚਲ ਰਹੀ ਹੈ। ਇਸ ਬੀਮਾਰੀ ਤੋਂ ਨਾ ਕੋਈ ਚੋਰ ਬਚਿਆ ਹੈ ਤੇ ਨਾ ਹੀ ਸਾਧ। ਹੁਣ ਚੋਰ ਤੇ ਸਾਧ ਵਿਚ ਵੀ ਕੋਈ ਫ਼ਰਕ ਨਹੀਂ, ਕਿਉਂਕਿ ਇਹਨਾਂ ਦਾ ਦੋਹਾਂ ਕੰਮ ‘ਲੁੱਟਣਾ’, ਇਹ ਦੋਵੇਂ ਹੱਥੀਂ ਲੁੱਟਦੇ ਹਨ। ਚੋਰ ਹਨੇਰ ‘ਚ ਤੇ ਸਾਧ ਚਾਨਣ ਦੀ ਆੜ ‘ਚ ਲੁੱਟਦਾ ਹੈ।
ਕਹਿੰਦੇ ਨੇ ਸਿਆਣਾ ਮਨੁੱਖ ਹੀ ਭ੍ਰਿਸ਼ਟ ਹੁੰਦਾ ਹੈ। ਅੱਜ ਕੱਲ ‘ਬਹੁਤੇ ਸਿਆਣੇ ਮਨੁੱਖ’ ਵਿਦੇਸ਼ਾਂ ਨੂੰ ਭੱਜ ਗਏ ਹਨ।
ਏਧਰ ਜਿਹੜੇ ‘ਸਿਆਣੇ’ ਮਨੁੱਖ ਸਨ ਉਹ ਵੀ ਸਬੂਤਾਂ ਦੀ ਘਾਟ ਕਾਰਨ ਸਭ ਸਾਡੀ ਮਾਨਯੋਗ ਅਦਾਲਤ ਛੱਡੀ ਜਾ ਰਹੀ ਹੈ। ਉਹ ਇਸ ਕਰਕੇ ਕਿ ਉਹ ਸਾਡੇ ਸਮਾਜ ਦੇ ‘ ਸਿਆਣੇ ‘ ਮਨੁੱਖ ਹਨ। ਜੇ ਕਿਤੇ ਇਹ ‘ ਮੁਰਾਰੀ ਲਾਲ’ ਵਰਗੇ ਹੁੰਦੇ ਤਾਂ ਮਾਨਯੋਗ ਜੱਜ ਸਾਹਿਬ ਨੇ ਅਦਾਲਤ ਦੀ ਮਾਨਹਾਨੀ ਦਾ ਕੇਸ ਪਾ ਕੇ ਅੰਦਰ ਕਰ ਦੇਣਾ ਸੀ ਕਿਉਂਕਿ ਕਾਨੂੰਨ ਤਾਂ ਬਣੇ ਹੀ ਆਮ ਲੋਕਾਂ ਦੇ ਹੱਡ ਗੋਡੇ ਸੇਕਣ ਲਈ ਹਨ। ਤੇ ਵੱਡਿਆਂ ਦੇ ਲਈ ਸੇਵਾ ਕਰਨ ਲਈ ਹੈ।
ਭ੍ਰਿਸ਼ਟਾਚਾਰ ਦੀ ਦਲਦਲ ‘ਚ ਸਰਕਾਰੀ ਅਦਾਰੇ ਬੁਰੀ ਤਰਾਂ ਫਸੇ ਹਨ। ਇਨਾਂ ਦੇ ਕਰਮਚਾਰੀ ਉਪਰਲੀ ਕਮਾਈ ਵੀ ਕਰਦੇ ਹਨ ਤੇ ਮੋਟੀ ਤਨਖਾਹ ਵੀ ਲੈਂਦੇ ਹਨ। ਮੋਟੀ ਕਮਾਈ ਵਾਲੀ ਪੋਸਟ ਦੀ ਤਾਂ ਬੋਲੀ ਵੀ ਲੱਗਦੀ ਹੈ। ਹਰ ਪੋਸਟ ਦਾ ਰੇਟ ਵੱਖ-ਵੱਖ ਹੁੰਦਾ ਹੇ। ਕਈ ਪੋਸਟਾਂ ਤੇ ਇਲਾਕੇ ਲੱਖਾਂ ਤੱਕ ਵੀ ਵਿਕ ਜਾਂਦੇ ਹਨ।
ਸਰਕਾਰੀ ਕਰਮਚਾਰੀ ਤਾਂ ਅਪਣੇ ਆਪ ਨੂੰ ਸਰਕਾਰ ਦੇ ਜੁਆਈ ਅਖਵਾਉਂਦੇ ਹਨ। ਇਹਨਾਂ ਕੋਲ ਤੁਸੀਂ ਇੱਕ ਵਾਰੀ ਪੁੱਜ ਜਾਵੋ ਤੇ ਇਹ ਤੁਹਾਨੂੰ ਝਟਕਣ ਲਈ ਬਹੁਤੀ ਦੇਰ ਨਹੀ ਲਾਉਂਦੇ । ਇਹ ਤਾਂ ਹਰ ਵੇਲੇ ਅਪਣੀ ਛੁਰੀ ਤਿੱਖੀ ਕਰਕੇ ਰੱਖਦੇ ਹਨ। ਇਨਾਂ ਦੀ ਛੁਰੀ ਤੋਂ ਕੋਈ ਵੀ ਬਚ ਨਹੀਂ ਸਕਦਾ। ਸਮਾਜ ਵਿਚ ਕੋਈ ਵੀ ਥਾਂ ਅਜਿਹੀ ਨਹੀਂ ਜਿੱਥੇ ਘਪਲਾ ਨਾ ਹੋਇਆ ਹੋਵੇ। ਧਰਮ ਵੀ ਇਸ ਬਿਮਾਰੀ ਤੋਂ ਮੁਕਤ ਨਹੀਂ ਕਈ ਸ਼੍ਰੋਮਣੀ ਧਰਮ ਵਾਲਿਆਂ ਨੇ ਤਾਂ ਇਸ ਬਿਮਾਰੀ ਤੋਂ ਬੜਾ ਖੱਟਿਆ ਹੈ। ਕਰੋੜਾਂ ਦਾ ਤਾਂ ਤੇਲ ਹੀ ਪੀ ਗਏ। ਲੰਗਰ ਦਾ ਅਜੇ ਹਿਸਾਬ ਨਹੀਂ ਪੁੱਛਿਆ, ਜਿਸ ਦਿਨ ਉਹਦਾ ਹਿਸਾਬ ਆਇਆ ਤਾਂ . .. ਪਤਾ ਲੱਗੇਗਾ ਕਿੰਨਾਂ ਲੰਗਰ ਛਕ ਗਏ ?
ਸਮਾਜ ਵਿਚ ਇੱਕ ਵਰਗ ਸਾਹਿਤਕਾਰਾਂ ਦਾ ਹੈ। ਇਹ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਦੇ ਨਾਂ ਹੇਠ ਪੁਸਤਕਾਂ ਲਿਖਦੇ ਹਨ। ਇਹ ਮਾਂ ਬੋਲੀ ਦੀ ਸੇਵਾਦਾਰ ਅਖਵਾਉਂਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਇਹ ਮਾਂ ਬੋਲੀ ਦੀ ਸੇਵਾ ਘੱਟ ‘ਅਪਣੀ ਤੇ ਅਪਣੇ ਚਹੇਤੇ ਤੇ ਚਹੇਤੀਆਂ’ ਦੀ ਸੇਵਾ ਵੱਧ ਕਰਦੇ ਹਨ। ਹਰ ਸ਼ਹਿਰ ਤੇ ਕਸਬੇ ਵਿਚ ਸਾਹਿਤ ਦੇ ਮੱਠ ਹੁੰਦੇ ਹਨ। ਇਹਨਾਂ ਮੱਠਾਂ ਦਾ ਇੱਕ ਕੇਂਦਰੀ ਮੱਠ ਵੀ ਹੈ। ਕੇਂਦਰੀ ਮੱਠ ਦੀ ਜਦੋਂ ਚੋਣ ਹੁੰਦੀ ਹੈ। ਤਾਂ ਮੱਠ ਦੇ ਕਬਜ਼ਾਧਾਰੀ ਪੱਬਾਂ ਭਾਰ ਹੋ ਜਾਂਦੇ ਹਨ। ਚੋਣਾਂ ਮੌਕੇ ਟਰੱਕ-ਬੱਸਾਂ ਉਪਰ ਲੱਦ ਕੇ ‘ਵੋਟਰਾਂ’ ਨੂੰ ਲਿਆਉਂਦੇ ਹਨ ਤੇ ਆਪੋ ਅਪਣੀ ਪਾਰਟੀ ਦੇ ਹੱਕ ਵਿਚ ਭੁਗਤਾਉਂਦੇ ਹਨ। ਉਹ ਵੋਟਾਂ ਫਿਰ ਅਗਲੀਆਂ ਚੋਣਾਂ ਦੀ ਅੰਡਰ ਗਰਾਊਂਡ ਹੋ ਜਾਂਦੀਆਂ ਹਨ।
ਹਰ ਮੱਠ ਕੋਈ ਨਾ ਕੋਈ ਸਾਹਿਤਕ ਕਰਵਾ ਕੇ ਅਪਣੇ ਮੁਰਦੇ ਸਰੀਰ ਵਿਚ ਆਕਸੀਜ਼ਨ ਭਰਦਾ ਰਹਿੰਦਾ ਹੈ। ਕਈ ਮੱਠ ਤਾਂ ਬੜੇ ਚਰਚਿਤ ਹਨ। ਜਿਹੜੇ ਹਰ ਮਹੀਨੇ ਕੋਈ ਨ ਕੋਈ ਅਜਿਹਾ ‘ਲੱਕਾ ਕਬੂਤਰ’ ਭਾਲ ਲੈਂਦੇ ਹਨ, ਜਿਹੜਾ ਇਹਨਾਂ ਦੇ ਇਸ਼ਾਰੇ ‘ਤੇ ਕਲਾਬਾਜ਼ੀਆਂ ਲਾਉਂਦਾ ਹੈ। ਇਹ ਕਬੂਤਰ ਨੂੰ ਚੋਗਾ ਹੀ ਨਹੀਂ ਪਾਉਂਦੇ ਸਗੋਂ ਉਸ ਦਾ ਮਾਸ ਖਾਣ ਤੱਕ ਜਾਂਦੇ ਹਨ। ਜੇ ਕਿਤੇ ਕੋਈ ‘ਕਬੂਤਰੀ’ ਹੋਵੇ ਫਿਰ ਤਾਂ ਇਹ ਡੰਡੋਤ ਵੀ ਕਰਦੇ ਹਨ। ਸਪੇਰ ਵਾਂਗ ਬੀਨ ਵਜਾਉਂਦੇ ਨੇ ਉਸ ਦੇ ਸੋਹਿਲੇ ਗਾਉਂਦੇ ਨੇ।
ਹਰ ਮੱਠ ਦਾ ਆਪੋ ਅਪਣਾ ਦਾਇਰਾ ਹੈ। ਜਿਹੜੇ ਮੱਠ ਹਰ ਸਾਲ ਪੁਰਸਕਾਰ ਵੰਡਦੇ ਹਨ। ਉਨਾਂ ਮੱਠਾਂ ਦੇ ਪੁਜਾਰੀਆਂ ਦੀ ਬੜੀ ਕਦਰ ਹੁੰਦੀ ਹੈ। ਹਰ ਸਾਲ ਇਹ ਮੱਠ ਵਾਲੇ ਆਪੋ ਆਪਣੇ ਚਹੇਤੇ ਚਹੇਤੀਆਂ ਨੂੰ ਪੁਰਸਕਾਰ ਦੇ ਕੇ ਬਾਹਰ ਵਿਦੇਸ਼ਾਂ ਦਾ ਟੂਰ ਕਰਦੇ ਹਨ ਤੇ ਮੋਟੀ ਗਜਾ ਕਰਕੇ ਮੁੜਦੇ ਹਨ। ਪਿਛਲੀ ਵਾਰੀ ਇੱਕ ਮੱਠ ਦੇ ਪੁਜਾਰੀ ਨੇ ਤਾਂ ਗਜਾ ਕਰਨ ਵਾਲੇ ਅਗਲੇ ਪਿਛਲੇ ਸਾਰੇ ਹੀ ਰਿਕਾਰਡ ਤੋੜ ਦਿੱਤੇ। ਜਦੋਂ ਮੱਠ ਵਾਪਸ ਆਇਆ ਤਾਂ ਬੀਮਾਰ ਹੋ ਕੇ ਹਸਪਤਾਲ ਦਾਖਿਲ ਹੋ ਕੇ ਪੈ ਗਿਆ। ਜਦੋਂ ਪੁਜਾਰੀ ਬੀਮਾਰ ਹੋਵੇ ਫਿਰ ਕਿਸ ਨੇ ਪੁਛਣਾ ਸੀ ਕਿ ਵਿਦੇਸ਼ ‘ਚ ਕੀਤੀ ਗਜਾ ਦਾ ਹਿਸਾਬ ਕਿਤਾਬ।
ਖੈਰ ਪੁਰਸਕਾਰ ਹਾਸਲ ਕਰਨ ਦੀ ਦੌੜ ਵਿੱਚ ਕਈ ਤਾਂ ਪੁਰਸਕਾਰ ਵਿਚ ਮਿਲਣ ਵਾਲੀ ਰਾਸ਼ੀ ਤੋਂ ਵਧੇਰੇ ਪੱਲਿਓਂ ਖ਼ਰਚ ਕਰ ਦੇਂਦੇ ਹਨ। ਉਹ ਪੁਰਸਕਾਰ ਪ੍ਰਾਪਤ ਕਰਨ ਲਈ ਹਰ ਤਰਾਂ ਦਾ ਹਰਬਾ ਵਰਤਦੇ ਹਨ। ਉਹ ਅਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦੇ ਹਨ। ਉਹ ਪੁਰਸਕਾਰ ਲੈਣ ਲਈ ਕੀ ਕੀ ਕਰਦੇ ਹਨ ? ਇਹ ਤਾਂ ਉਹ ਹੀ ਜਾਣਦੇ ਹਨ ਜਿਹੜੇ ਪੁਰਸਕਾਰ ਲਈ ਖ਼ਾਕ ਛਾਣਦੇ ਹਨ।
ਜਦੋਂ ਮੱਠ ਪੁਰਸਕਾਰ ਦੇਣ ਲਈ ਨਾਵਾਂ ਦੀ ਭਾਲ ਕਰਦੇ ਹਨ ਤਾਂ ਪੁਰਸਕਾਰ ਹਥਿਆਉਣ ਵਾਲੇ ਕਈ ਤਰਾਂ ਦੇ ਪਾਪੜ ਵੇਲਦੇ ਹਨ।
ਕੋਈ ਝੋਲੀ ਅੱਡ ਕੇ, ਕੋਈ ਡੰਡੋਤ ਕਰਦਾ ਹੈ। ਕੋਈ ਹੋਰ ਢੰਗ ਤਰੀਕਾ ਵਰਤਦਾ ਹੈ। ਪਹਿਲਾਂ ਅਗਲਾ ਮਿੰਨਤ ਤਰਲਾ ਕਰਦਾ ਹੈ ਜੇ ਲਿਸਟ ‘ਚ ਉਸ ਦਾ ਨਾਂਅ ਨਾ ਦਿਖੇ ਤਾਂ ਉਹ ਕੱਟੇ ਵਾਂਗ ਅਰਾਟ ਪਾਉੁਂਦਾ ਹੈ। ਉਸ ਦਾ ਇਹ ਅਰਾਟ ਜਦੋਂ ਕੋਈ ਸੁਣਦਾ ਨਹੀਂ ਤਾਂ ਉਹ ਕੁੱਤੇ ਵਾਂਗ ਆਪਣੇ ਕੀਤੇ ਜ਼ਖ਼ਮਾਂ ਨੂੰ ਆਪਣੀ ਹੀ ਜੀਭ ਨਾਲ ਚੱਟਣ ਲੱਗਦਾ ਹੈ ਤੇ ਫੇਰ ਜੁਆਕਾਂ ਵਾਂਗ ਰੋਣ ਲਗਦਾ ਹੈ। ਇਹ ਵੀ ਆਪਣੀ ਕਿਸਮ ਦਾ ਸੋਸ਼ਣ ਹੈ। ਇਸ ਭ੍ਰਿਸ਼ਟਾਚਾਰ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਤਨ, ਕੋਈ ਮਨ, ਕੋਈ ਧਨ ਤੇ ਕੋਈ ਜਜ਼ਬਾਤਾਂ ਤੇ ਭਾਵਨਾਵਾਂ ਦਾ ਢੰਗ ਤਰੀਕਾ ਵਰਤਦਾ ਹੈ।
ਕਈ ਤਾਂ ਸ਼ਬਦਾਂ ਦੀਆਂ ਉਲਟੀਆਂ ਕਰ ਕਰ ਕੇ ਚਾਰੇ ਪਾਸੇ ਬਦਬੂ ਫ਼ੈਲਾ ਦੇਂਦੇ ਹਨ। ਜਦੋਂ ਉਹਨਾਂ ਨੂੰ ਉਹ ਬੋਅ ਚੜ•ਦੀ ਹੈ ਤਾਂ ਫਿਰ ਉਹ ਖਾਮੋਸ਼ ਹੋ ਜਾਂਦੇ । ਉਨਾਂ ਦੀ ਖਾਮੋਸ਼ੀ ਉਦਾਸੀ ਵਿਚ ਬਦਲ ਜਾਂਦੀ ਹੈ।
ਕਈ ਮੱਠਾਂ ਦਾ ਕੰਮ ਹੀ ਪੁਸਤਕਾਂ ਰਿਲੀਜ਼ ਕਰਨੀਆਂ, ਗੋਸ਼ਟੀਆਂ ਕਰਵਾਉਂਣੀਆਂ ਬਣ ਗਿਆ ਹੈ। ਉਹ ਪੁਸਤਕ ਰਿਲੀਜ਼ ਮੌਕੇ ਲੇਖਕ, ਲੇਖਿਕਾ ਨੂੰ ਅਸਮਾਨ ‘ਤੇ ਚਾੜਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ । ਅਖ਼ਬਾਰਾਂ ਵਿਚ ਖ਼ਬਰਾਂ ਤੇ ਫੋਟੋਆਂ ਲਵਾ ਕੇ ਬੱਲੇ ਬੱਲੇ ਕਰਵਾਉਂਦੇ ਹਨ। ਇਹ ਮੱਠ ਵਾਲੇ ਪਰਵਾਸੀ ਲੇਖਕਾਂ ਤੇ ਖਾਸਕਰ ‘ਬੀਬੀਆਂ ‘ ਦਾ ਬਹੁਤਾ ਖਿਆਲ ਰੱਖਦੇ ਹਨ। ਇਹ ਸਦਾ ਛੱਤਰੀ ਤਾਣੀ ਰੱਖਦੇ ਹਨ। ਹਰ ਮਹੀਨੇ ਕੋਈ ਨਾ ਕੋਈ ‘ ਕਬੂਤਰ ਕਬੂਤਰੀ ‘ ਛੱਤਰੀ ਉਤੇ ਉਤਾਰ ਹੀ ਲੈਂਦੇ ਹਨ। ਜੇ ਕਿਸੇ ਕੋਲ ਪੁਸਤਕ ਵੀ ਨਾ ਹੋਵੇ ਤਾਂ ਇਹ ਦਿਨਾਂ ਵਿਚ ਹੀ ਪੁਸਤਕ ਦਾ ਪ੍ਰਬੰਧ ਕਰ ਲੈਂਦੇ ਹਨ। ਝੱਟ – ਪੱਟ ਛਪਵਾ ਕੇ ਰਿਲੀਜ਼ ਕਰ ਦੇਂਦੇ ਹਨ।
ਇਹਨਾਂ ਮੱਠਾਂ ਵਾਲਿਆਂ ਨੇ ਕਈ ‘ਬੀਬੀਆਂ ‘ ਨੂੰ ਸਾਹਿਤ ਦੇ ਮੈਦਾਨ ਵਿਚ ਲਾਂਚ ਵੀ ਕੀਤਾ ਹੈ। ਉਨਾਂ ਨੂੰ ‘ਪੰਜਾਬ ਦੀ ਧੀ’ ਪੁਰਸਕਾਰ ਵੀ ਦਿੱਤਾ ਹੈ।
ਇਨਾਂ ਮੱਠ ਵਾਲਿਆਂ ਦਾ ਪ੍ਰਕਾਸ਼ਕਾਂ ਨਾਲ ਸਿੱਧਾ ਸਬੰਧ ਹੁੰਦਾ ਹੈ, ਜਿਹੜੇ ਹਰ ਕਿਸੇ ਤੋਂ ਦੁਗੱਣੇ ਪੈਸੇ ਲੈ ਕੇ ਪੁਸਤਕ ਛਾਪਦੇ ਹਨ। ਸੌ ਡੇਢ ਲੇਖਕ ਦੇ ਹੱਥ ਫੜਾ ਬਾਕੀ ਦਾ ਫੇਰ ਮੁੱਲ ਵੱਟਦੇ ਹਨ। ਇਹਨਾਂ ਪ੍ਰਕਾਸ਼ਕਾਂ ਦਾ ਅੱਗੇ ਲਾਇਬ੍ਰੇਰੀਆਂ ਤੇ ਯੂਨੀਵਰਸਿਟੀ ਦੀਆਂ ਸਿਲੇਬਸ ਕਮੇਟੀਆਂ ਨਾਲ ਸਬੰਧ ਹੁੰਦਾ ਹੈ। ਇਹ ਕਮੇਟੀ ਵਾਲੇ ਉਸ ਪ੍ਰਕਾਸ਼ਕ ਦੀ ਕੋਈ ਨਾ ਕੋਈ ਪੁਸਤਕ ਸਿਲੇਬਸ ਵਿਚ ਲਾ ਦਿੰਦੇ ਹਨ ਤੇ ਫਿਰ ਪ੍ਰਕਾਸ਼ਕਾਂ ਦਾ ਕਈ ਵਰੇ ਤੋਰੀ ਫੁਲਕਾ ਚਲਦਾ ਰਹਿੰਦਾ ਹੈ। ਇਹ ‘ ਮਾਂ ਬੋਲੀ ਦੇ ਸੇਵਾਦਾਰ ‘ ਹਰ ਸਾਲ ਆਪਣੀ ਝੋਲੀ ਭਰਦੇ ਰਹਿੰਦੇ ਹਨ। ਇਹਨਾਂ ਦਾ ਆਪਣਾ ਹੀ ਨੈਟਵਰਕ ਹੁੰਦਾ ਹੈ। ਕਈ ਤਾਂ ਜੁਗਾੜ ਲਾ ਕੇ ‘ ਸਰਬੋਤਮ ਪ੍ਰਕਾਸ਼ਕ’ ਦਾ ਪੁਰਸਕਾਰ ਵੀ ਢੁੱਕ ਲੈਂਦੇ ਹਨ।
ਹਰ ਮੱਠ ਦਾ ਆਪੋ ਆਪਣਾ ਘੇਰਾ ਹੁੰਦਾ ਹੈ। ਇਹ ਆਪਣੇ ਘੇਰੇ ਵਿਚ ਕਿਸੇ ਗ਼ੈਰ ਨੂੰ ਦਖ਼ਲ ਨਹੀਂ ਹੋਣ ਦੇਂਦੇ। ਮੱਠ ‘ਤੇ ਕਿਸੇ ਦਾ ਕਬਜ਼ਾ ਵੀ ਨਹੀਂ ਹੋਣ ਦੇਂਦੇ ਜੇ ਕਦੇ ਕਿਸੇ ਚੋਣ ਵਿਚ ਹਾਰ ਦੀ ਹਾਲਤ ਬਣ ਜਾਵੇ ਇਹ ਪਾਸਾ ਬਦਲਣ ਲੱਗੇ ਦੇਰ ਨਹੀਂ ਲਾਉਂਦੇ। ਇਹ ਵੀ ਸਿਆਸੀ ਆਗੂਆਂ ਵਾਂਗ ਪੱਗ ਬਦਲਕੇ ਦੂਜੇ ਪਾਸੇ ਜਾ ਹੱਥ ਮਿਲਾਉੁਂਦੇ ਹਨ ਤਾਂ ਕਿ ਮੱਠ ‘ਤੇ ਕੋਈ ਹੋਰ ਕਬਜ਼ਾ ਨਾ ਕਰ ਲਵੇ। ਉਂਝ ਇਹ ਮੱਠ ਹਰ ਸਾਲ ਆਪੋ ਅਪਣੇ ਚਹੇਤਿਆਂ ਦੀਆਂ ਵੋਟਾਂ ਬਣਾਉੁਂਦੇ ਰਹਿੰਦੇ।ਹਨ ਤਾਂ ਕਿ ਮੱਠ ਵਿਚ ਧੜਾ ਭਾਰੂ ਰਹੇ।
ਮੱਠ ਦੇ ਪੁਜਾਰੀ ਹਰ ਸਾਲ ਠੰਢੇ ਮੁਲਕਾਂ ਵਿਚ ”ਮਾਂ ਬੋਲੀ’ ਦੀ ਸੇਵਾ ਲਈ ਉਗਰਾਈ ਉੱਤੇ ਜਾਂਦੇ ਹਨ।
ਮਾਂ ਬੋਲੀ ਦੇ ਨਾਂ ਉਤੇ ਮੋਟੀ ਮਾਰ, ਮਾਰ ਕੇ ਮੁੜਦੇ ਹਨ। ਉਧਰ ਬੈਠੇ ਪੰਜਾਬੀਆਂ ਨੂੰ ਇਹ ‘ਮਾਂ ਬੋਲੀ’ ਦੇ ਪੁਜਾਰੀ ਭਰਮਾਉਂਦੇ ਹਨ, ‘ਮਾਂ ਬੋਲੀ ‘ ਮਰ ਰਹੀ ਹੈ, ਦਾ ਵਾਸਤਾ ਪਾਉਦੇ ਤੇ ਉਨਾਂ ਦੀਆਂ ਜੇਬਾਂ ਖਾਲੀ ਕਰਵਾਉਂਦੇ ਹਨ ਤੇ ਇਧਰ ਆ ਕੇ ਮਾ ਬੋਲੀ ਦੇ ਨਾਂ ‘ਤੇ ਕੋਈ ਛੋਟਾ ਮੋਟਾ ਸੈਮੀਨਾਰ ਕਰਵਾਉਂਦੇ ਹਨ। ਬਾਕੀ ਮਾਲ ਜੇਬ ‘ਚ ਪਾਉਂਦੇ ਹਨ ਤੇ ਲੋਕਾਂ ਵਿਚ ਮਾਂ ਬੋਲੀ ਦੇ ਸੇਵਕ ਅਖਵਾਉਂਦੇ ਹਨ। ਇਹ ਮਾਂ ਬੋਲੀ ਦੇ ਸੇਵਕ ਹੋਰ ਕੀ ਕੀ ਕਰਦੇ ਹਨ? ਇਹ ਕਦੇ ਫੇਰ ਦੱਸਾਂਗੇ ਅਜੇ ਤੁਸੀਂ ਆਖੋ ‘ਮਾਂ ਬੋਲੀ ਦੇ ਸੇਵਕਾਂ ‘ ਦੀ ਜੈ । ਸਾਹਿਤਕ ਭ੍ਰਿਸ਼ਟਾਚਾਰ ਜ਼ਿੰਦਾਬਾਦ- ਜ਼ਿੰਦਾਬਾਦ ।
ਸਮਾਜ ਦਾ ਹੁਣ ਕੀ ਐ।
ਸਭ ਕੁੱਝ ਵੈਂਟੀਲੇਟਰ ਉਤੇ ਹੋ ਗਿਆ। ਕੁਦਰਤ ਨੇ ਗਧੇ ਘੋੜੇ ਬਰਾਬਰ ਕਰ ਦਿੱਤੇ। ਪਰ ਘੋੜਿਆਂ ਨੂੰ ਤੇ ਉਹਨਾਂ ਦੇ ਮਾਲਕਾਂ ਨੂੰ ਅਕਲ ਨਹੀਂ ਆਈ। ਇਹ ਭ੍ਰਿਸ਼ਟਾਚਾਰ ਦੀ ਕਿਵੇਂ ਹਟੂ?
ਬੁੱਧ ਸਿੰਘ ਨੀਲੋਂ
94643-70823
(ਛਪ ਰਹੀ ਕਿਤਾਬ ..’.ਪੰਜਾਬੀ ਸਾਹਿਤ ਦਾ ਮਾਫੀਆ” ਵਿੱਚੋਂ )