ਬੁੱਧ ਬਾਣ

ਜੱਥੇਦਾਰ ਸਾਹਿਬ ਹੁਣ ਤਾਂ ਜਾਗੋ ?

ਬੁੱਧ ਸਿੰਘ ਨੀਲੋਂ


ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਾਜ ਵਿੱਚ ਹੋਈਆਂ ਵਧੀਕੀਆਂ, ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ, ਜ਼ਾਲਮ ਪੁਲਿਸ ਅਧਿਕਾਰੀਆਂ ਦੀਆਂ ਨਿਯੁਕਤੀਆਂ, ਸੌਦਾ ਸਾਧ ਦੇ ਨਾਲ ਚੋਰੀ ਚੋਰੀ ਕੀਤੀਆਂ ਗਈਆਂ ਮੁਲਾਕਾਤਾਂ, ਸੌਦਾ ਸਾਧ ਦੀ ਚਿੱਠੀ ਨੂੰ ਮੁਆਫੀ ਦੇਣ ਵਿੱਚ ਬਦਲਣ, ਉਸਨੂੰ ਨੂੰ ਮੁਆਫੀ ਦੇਣ, ਫੇਰ ਵਾਪਸ ਲੈਣ, ਗੁਰੂ ਦੀ ਗੋਲਕ ਵਿਚੋਂ ਨੱਬੇ ਲੱਖ ਰੁਪਏ ਦੇ ਇਸ਼ਤਿਹਾਰ ਦੇਣ, ਬਹਿਬਲ ਕਲਾਂ ਤੇ ਬਰਗਾੜੀ ਵਿੱਚ ਗੋਲ਼ੀ ਚਲਾਉਣ ਦੇ ਹੁਕਮ, ਜਾਂਚ ਪੜਤਾਲ ਦੀਆਂ ਰਿਪੋਰਟਾਂ ਨੂੰ ਦਬਾਉਣ ਆਦਿ ਘਟਨਾਵਾਂ ਦੇ ਸਬੂਤ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਵੀ ਸ੍ਰੀ ਆਕਾਲ ਤਖਤ ਸਾਹਿਬ ਜੀ ਜੱਥੇਦਾਰ ਦੇ ਅਜੇ ਵੀ ਚੁੱਪ ਹਨ ਤਾਂ ਇਹ ਸਪਸ਼ਟ ਹੋ ਜਾਂਦਾ ਹੈ। ਕਿ ਅਜੇ ਵੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਇਸ਼ਾਰਿਆਂ ਉੱਤੇ ਚੁੱਪ ਹਨ। ਇਹ ਵੀ ਸੱਚ ਹੈ ਕਿ ਇਹਨਾਂ ਬੱਜਰ ਗੁਨਾਹਾਂ ਨੂੰ ਕਰਨ ਤੇ ਕਰਵਾਉਣ ਵਾਲੇ ਇਕੱਲੇ ਸੁਖਬੀਰ ਬਾਦਲ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੇ ਅਗਜੈਕਟਿਵ ਮੈਂਬਰ ਵੀ ਸ਼ਾਮਲ ਹਨ। ਹੁਣ ਉਹ ਭਾਵੇਂ ਬਾਦਲ ਦਲ ਦੇ ਵਿਚੋਂ ਬਾਗ਼ੀ ਹੋ ਗਏ ਹਨ। ਉਹ ਸਭ ਵੀ ਓਨੇ ਹੀ ਕਸੂਰਵਾਰ ਹਨ। ਜਿੰਨਾ ਕਸੂਰਵਾਰ ਸੁਖਬੀਰ ਬਾਦਲ ਹੈ। ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਹਰਚਰਨ ਸਿੰਘ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਰਾਮ ਸਿੰਘ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਪਿਛਲੇ ਸਮਿਆਂ ਵਿੱਚ ਹੋਈਆਂ ਇਹ ਉਪਰੋਕਤ ਘਟਨਾਵਾਂ ਅਚਾਨਕ ਨਹੀਂ ਸਗੋ ਸੁਖਬੀਰ ਬਾਦਲ ਨੇ ਸੱਤਾ ਤੇ ਨਸ਼ੇ ਵਿੱਚ ਧੁੱਤ ਹੋ ਕੇ ਕਰਵਾਈਆਂ ਹਨ। ਭਾਵੇਂ ਪੰਜਾਬ ਦੇ ਲੋਕਾਂ ਤੇ ਸਿੱਖ ਸੰਗਤਾਂ ਨੇ ਉਹਨਾਂ ਨੂੰ ਕੀਤੇ ਗਏ ਗੁਨਾਹਾਂ ਦੀ ਸਜ਼ਾ ਚੋਣਾਂ ਵਿੱਚ ਦੇ ਦਿੱਤੀ ਹੈ। ਪਰ ਜਿਹੜਾ ਫਰਜ਼ ਸ੍ਰੀ ਆਕਾਲ ਤਖਤ ਸਾਹਿਬ ਜੀ ਸਮੇਤ ਬਾਕੀ ਤਖਤਾਂ ਦੇ ਜਥੇਦਾਰਾਂ ਦਾ ਬਣਦਾ ਹੈ। ਉਸ ਸਜ਼ਾ ਦੀ ਉਡੀਕ ਸਿੱਖ ਸੰਗਤਾਂ ਕਰ ਰਹੀਆਂ ਹਨ। ਪਰ ਸੁਖਬੀਰ ਬਾਦਲ ਐਨੇ ਗੁਨਾਹ ਕਰਨ ਦੇ ਬਾਵਜੂਦ ਅਜੇ ਵੀ ਹਰ ਦਿਨ ਨਵੀਆਂ ਚਾਲਾਂ ਚੱਲ ਰਿਹਾ ਹੈ। ਹੁਣ ਉਸਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਮੁਆਫੀ ਮੰਗਣ ਵਾਲੀ ਚਿੱਠੀ ਜਨਤਕ ਕਰਕੇ ਸਿੱਖ ਸੰਗਤਾਂ ਦਾ ਧਿਆਨ ਬਦਲਣ ਦੀ ਕੋਝੀ ਹਰਕਤ ਕੀਤੀ ਹੈ। ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਤੇ ਹੋਰ ਸਿੱਖ ਜਥੇਬੰਦੀਆਂ ਜਿਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਉਤੇ ਭਾਵਨਾਵਾਂ ਭੜਕ ਜਾਂਦੀਆਂ ਸਨ, ਸਭ ਚੁੱਪ ਹਨ। ਨਹਿੰਗ ਜਥੇਬੰਦੀਆਂ ਜਿਹੜੀਆਂ ਗਰੀਬ ਲੋਕਾਂ ਨੂੰ ਕੁੱਟਣ ਮਾਰਨ ਲਈ ਵਹੀਰਾਂ ਘੱਤ ਜਾਂਦੀਆਂ ਸਨ, ਉਹਨਾਂ ਨੂੰ ਹੁਣ ਬੇਅਦਬੀ ਕਰਨ ਵਾਲੇ ਕਿਉਂ ਨਹੀਂ ਨਹੀਂ ਨਜ਼ਰ ਆ ਰਹੇ? ਸਿੱਖ ਇਤਿਹਾਸ ਦੇ ਪੰਨਿਆਂ ਬਾਦਲ ਪਰਵਾਰ ਦੇ ਵਲੋਂ ਕੀਤੀਆਂ ਗਲਤੀਆਂ ਇਹਨਾਂ ਗਲਤੀਆਂ ਦਾ ਇਤਿਹਾਸ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਸ ਬੱਜਰ ਗੁਨਾਹਾਂ ਦੇ ਲਈ ਜੁੰਮੇਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁਲਾਮ ਜਥੇਦਾਰਾਂ, ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਵੀ ਓਨੀ ਹੀ ਜ਼ੁੰਮੇਵਾਰ ਹੈ। ਕੋਈ ਸਮਾਂ ਸੀ ਜਦੋਂ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਜੱਥੇਦਾਰ ਫੂਲਾ ਸਿੰਘ ਜੀ ਸਨ, ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਕੁਰੀਤੀਆਂ ਦੀ ਸਜ਼ਾ ਥੰਮਲੇ ਨਾਲ ਬੰਨ ਕੋੜੇ ਮਾਰਨ ਕੇ ਦਿੱਤੀ ਸੀ। ਉਦੋਂ ਮਹਾਰਾਜਾ ਰਣਜੀਤ ਸਿੰਘ ਗੁਨਾਹਗਾਰ ਵਜੋਂ ਪੇਸ਼ ਹੋਇਆ ਸੀ ਪਰ ਸੁਖਬੀਰ ਬਾਦਲ ਧਾੜਵੀ ਵਾਂਗੂੰ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਪੇਸ਼ ਹੋਇਆ ਹੈ। ਪਹਿਲਾਂ ਸਿੱਖ ਸੰਗਤਾਂ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕਰਦੀਆਂ ਸਨ ਪਰ ਹੁਣ ਬਾਦਲਾਂ ਦੇ ਲਿਫਾਫੇ ਵਿਚੋਂ ਜੱਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਕਲਦੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਖ ਕੌਮ, ਸਿੱਖ ਸੰਗਤਾਂ, ਸਿੱਖ ਪੰਥ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਇਹ ਡਰਾਮਾ ਰਚਿਆ ਗਿਆ ਹੈ। ਪਰ ਸਿੱਖ ਸੰਗਤਾਂ ਤੇ ਸਿੱਖ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਫੈਸਲੇ ਦੀ ਉਡੀਕ ਵਿੱਚ ਹਨ। ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਦੂਜੇ ਜੱਥੇਦਾਰਾਂ ਦੀ ਜ਼ਮੀਰ ਜਾਗੇਗੀ ?
—–
ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਢਾਹਾਂ ਕਲੇਰਾਂ ਹਸਪਤਾਲ ਦੇ ਮੈਡੀਸਨ ਮਾਹਿਰ ਡਾ. ਵਿਵੇਕ ਗੁੰਬਰ ਨੇ ਵਧੀਆ ਇਲਾਜ ਕਰਕੇ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ 27 ਸਾਲਾ ਨੌਜਵਾਨ ਦਾ ਜੀਵਨ ਬਚਾਇਆ
Next articleRedefining Indian Tradition Minus Christianity & Islam is Intellectual Dishonesty