ਬੁੱਢੇ ਦਰਿਆ ਦਾ ਜ਼ਹਿਰੀ ਧਾਤਾਂ ਵਾਲਾ ਪਾਣੀ, ਕਿਤੇ ਖ਼ਤਮ ਨਾ ਕਰ ਦਵੇ ਜੀਵਨ-ਕਹਾਣੀ

ਯਾਦਵਿੰਦਰ

(ਸਮਾਜ ਵੀਕਲੀ)

ਦਾ ਦ੍ਰਿਸ਼ਟੀਕੋਣ -37

 

ਲੁਧਿਆਣਾ, ਜਿਹੜਾ ਸਨਅਤੀ ‘ਵਿਕਾਸ’ ਦੀ ਵਜ੍ਹਾ ਨਾਲ ਪੰਜਾਬ ਦਾ ਮਾਨਚੈਸਟਰ ਕਹਾਉਂਦਾ ਹੈ, ਏਸ ਉਦਯੋਗਕ ਸ਼ਹਿਰ ਦੇ ਉੱਜਲੇ ਪੱਖਾਂ ਬਾਰੇ ਅਸੀਂ ਸੈਂਕੜੇ ਫ਼ਰਜ਼ੀ ਖ਼ਬਰਾਂ ਤੇ ਤਰੀਫਾਂ ਵਗੈਰਾ ਪੜ੍ਹਦੇ ਰਹਿੰਦੇ ਹਾਂ ਪਰ ਏਸ ਸ਼ਹਿਰ ਦੇ ਸਨਅਤਕਾਰਾਂ ਦੇ ਕਾਲੇ ਕਾਰੇ ਸਾਡੇ ਤੀਕ ਪੁੱਜਦੇ ਈ ਨਹੀਂ ਹਨ. ਦੂਰ ਕੀ ਜਾਣਾ ! ਸੱਜਰੀ ਮਿਸਾਲ ਤਾਂ ਬੁੱਢੇ ਦਰਿਆ ਦੀ ਹੈ, ਜਿਹੜਾ ਕਿਸੇ ਵੀ ਤੱਕਣੀ ਪੱਖੋਂ ਨਾ ਤਾਂ ਦਰਿਆ ਹੈ ਤੇ ਨਾ ਹੀ ਵੱਗਦਾ ਹੈ ਪਰ ਸੈਂਕੜੇ ਕਿਲੋ ਗਾਰ ਤੇ ਭਿਅੰਕਰ ਕੈਮੀਕਲਾਂ ਦਾ ਜ਼ਖੀਰਾ ਬਣ ਚੁੱਕਿਆ ਇਹ ਗੰਦਲਾ ‘ਰੋੜ੍ਹ’ ਇਨਸਾਨੀ ਵਜੂਦ ਲਈ ਖ਼ਤਰਾ ਬਣ ਚੁੱਕਿਆ ਹੈ.

 

ਲੰਘੀ 16 ਮਾਰਚ ਦੇ ਨੇੜੇ ਇਕ ਅਹਿਮਤਰੀਨ ਘਟਨਾ ਵਾਪਰੀ ਹੈ, ਕੇਂਦਰ ਸਰਕਾਰ ਨੇ ਆਪਣੀ ਨੁਮਾਇੰਦਾ ਟੀਮ ਨੂੰ ਓਸ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਘੱਲਿਆ ਜਿਹਦੇ ਜ਼ਿੱਮੇ ਇਹ ਕਾਰਜ ਲੱਗਿਆ ਸੀ ਕਿ ਉਸਨੇ ਬੁੱਢਾ ਦਰਿਆ ਵਿਚ ਕੈਮੀਕਲ ਵਾਲੀ ਰਹਿੰਦ ਖੂਹੰਦ ਸੁੱਟ ਰਹੇ ਕਾਰਖ਼ਾਨਾਦਾਰਾਂ ਦੀ ਬਾਂਹ ਮਰੋੜ੍ਹਨੀ ਹੈ, ਦਾ ਯੋਜਨਾ ਮਕ਼ਸਦ ਸਾਨੂੰ ਨਿਸ਼ਾਨੇ ਤੋਂ ਖੁੰਝਦਾ ਜਾਪ ਰਿਹਾ ਹੈ. ਇਹ ਗੰਦਗੀ ਦਾ ਰੋੜ੍ਹ ਜੀਹਨੂੰ ਬੁੱਢੇ ਦਰਿਆ ਦਾ ਨਾਂ ਦਿੱਤਾ ਗਿਆ ਹੈ, ਹੁਣ ਪੰਜਾਬ ਦੀਆਂ ਜੂਹਾਂ ਟੱਪ ਕੇ ਰਾਜਸਥਾਨ ਦੇ ਪਾਣੀ ਨੂੰ ਮਲੀਣ ਕਰ ਰਿਹਾ ਹੈ, ਯਕੀਨ ਨਈ ਆਉਂਦਾ ਤਾਂ ਆਓ ਕੁਝ ਦਿਨ ਪੁਰਾਣੀਆਂ ਮੀਡੀਆ ਰਿਪੋਰਟਾਂ ਉੱਤੇ ਨਿਗਾਹ ਮਾਰਦੇ ਹਾਂ :

ਖ਼ਬਰ ਵਸੀਲੇ ਦੱਸਦੇ ਹਨ ਕਿ ਕੇਂਦਰ ਸਰਕਾਰ ਦਾ ਪਾਣੀ ਸੰਭਾਲ ਮੰਤਰਾਲਾ ਤੇ ਇਸ ਨਾਲ ਸਬੰਧਤ ਅਫਸਰਾਂ ਲਈ ਇਹ ਦਰਿਆ ਗਲ਼ ਦੀ ਹੱਡੀ ਬਣ ਚੁੱਕਿਆ ਹੈ. ਬੀਕਾਨੇਰ ਬੈਠੇ ਭਰੋਸਾਯੋਗ ਸੂਤਰ ਦੱਸਦੇ ਹਨ ਕਿ “ਬੁੱਢਾ ਦਰਿਆ ਦੇ ਗੰਦੇ ਤੇ ਸਿਹਤ ਮਾਰੂ ਪਾਣੀ ਦੀ ਮਾਰ, ਭਾਰਤ ਦੇ ਪਾਣੀ ਮਾਮਲਿਆਂ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਜੱਦੀ ਸੂਬਾ ਰਾਜਸਥਾਨ (ਵੀ)ਝੱਲ ਰਿਹਾ ਹੈ। ਕੇਂਦਰ ਦਾ ਇਹ ਮੰਤਰੀ ਹੁਣ “ਬੁੱਢਾ ਦਰਿਆ” ਦੇ ਪਾਣੀ ਪ੍ਰਦੂਸ਼ਣ ’ਤੇ ਸਖਤੀ ਨਾਲ ਪੇਸ਼ ਆ ਰਿਹਾ ਹੈ। ਰਾਜਸਥਾਨ ਦੀ ਸੂਬਾ ਸਰਕਾਰ ਵਾਰ-ਵਾਰ ਕੇਂਦਰ ਸਰਕਾਰ ਨੂੰ ਲੁੱਧਿਆਣੇ ਦੇ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਪ੍ਰਾਜੈਕਟ ਸ਼ੁਰੁੂ ਕਰਨ ਦਾ ਵਾਸਤਾ ਪਾਉਂਦੀ ਰਹੀ ਹੈ।

ਰਾਜਸਥਾਨ ਸਰਕਾਰ ਦੇ ਤਰਕਾਂ ਦੀ ਹਕੀਕਤ ਜਾਨਣ ਲਈ ਕੇਂਦਰੀ ਮੰਤਰੀ ਨੇ ਦਿੱਲੀ ਤੋਂ ਕੇਂਦਰੀ ਟੀਮ ਸੋਲ੍ਹਾਂ ਮਾਰਚ ਨੂੰ ਲੁਧਿਆਣੇ ਭੇਜੀ ਸੀ। ਕੇਂਦਰੀ ਟੀਮ ਨੇ ਬੁੱਢਾ ਦਰਿਆ ਵਿਚ ਡਿੱਗ ਰਹੇ ਕਾਰਖਾਨਿਆਂ ਦੇ ਪਾਣੀ ’ਤੇ ਨਾਰਾਜ਼ਗੀ ਦੱਸੀ ਤੇ ਏਸ ਜ਼ਹਿਰੀਲੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸ਼ੁਰੂ ਕੀਤੇ ਜਾ ਰਹੇ ਪ੍ਰਾਜੈਕਟਾਂ ਵਿਚ ਹੋ ਰਹੀ ਦੇਰ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਕੇਂਦਰੀ ਟੀਮ ਨੇ ਪੀ.ਸੀ.ਸੀ.ਬੀ. ਦੇ ਅਫਸਰਾਂ ਨੂੰ ਦੋ ਟੁੱਕ ਆਖ ਦਿੱਤਾ ਕਿ ਜਿਹੜੀਆਂ ਏਜੰਸੀਆਂ ਪ੍ਰਾਜੈਕਟਾਂ ਵਿਚ ਦੇਰ ਕਰ ਰਹੀਆਂ ਹਨ, ਉਨ੍ਹਾਂ ਦੀ ਜਵਾਬਤਲਬੀ ਕੀਤੀ ਜਾਵੇ ਤੇ ਹੁਣ ਦਰਿਆ ਨੂੰ ਜ਼ਿਆਦਾ ਦੇਰ ਤਕ ਜ਼ਹਿਰੀਲਾ ਨਈ ਦਿੱਤਾ ਜਾਵੇਗਾ।

ਕੇਂਦਰੀ ਟੀਮ ਨੇ ਪੀ ਸੀ ਸੀ ਬੀ ਨੂੰ ਹੁਕ਼ਮ ਕੀਤੇ ਕਿ ਜਿਹੜੇ ਕਾਰਖ਼ਾਨਾ ਮਾਲਕ, ਦਰਿਆ ਨੂੰ ਗੰਦਾ ਕਰ ਰਹੇ ਹਨ, ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਅਤੇ ਉਨ੍ਹਾਂ ਨੂੰ ਦਰਿਆ ਵਿਚ ਪਾਣੀ ਸੁੱਟਣ ਤੋਂ ਰੋਕਿਆ ਜਾਵੇ। ਕੇਂਦਰੀ ਟੀਮ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਰੀਜਨਲ ਅਫਸਰ ਸੁਨੀਲ ਦੇਵ, ਨੈਸ਼ਨਲ ਰਿਵਰ ਕੰਜਰਵੇਸ਼ਨ ਡਾਇਰੈਕਟੋਰੇਟ ਦਾ ਸੰਜੇ ਕੁਮਾਰ, ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ ਦਾ ਡਾ. ਪ੍ਰਵੀਨ ਤੇ ਇਨ੍ਹਾਂ ਦੀ ਟੀਮ ਲੁਧਿਆਣੇ ਪੁੱਜੀ ਸੀ. ਟੀਮ ਨੇ ਸਭ ਤੋਂ ਪਹਿਲਾਂ ਨਗਰ ਨਿਗਮ ਦੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਜਾਇਜ਼ਾ ਲਿਆ। ਨਿਗਮ ਦੇ ਜ਼ਿਆਦਾਤਰ ਟਰੀਟਮੈਂਟ ਪਲਾਂਟ ਕੰਮ ਨਹੀਂ ਕਰ ਰਹੇ ਹਨ ਜਿਸ ’ਤੇ ਕੇਂਦਰੀ ਟੀਮ ਨੇ ਨਾਰਾਜ਼ਗੀ ਪ੍ਰਗਟਾਈ।

ਪੀ ਪੀ ਸੀ ਬੀ ਦੇ ਅਫਸਰਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਸਾਰੇ ਸੀਵਰੇਜ ਟਰੀਟਮੈਂਟ ਪਲਾਂਟ ਅਪਗਰੇਡ ਕੀਤੇ ਜਾ ਰਹੇ ਹਨ ਅਤੇ ਦੋ ਸਾਲਾਂ ਵਿਚ ਇਹ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ। ਉਸ ਤੋਂ ਬਾਅਦ ਉਨ੍ਹਾਂ ਸੀਈਟੀਪੀ ਦਾ ਜਾਇਜ਼ਾ ਲਿਆ। ਬਹਾਦਰਕੇ ਰੋਡ ’ਤੇ ਬਣੇ ਸੀ.ਈ.ਟੀ.ਪੀ. ’ਤੇ ਸੰਤੁਸ਼ਟੀ ਜ਼ਾਹਰ ਕੀਤੀ ਪਰ ਬਾਕੀ ਦੇ ਦੋ ਸੀ.ਈ.ਟੀ.ਪੀ. ਸ਼ੁਰੂ ਨਾ ਹੋਣ ’ਤੇ ਗੁੱਸਾ ਜ਼ਾਹਰ ਕੀਤਾ ਗਿਆ ਹੈ. ਉਸ ਤੋਂ ਬਾਅਦ ਟੀਮ ਦੇ ਜੀਆਂ ਨੇ ਡੇਅਰੀਆਂ ਦਾ ਜਾਇਜ਼ਾ ਲਿਆ ਪਰ ਓਥੇ ਵੀ ਹਾਲਤ ਚੰਗੀ ਨਹੀਂ ਸੀ। ਕੇਂਦਰੀ ਟੀਮ ਨੇ ਪੀ.ਪੀ.ਸੀ.ਬੀ. ਦੇ ਮੁੱਖ ਇੰਜੀਨੀਅਰ ਗੁਲਸ਼ਨ ਰਾਏ ਨੂੰ ਸਖਤ ਹਦਾਇਤ ਕਰਦਿਆਂ ਹੋਇਆਂ ਕਿਹਾ ਕਿ ਜਿਹੜੀਆਂਏਜੰਸੀਆਂ ਦਰਿਆ ਨੂੰ ਸਾਫ ਕਰਨ ਦੇ ਪ੍ਰਾਜੈਕਟਾਂ ’ਤੇ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਤੈਅ ਡੈੱਡਲਾਈਨ (ਆਖ਼ਰੀ ਤਰੀਕ ਤਕ ਦਾ ਆਖ਼ਰੀ ਵਕ਼ਤ) ਤਕ ਇਹ ਲੋਕ ਕਾਰਜ ਮੁਕੰਮਲ ਕਰਨ ਲਈ ਕਿਹਾ ਜਾਵੇ। ਕੇਂਦਰੀ ਟੀਮ ਨੇ ਪੀ.ਪੀ.ਸੀ.ਬੀ. ਦੇ ਚੀਫ ਇੰਜੀਨੀਅਰ ਨੂੰ ਕਿਹਾ ਕਿ ਸੀ.ਈ.ਟੀ.ਪੀ. ਨੂੰ ਫ਼ੌਰੀ ਬਿਜਲੀ ਕੁਨੈਕਸ਼ਨ ਦਿਓ.

ਮਾਹਰ ਕਿਓਂ ਹਨ ਫ਼ਿਕ਼ਰਮੰਦ?
ਲੁਧਿਆਣਾ ਹੀ ਨਹੀਂ ਸਾਰੇ ਪੰਜਾਬ ਦੇ ਪਾਣੀ ਮਾਮਲਿਆਂ ਦੇ ਮਾਹਰਾਂ ਤੋਂ ਅਲਾਵਾ ਲੋਕ ਹਿਤੈਸ਼ੀ ਜਿੱਥੇ ਕੇਂਦਰੀ ਟੀਮ ਦੀ ਫੇਰੀ ਤੋਂ ਉਤਸ਼ਾਹਤ ਹਨ ਓਥੇ ਏਸ ਗੱਲੋਂ ਫ਼ਿਕ਼ਰਮੰਦ ਹਨ ਕਿ ਕਿਤੇ ਕਾਰਖ਼ਾਨਾ ਮਾਲਕਾਂ ਦੀ ਸਿਆਸਤ ਤੇ ਸਿਆਸਤਬਾਜ਼ਾਂ ਦੇ ਨਿੱਜੀ ਫ਼ਾਇਦੇ ਕਾਰਨ ਪੰਜਾਬ ਤੇ ਰਾਜਸਥਾਨ ਵਿਚਾਲੇ ਵੈਰ ਨਾ ਪੈ ਜਾਵੇ. ਇਕ ਤਾਂ ਸਤਲੁਜ ਜਮਨਾ ਲਿੰਕ ਨਹਿਰ ਦਾ ਹਊਆ ਬਣਾ ਕੇ ਪੰਜਾਬ ਤੇ ਹਰਿਆਣੇ ਦੇ ਜਗੀਰਦਾਰਾਂ ਨੇ ਦੋਵਾਂ ਸੂਬਿਆਂ ਵਿਚਾਲੇ ਨਕਲੀ ਦੁਸ਼ਮਣੀ ਦੀ ਕੰਧ ਉਸਾਰ ਦਿੱਤੀ ਹੋਈ ਹੈ ਕਿਤੇ ਲੁੱਧਿਆਣੇ ਦੇ ਲਾਲਚੀ ਕਾਰਖ਼ਾਨਾਦਾਰਾਂ ਦੇ ਨਿਜੀ ਲੋਭ ਕਾਰਨ ਰਾਜਸਥਾਨ, ਪੰਜਾਬ ਨਾਲ ਵੈਰ ਭਾਵ ਰੱਖਣ ਦਾ ਇਰਾਦਾ ਨਾ ਕਰ ਲਵੇ. ਇਹ ਬੁੱਢਾ ਦਰਿਆ ਤਾਂ ਬਦਬੋਦਾਰ ਪਾਣੀ ਦਾ ਰੋੜ੍ਹ ਹੈ ਪਰ ਇਸ ਜ਼ਹਿਰੀਲੇ ਪਾਣੀ ਵਿਚ ਸ਼ਾਮਲ ਕੈਮੀਕਲ ਧਾਤਾਂ ਜਿੱਥੇ ਪੰਜਾਬ ਵਿਚ ਤਬਾਹੀ ਵਰਤਾਅ ਚੁੱਕੀਆਂ ਹਨ ਓਥੇ ਰਾਜਸਥਾਨ ਦੇ ਪਾਣੀਆਂ ਜ਼ਹਿਰੀ ਧਾਤਾਂ ਨੂੰ ਰਲਾਉਣ ਲਈ ਇਹ ਬੁੱਢਾ ਦਰਿਆ ਵਹਾਅਸ਼ੀਲ ਨਜ਼ਰ ਆ ਰਿਹਾ ਹੈ. ਗਜੇਂਦਰ ਸ਼ੇਖਾਵਤ ਤਾਂ ਏਸ ਮਾਮਲੇ ਨੂੰ ਵੋਟ ਬੈਂਕ ਦੇ ਨਜ਼ਰੀਏ ਵਿੱਚੋਂ ਵੇਖਦੇ ਹੋ ਸਕਦੇ ਹਨ ਪਰ ਇਹ ਰਾਜਸਥਾਨ ਦੇ ਲੋਕਾਂ ਦੀ ਸਿਹਤ ਸਲਾਮਤੀ ਦਾ ਵੀ ਸੁਆਲ ਹੈ ਤੇ ਇਹ ਪੰਜਾਬ ਦੇ ਲੋਕਾਂ ਦੀ ਤੰਦਰੁਸਤੀ ਦਾ ਮਸਲਾ ਵੀ ਹੈ.

ਕੌਣ ਕਰੇਗਾ ਸਖ਼ਤੀ?
ਬੁੱਢਾ ਦਰਿਆ ਵਿਚ ਕਾਰਖਾਨਿਆਂ ਦੀਆਂ ਜ਼ਹਿਰੀ ਧਾਤਾਂ ਪਾ ਰਹੇ ਪੈਸੇ ਦੇ ਪੀਰਾਂ ਨੂੰ ਸਬਕ਼ ਸਿਖਾਏ ਬਿਨਾਂ ਇਹ ਮਸਲਾ ਹੱਲ ਨਹੀਂ ਹੋ ਸਕੇਗਾ.

ਯਾਦਵਿੰਦਰ

ਸਰੂਪ ਨਗਰ, ਰਾਉਵਾਲੀ, ਜਲੰਧਰ
+91 94653 29617

Previous articleਖਾਧ ਪਦਾਰਥਾਂ ਵਿਚ ਮਿਲਾਵਟ ਸਮਾਜ ਵਿਰੋਧੀ ਵਰਤਾਰਾ
Next articleਪਾਇਲ ਵਿਖੇ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫ਼ਸਰ ਤੇ ਹਮਲਾ