ਬਿੱਟੂ ਹੱਤਿਆ ਕਾਂਡ: ਗੈਂਗਸਟਰਾਂ ਅਤੇ ਖਾੜਕੂ ਜਥੇਬੰਦੀਆਂ ਦਾ ਹੱਥ ਨਹੀਂ

ਬਰਗਾੜੀ ਬੇਅਦਬੀ ਮਾਮਲੇ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ’ਚ ਕੀਤੀ ਗਈ ਹੱਤਿਆ ਦੇ ਸਬੰਧ ’ਚ ਅਜੇ ਤਕ ਕਿਸੇ ਬਾਹਰੀ ਤਾਕਤ ਦਾ ਹੱਥ ਹੋਣ ਦਾ ਖ਼ੁਲਾਸਾ ਨਹੀਂ ਹੋਇਆ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ (ਕੈਦੀਆਂ) ਦੀ ਅੱਠ ਦਿਨਾਂ ਤੋਂ ਜਾਰੀ ਪੁੱਛਗਿੱਛ ਦੌਰਾਨ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਕਤਲ ਦੀ ਸਾਜ਼ਿਸ਼ ਇਨ੍ਹਾਂ ਵਿਚੋਂ ਹੀ ਚਾਰ ਮੁਲਜ਼ਮਾਂ ਵੱਲੋਂ ਘੜੀ ਦੱਸੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ਵਿਚ ਉਮਰ ਕੈਦੀ ਗੁਰਸੇਵਕ ਸਿੰਘ ਝਿਓਰਹੇੜੀ, ਹਵਾਲਾਤੀ ਮਨਿੰਦਰ ਸਿੰਘ ਭਗੜਾਣਾ, ਲਖਵੀਰ ਸਿੰਘ ਸਲਾਣਾ ਅਤੇ ਕੈਦੀ ਹਰਪ੍ਰੀਤ ਸਿੰਘ ਨਾਗਰਾ ਸਮੇਤ ਹਵਾਲਾਤੀ ਜਸਪ੍ਰੀਤ ਸਿੰਘ ਉਰਫ਼ ਨਿਹਾਲ ਸਿੰਘ ਸ਼ਾਮਲ ਹਨ। ਸੀਆਈਏ ਪਟਿਆਲਾ ’ਚ ਇੰਸਪੈਕਟਰ ਸ਼ਮਿੰਦਰ ਸਿੰੰਘ ਦੀ ਨਿਗਰਾਨੀ ਹੇਠ ਰੱਖੇ ਗਏ ਮੁਲਜ਼ਮਾਂ ਤੋਂ ਸਿਟ ਸਮੇਤ ਹੋਰ ਅਧਿਕਾਰੀ ਵੀ ਪੁੱਛਗਿੱਛ ਕਰ ਚੁੱਕੇ ਹਨ। ਰਿਮਾਂਡ ਦਾ ਆਖਰੀ ਦਿਨ ਹੋਣ ਕਰਕੇ ਅੱਜ ਵੀ ਦਿਨ ਭਰ ਉਨ੍ਹਾਂ ਤੋਂ ਪੁੱਛਗਿੱਛ ਹੁੰਦੀ ਰਹੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਘਟਨਾ ਪਿੱਛੇ ਕਿਸੇ ਵੀ ਖਾੜਕੂ ਅਤੇ ਗੈਂਗਸਟਰ ਗੁੱਟ ਸਮੇਤ ਕਿਸੇ ਰਾਜਸੀ ਜਾਂ ਹੋਰ ਵਿਅਕਤੀ ਦਾ ਹੱਥ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਅਧਿਕਾਰੀਆਂ ਅਨੁਸਾਰ ਬਿੱਟੂ ਦੇ ਜੇਲ੍ਹ ਪੁੱਜਣ ’ਤੇ ਕਤਲ ਦੀ ਵਿਉਂਤਬੰਦੀ ਨਿਹਾਲ ਸਿੰਘ, ਗੁਰਸੇਵਕ ਅਤੇ ਮਨਿੰਦਰ ਨੇ ਨਵੰਬਰ ’ਚ ਕੀਤੀ ਸੀ। ਮਗਰੋਂ ਲਖਵੀਰ ਵੀ ਕਥਿਤ ਰੂਪ ਵਿਚ ਯੋਜਨਾ ਵਿਚ ਸ਼ਾਮਲ ਹੋ ਗਿਆ ਸੀ। ਅਕਤੂਬਰ 2018 ’ਚ ਬਿੱਟੂ ਨੂੰ ਫਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ। ਗੁਰਸੇਵਕ ਨੂੰ ਅਕਤੂਬਰ ’ਚ ਹੀ ਇੱਕ ਕਤਲ ਕੇਸ ਵਿਚ ਉਮਰ ਕੈਦ ਹੋ ਜਾਣ ’ਤੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ, ਜਿਥੋਂ ਕੁਝ ਸਮੇਂ ਬਾਅਦ ਉਸ ਦੀ ਵਾਪਸੀ ਹੋ ਗਈ। ਉਧਰ ਨਵੰਬਰ ’ਚ ਪਰਤੇ ਬਿੱਟੂ ਨੂੰ ਦਸੰਬਰ ’ਚ ਮੁੜ ਫਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਜਨਵਰੀ ’ਚ ਉਸ ਦੀ ਵਾਪਸੀ ਤੋਂ ਪਹਿਲਾਂ ਹੀ ਇਥੋਂ ਨਿਹਾਲ ਸਿੰਘ ਨੂੰ ਮੈਕਸੀਮਮ ਸਕਿਓਰਿਟੀ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ। ਗੁਰਸੇਵਕ ਨੇ ਜਨਵਰੀ ’ਚ ਪੈਰੋਲ ਦੀ ਪੈਰਵੀ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਮਾਰਚ ਤੋਂ ਮਈ ਤੱਕ ਪੈਰੋਲ ’ਤੇ ਰਿਹਾ। ਜੇਲ੍ਹ ਅਧਿਕਾਰੀਆਂ ਅਨੁਸਾਰ ਬਿੱਟੂ ਸ਼ੁਰੂ ’ਚ ਖੁਦ ਹੀ ਵਧੇਰੇ ਚੌਕਸ ਰਹਿੰਦਾ ਸੀ। ਹਫ਼ਤੇ ਵਿਚ ਇੱੱਕ ਵਾਰ ਹੁੰਦੀ ਬਿੱਟੂ ਦੀ ਮੁਲਾਕਾਤ ਵੀ ਦੁਪਹਿਰੇ ਉਦੋਂ ਕਰਵਾਈ ਜਾਂਦੀ ਸੀ, ਜਦੋਂ ਬਾਕੀ ਸਾਰੇ ਕੈਦੀ ਬੈਰਕਾਂ ਵਿਚ ਬੰਦ ਹੁੰਦੇ ਸਨ। ਬਿੱਟੂ ਸਮੇਤ ਸਾਰੇ ਡੇਰਾ ਪ੍ਰੇਮੀ ਵੱਖਰੀ ਬੈਰਕ ਵਿਚ ਬੰਦ ਸਨ। ਘਟਨਾ ਵਾਲੇ ਦਿਨ ਘਰੋਂ ਆਇਆ ਟੈਲੀਵਿਜ਼ਨ ਲੈਣ ਲਈ ਬਿੱਟੂ ਦਾ ਇੱਕ ਹੋਰ ਪ੍ਰੇਮੀ ਸਮੇਤ ਆਥਣ ਵੇਲੇ ਬੈਰਕ ਵਿਚੋਂ ਨਿਕਲਣਾ ਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ। ਕਤਲ ’ਚ ਤਿੰਨ ਜਣਿਆਂ ਦੀ ਸਿੱਧੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਜਦਕਿ ਚੌਥਾ ਜਣਾ ਸਾਧਾਰਨ ਲੜਾਈ ਸਮਝ ਕੇ ਕੋਲ ਪੁੱਜਿਆ ਸੀ। ਕਤਲ ਮੌਕੇ ਭਾਵੇਂ ਨਿਹਾਲ ਹੋਰ ਜੇਲ੍ਹ ਵਿਚ ਸੀ ਪਰ ਸਾਜ਼ਿਸ਼ ਤਹਿਤ ਉਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Previous articleਰਾਹੁਲ ਗਾਂਧੀ ਵੱਲੋਂ ਕਾਂਗਰਸੀ ਮੁੱਖ ਮੰਤਰੀਆਂ ਨਾਲ ਮੁਲਾਕਾਤ ਅੱਜ
Next articleਵਿਸ਼ਵ ਕੱਪ: ਇੰਗਲੈਂਡ ਨੇ ਸੈਮੀਜ਼ ਲਈ ਮੁੜ ਰਾਹ ਖੋਲ੍ਹਿਆ