ਬਿਹਾਰ ਚੋਣਾਂ: ਦੂਜੇ ਗੇੜ ’ਚ ਰਿਕਾਰਡ 53.51 ਫੀਸਦ ਪੋਲਿੰਗ

ਨਵੀਂ ਦਿੱਲੀ/ਪਟਨਾ (ਸਮਾਜ ਵੀਕਲੀ) : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ 94 ਵਿਧਾਨ ਸਭਾ ਹਲਕਿਆਂ ਲਈ ਅੱਜ ਰਿਕਾਰਡ 53.51 ਫੀਸਦ ਵੋਟਾਂ ਪਈਆਂ ਹਨ। ਵੋਟਿੰਗ ਦੀ ਇਹ ਪ੍ਰਤੀਸ਼ਤਤਾ ਵੱਧ ਸਕਦੀ ਹੈ। ਚੋਣ ਕਮਿਸ਼ਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਤੇ ਦੂਜੇ ਗੇੜ ’ਚ ਕੁੱਲ ਮਿਲਾ ਕੇ ਰਿਕਾਰਡ 53.79 ਫੀਸਦ ਵੋਟਾਂ ਪਈਆਂ ਹਨ। ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਸੂਬੇ ਦੇ 17 ਜ਼ਿਲ੍ਹਿਆਂ ਦੀਆਂ 94 ਵਿਧਾਨ ਸਭਾ ਸੀਟਾਂ ’ਤੇ ਕੋਵਿਡ-19 ਤੋਂ ਬਚਾਅ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦਿਆਂ ਅੱਜ ਸਖ਼ਤ ਨਿਗਰਾਨੀ ਤੇ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ।

ਇਹ 94 ਵਿਧਾਨ ਸਭਾ ਹਲਕੇ 17 ਜ਼ਿਲ੍ਹਿਆਂ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸ਼ਿਵਹਰ, ਸੀਤਾਮੜੀ, ਮਧੂਬਣੀ, ਮੁਜ਼ੱਫਰਪੁਰ, ਗੋਪਾਲਗੰਜ, ਸੀਵਾਨ, ਸਾਰਨ, ਵੈਸ਼ਾਲੀ, ਸਮਸਤੀਪੁਰ, ਬੇਗੂਸਰਾਏ, ਖਗੜੀਆ, ਭਾਗਲਪੁਰ, ਨਾਲੰਦਾ ਤੇ ਪਟਨਾ ’ਚ ਪੈਂਦੇ ਹਨ। ਦਰਭੰਗਾ ਜ਼ਿਲ੍ਹਾ ਦੇ ਕੁਸ਼ੇਸ਼ਵਰਸਥਾਨ ਤੇ ਗੌੜਾਬੌਰਾਮ, ਮੁਜ਼ੱਫਰਨਗਰ ਦੇ ਮੀਨਾਪੁਰ, ਪਾਰੂ ਤੇ ਸਾਹਿਬਗੰਜ, ਵੈਸ਼ਾਲੀ ਜ਼ਿਲ੍ਹੇ ਦੇ ਰਾਘੋਪੁਰ ਤੇ ਖਗੜੀਆ ਜ਼ਿਲ੍ਹੇ ਦੇ ਅਲੌਲੀ ਤੇ ਬੇਲਦੌਰ ਵਿਧਾਨ ਸਭਾ ਹਲਕੇ ’ਚ ਵੋਟਿੰਗ ਬਾਅਦ ਦੁਪਹਿਰ 4 ਵਜੇ ਮੁਕੰਮਲ ਹੋ ਗਈ ਸੀ। ਦੂਜੇ ਗੇੜ ਦੀ ਵੋਟਿੰਗ ਲਈ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੀ ਸੀ ਪਰ ਉਕਤ ਸੀਟਾਂ ’ਤੇ ਸਮਾਂ ਤਬਦੀਲ ਕੀਤਾ ਗਿਆ ਸੀ।

Previous articleਕੈਪਟਨ ਵੱਲੋਂ ਵਿਧਾਇਕਾਂ ਨਾਲ ਰਾਜਘਾਟ ’ਤੇ ਧਰਨਾ ਅੱਜ
Next articleਰਾਸ਼ਟਰਪਤੀ ਚੋਣਾਂ: ਅਮਰੀਕਾ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਈਆਂ