(ਸਮਾਜ ਵੀਕਲੀ)
ਇੱਤਹਾਸ ਕਾਗਜ਼ਾਂ ਦੀ ਹਿੱਕ ਤੇ
ਕਾਲ਼ੀ,ਨੀਲੀ, ਹਰੀ, ਪੀਲ਼ੀ
ਸਿਹਾਰੀ ਨਾਲ
ਮਨ ਆਈ ਨਾਲ
ਲਿੱਖੇ ਤੇ ਮਿਥੇ ਨਹੀਂ ਜਾਂਦੇ
ਇਹ
ਨਾਂ ਹੀ ਮੋਰਾਂ ਦੇ ਖੰਭ ਨਾਲ
ਨਾਂ ਹੀ
ਰੀੜ ਰਹਿਤ
ਅਮੀਰ ਜਾਂਦੇ ਖੁਸਰੋ ਦੀ
ਤਰੱਕੀਆਂ ਦੇ ਵੰਝ ਨਾਲ
ਸਿਰਜੇ ਜਾਂਦੇ ਨੇ
ਐਸ਼ ਪ੍ਰਸਤੀਆਂ
ਦਿਖਾਵੇ ਦੀਆਂ ਝੂਠੀਆਂ ਹਸਤੀਆਂ
ਬਹੁਤੀ ਦੇਰ ਨਹੀਂ ਚਲਦੀਆਂ
ਧਰਤੀ ਜਦੋਂ ਹਿੱਲਦੀ ਹੈ
ਸੈਂਨਤ ਓਦੋਂ ਮਿਲਦੀ ਹੈ
ਕਿ ਔਕਾਤਾਂ ਅਤੇ ਰੁਤਬਿਆਂ ਦੀ
ਕੋਈ ਹਸਤੀ ਨਹੀਂ ਹੁੰਦੀ
ਹੰਕਾਰਾਂ ਦੇ ਗੁਬਾਰ
ਕਿਧਰੇ ਭਾਲਿਆਂ ਨਹੀਂ ਲੱਭਦੇ
ਸਮਿਆਂ ਤੇ ਪਾਏ ਨਕਾਬ
ਵਕਤ ਪਲਾਂ ਚ ਹੀ
ਲਾਹ ਤੁੱਰਦਾ ਹੈ ਸਭਦੇ
ਨਸ਼ੇ ਦੇ ਸਰੂਰ ਚ
ਕਿੰਨਿਆਂ ਨੂੰ ਮਾਰੋਗੇ
ਕਿੰਨਿਆਂ ਨੂੰ ਉਜਾੜੋਗੇ
ਕਿੰਨਿਆਂ ਨੂੰ ਤਾੜੋਗੇ
ਮੌਤ ਦੀਆਂ ਲਕੀਰਾਂ ਅੰਦਰ
ਕਿੰਨਿਆਂ ਦੇ ਮੂੰਹਾਂ ਨੂੰ
ਕਦੋਂ ਤੀਕ ਜੰਦਰ?
ਜਾਣਦਾ ਹਾਂ
ਕਿ ਮੌਤ ਦਾ ਖੌਫ
ਮਾਰ ਦਿੰਦਾ ਹੈ ਧੁਰ ਅੰਦਰ ਤੱਕ
ਪਰ ਕੁਦਰਤ ਦੀ ਹਿੱਕ ਤੇ
ਜ਼ਿੰਦਗੀ ਲਿਖੀ ਹੈ
ਕਦੋਂ ਤੱਕ ਮੇਟੋਗੇ
ਮੌਤ ਦੇ ਸਮਾਨ ਨਾਲ
ਇਹ ਮਾਰੋ ਮਾਰੀ
ਤਬਾਹੀ ਨਾਲ ਯਾਰੀ
ਤੁਹਾਡੀ ਕਦੋਂ ਤੱਕ ਨਿਭੇਗੀ
ਇਹ ਕੁਦਰਤ ਦਾ ਅਸੂਲ ਹੈ
ਇਥੇ ਕਦੇ ਕੋਈ ਬਚਿਆ ਨਹੀਂ
ਤੇ ਕਿਸੇ ਨੇ ਕਦੇ ਵੀ ਕੋਈ
ਸਦੀਵੀ ਇਤਹਾਸ ਰਚਿਆ ਨਹੀਂ
ਹੁਕਮਰਾਨਾਂ ਦਾ ਹੰਕਾਰ
ਮਿੱਧਣ ਤੁੱਰਿਆ ਹੈ ਸੰਸਾਰ
ਖਿੜੀ ਕੁਦਰਤ ਦੀ ਗੁਲਜ਼ਾਰ
ਇਹ ਕੈਸਾ ਵਿਕਾਸ ਹੈ
ਇਹ ਕੈਸਾ ਇਤਹਾਸ ਹੈ
ਚੁਫੇਰੇ ਵਿਨਾਸ਼ ਹੀ ਵਿਨਾਸ਼ ਹੈ
ਇਹ ਕੈਸੀ ਤਰੱਕੀ ਹੈ
ਕਾਇਨਾਤ ਵੇਖ ਕੇ ਹੱਸੀ ਹੈ
ਕਿ
ਇਤਹਾਸ ਇਹੋ ਜਿਹੇ ਹੁੰਦੇ ਨੇ?
ਵਿਕਾਸ ਇਹੋ ਜਿਹੇ ਹੁੰਦੇ ਨੇ?
ਮੱਚ ਰਹੀਆਂ ਤਬਾਹੀਆਂ ਦਾ
ਕੀਤੀਆਂ ਮਨ ਆਈਆਂ ਦਾ
ਕੁਦਰਤ ਹਿਸਾਬ ਕਰੇਗੀ
ਆਪਣੇ ਗੰਧਲ਼ੇ ਹੋ ਰਹੇ ਮੁੱਖ ਨੂੰ
ਜਰੂਰ ਸਾਫ ਕਰੇਗੀ
ਇਸ ਕਾਇਨਾਤ ਤੋਂ ਕੋਈ ਉਤਾਂਹ ਨਹੀਂ
ਜਿਥੇ ਖੁਦਗਰਜ਼ ਅਤੇ ਬੇ ਅਸੂਲਿਆਂ ਲਈ
ਕੋਈ ਥਾਂ ਨਹੀਂ
ਇਹ ਕੁੱਝ ਖਾਸ
ਜੋ ਲਿਖਣ ਤੁਰੇ ਨੇ ਇਤਹਾਸ
ਅਜੀਬ ਜਿਹੇ ਦੰਭ ਨਾਲ
ਮੋਰਾਂ ਦੇ ਖੰਭ ਨਾਲ
ਸ਼ਾਇਦ ਨਹੀਂ ਜਾਣਦੇ
ਮਨਾਂ ਦੀ ਬਹਿਰ
ਤੇ ਕੁਦਰਤ ਦਾ ਕਹਿਰ
ਕਦੇ ਕਿਸੇ ਦਾ ਗੁਲਾਮ ਨਹੀਂ ਹੋਇਆ।
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly