ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅੱਜ ਹੁੰਦੇ ਤਾਂ ……?

ਪੇਸ਼ਕਸ਼:- ਅਮਰਜੀਤ ਚੰਦਰ, ਲਧਿਆਣਾ  +91 94176 00014

ਸਮਾਜਵੀਕਲੀ 

14 ਅਪਰੈਲ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਜਨਮ ਦਿਨ ਸੀ। ਇਸ ਸ਼ੁਭ ਅਵਸਰ ਤੇ ਕਿਸ ਦਿਨ ਉਹ ਪੈਦਾ ਹੋਏ ਸਨ ਜਾਂ ਕਿਸ ਸੰਨ ਵਿਚ ਪੈਦਾ ਹੋਏ ਸਨ ਇਹ ਕੋਈ ਮਹੱਤਵ-ਪੂਰਣ ਨਹੀ ਹੈ, ਮਹੱਤਵ-ਪੂਰਣ ਤਾਂ ਇਹ ਹੈ ਕਿ ਅੱਜ ਬਾਵਾ ਸਾਹਿਬ ਜਿਊਦਾ ਹੁੰਦੇ, ਅੱਜ ਸਾਡੇ ਵਿਚ ਹੁੰਦੇ ਤਾਂ ਕਿਹੜੀਆਂ-ਕਿਹੜੀਆਂ ਸਮੱਸਿਆਂਵਾਂ ਨਾਲ, ਕਿਹੜੀਆਂ-ਕਿਹੜੀਆਂ ਸ਼ਕਤੀਆਂ ਨਾਲ ਲੜਦੇ। ਬਾਵਾ ਸਾਹਿਬ ਨੂੰ ਸੱਭ ਤੋਂ ਜਿਆਦਾ ਨਿਰਾਸ਼ਾਂ ਉਨਾਂ ਤੋਂ ਹੋਣੀ ਸੀ ਜਾਂ ਸੰਗਰਸ਼ ਕਰਨਾ ਪੈਣਾ ਸੀ, ਜਿੰਨਾਂ ਦੀ ਤਰੱਕੀ ਲਈ ਜਾਂ ਉਨਾਂ ਨੂੰ ਆਪਣੇ ਹੱਕ ਦਵਾਉਣ ਦੇ ਲਈ ਲਗਾਤਾਰ ਉਨਾਂ ਨੇ ਸੰਘਰਸ਼ ਕੀਤੇ ਸਨ। ਬਾਵਾ ਸਾਹਿਬ ਆਪਣੇ ਆਖਰੀ ਸਮ੍ਹੇਂ ਦੇ ਦੌਰਾਨ ਤੱਕ ਕਹਿੰਦੇ ਵੀ ਰਹੇ ਸੀ ਕਿ ਮੈਨੂੰ ਸੱਭ ਤੋਂ ਜਿਆਦਾ ਸ਼ਿਕਾਇਤ ਉਹਨਾਂ ਆਪਣੇ ਲੋਕਾਂ ਤੋਂ ਹੈ, ਜਿਹੜੇ ਆਪਣੀ ਕੌਮ ਦੇ, ਆਪਣੇ ਮਜ੍ਹਬ ਦੇ, ਜਿੰਨਾਂ ਨੇ ਜਾਂ ਤਾਂ ਮੇਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕੀਤਾ ਤੇ ਜਾਂ ਫਿਰ ਮੈਨੂੰ ਪੂਜਣ ਵਾਲੀ ਮੂਰਤੀ ਬਣਾ ਛੱਡਿਆ ਹੈ।

ਅਕਸਰ ਆਮ ਲੋਕਾਂ ਵਿਚ ਇਸ ਤਰ੍ਹਾਂ ਦੀ ਧਾਰਨਾ ਬਣੀ ਹੋਈ ਹੈ ਬਾਬਾ ਸਾਹਿਬ ਸਿਰਫ ਦਲਿਤਾਂ ਦੇ ਹੀ ਨੇਤਾ ਸਨ, ਦਲਿਤਾਂ ਦੇ ਹੀ ਮਸੀਹਾ ਸਨ ਜਾਂ ਸਿਰਫ ਦਲਿਤ ਲੋਕਾਂ ਦੇ ਲਈ ਹੀ ਹੁਣ ਤੱਕ ਸਭ ਕੁਝ ਕਰਦੇ ਰਹੇ ਹਨ, ਪਰ ਇਹ ਸੱਚ ਵੀ ਹੈ। ਇਸ ਵਿਚ ਕੋਈ ਸ਼ੱਕ ਨਹੀ ਹੈ ਕਿ ਬਾਬਾ ਸਾਹਿਬ ਦਲਿਤਾਂ ਨੂੰ ਬਰਾਬਰ ਦਾ ਹੱਕ ਦਿਵਾਉਣ ਦੇ ਲਈ, ਜਿੰਨਾਂ ਦੀ ਕੋਈ ਸਾਰ ਲੈਣ ਵਾਲਾ ਕੋਈ ਨਹੀ ਸੀ, ਉਹਨਾਂ ਵਾਸਤੇ ਇਕ ਸੱਚੇ ਸੰਘਰਸ਼ਸ਼ੀਲ ਨੇਤਾ ਸੀ, ਬਾਬਾ ਸਾਹਿਬ ਨੇ ਸਮੁੱਚੇ ਸਮਾਜ ਨੂੰ ਬਾਰਬਰੀ ਦੇ ਹੱਕ ਦਿਵਾਉਣ ਦੇ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ। ਬਾਬਾ ਸਾਹਿਬ ਨੂੰ ਸਿਰਫ ਦਲਿਤਾ ਦਾ ਨੇਤਾ ਕਹਿ ਦੇਣਾ ਜਾਂ ਦਲਿਤਾਂ ਦਾ ਮਸੀਹਾਂ ਕਹਿ ਦੇਣਾ ਬਾਬਾ ਸਾਹਿਬ ਨੂੰ ਜਾਤੀ ਦੇ ਅੰਦਰ ਇਕ ਛੋਟਾ ਕਰਨਾ ਸੀ, ਉਹ ਨਾ ਸਿਰਫ ਦਲਿਤਾਂ ਦੇ ਲਈ ਲੜਾਈ ਲੜਦੇ ਸਨ ਬਲਕਿ ਹਰ ਕੌਮ ਦੇ ਲਈ ਜਿਸ ਨਾਲ ਕੋਈ ਧੱਕਾ ਹੁੰਦਾ ਹੋਵੇ, ਜਿਸ ਦਾ ਹੱਕ ਖੋਹਿਆ ਜਾ ਰਿਹਾ ਹੋਵੇ, ਜਿਸ ਨੂੰ ਇਨਸਾਫ ਨਾ ਮਿਲ ਰਿਹਾ ਹੋਵੇ, ਜੋ ਰੋਟੀ ਤੋਂ ਮੁਹਤਾਜ ਹੋਣ, ਭਾਵੇਂ ਉਹ ਕਿਸੇ ਵੀ ਜਾਤੀ, ਧਰਮ ਨਾਲ ਸਬੰਧ ਰੱਖਦੇ ਹੋਣ ਬਾਬਾ ਸਾਹਿਬ ਨੇ ਮੋਹਰਲੀਆਂ ਕਤਾਰਾਂ ਵਿਚ ਹੋ ਕੇ ਉਨਾਂ ਵਾਸਤੇ ਲੜਾਈ ਲੜੀ, ਅਤੇ ਅੱਜ ਵੀ ਉਨਾਂ ਦੇ ਵਿਚਾਰ ਲੜਾਈ ਲੜ ਰਹੇ ਹਨ।

ਬਾਬ ਸਾਹਿਬ ਡਾ, ਭੀਮ ਰਾਓ ਅੰਬੇਡਕਰ, ਜਿੰਨਾਂ ਨੂੰ ਆਮ ਤੌਰ ਤੇ ਸਵਿਧਾਨ ਦਾ ਨਿਰਮਾਤਾ ਕਿਹਾ ਜਾਦਾ ਹੈ ਜਾਂ ਸਵਿਧਾਨ ਦੇ ਮੋਢੀ ਕਿਹਾ ਜਾਦਾ ਹੈ। ਆਪਣੇ ਵਲੋਂ ਤਿਆਰ ਕੀਤੇ ਗਏ ਸਵਿਧਾਨ ਦੀਆਂ ਧਰਾਵਾਂ (ਕਨੂੰਨ) ਬਾਰੇ ਉਹ ਬਹੁਤ ਚੰਗੀ ਤਰਾਂ ਵਾਕਿਫ ਹਨ। ਇਸ ਕਰਕੇ ਹੀ ਉਨਾਂ ਨੂੰ ਮੌਜੂਦਾ ਸਰਕਾਰ ਅੰਦਰ ਤਤਕਾਲ ਹੀ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣਾਇਆ ਗਿਆ। ਅੱਜ ਅਸੀ ਇਸ ਦੇ ਵਿਰੋਧ ਦੇ ਨਵੇ ਯੁਗ ਵਿਚ ਪ੍ਰਵੇਸ਼ ਕਰ ਰਹੇ ਹਾਂ ਜਿਸ ਵਿਚ ਰਾਜਨਿਤਕ ਬਰਾਬਰਤਾ ਤਾਂ ਹੋਵੇਗੀ ਹੀ ਮਤਲਬ ਕਿ ਇਕ ਵਿਆਕਤੀ ਇਕ ਵੋਟ ਪਰ ਆਰਥਿਕ ਤੇ ਸਮਾਜਿਕ ਬਰਾਬਰਤਾ ਨਹੀ ਰਹੇਗੀ।” ਬਾਬਾ ਸਾਹਿਬ ਨੇ ਜਿੰਨਾਂ ਧਰਾਵਾਂ ਨੂੰ ਕੁਝ ਦੇਰ ਬਾਅਦ ਜਾਣਿਆ ਸੀ, ਜਿੰਨਾਂ ਦੀ ਘੋਖ ਕਰਨ ਤੋਂ ਬਾਅਦ ਪਤਾ ਚੱਲਿਆ, ਪਰ ਅੱਜ ਦੇਸ਼ ਉਸ ਸਮੱਸਿਆਵਾਂ ਦੇ ਰੂਬਰੂ ਹੋ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਕੋਰਟਾਂ, ਵਿਧਿਆਕਾਂ ਅਤੇ ਮੌਜੂਦਾ ਸਰਕਾਰਾਂ ਦੇ ਟਕਰਾਵਾਂ ਨਾਲ ਜੋ ਮਸਲੇ ਸਾਹਮਣੇ ਆ ਰਹੇ ਹਨ, ਉਹ ਸਿਰਫ ਉਨਾਂ ਸਮੱਸਿਆਵਾਂ ਦਾ ਹੀ ਨਤੀਜਾ ਹੈ। ਦੇਸ਼ ਦੇ ਸਵਿਧਾਨ ਦਾ ਮੂਲ ਰੂਪ ਕਹਿ ਲਈਏ ਕਿ ਕੋਈ ਵਧੀਆ ਅਮਲੀ-ਰੂਪ ਵਿਚ ਅਮਲ ਨਹੀ ਹੋ ਰਿਹਾ ਲੱਗਦਾ।

ਬਾਬਾ ਸਾਹਿਬ ਇਹ ਜਾਣਦੇ ਸਨ ਕਿ ਪਰੀਵਰਤਨ ਸਾਡੇ ਦੇਸ਼ ਦੇ ਵਿਕਾਸ ਦੇ ਲਈ ਬਹੁਤ ਜਰੂਰੀ ਹੈ। ਉਨਾਂ ਨੇ ਆਪਣੇ ਵਿਚਾਰਾਂ ਵਿਚ ਵੀ ਸਮੇਂ ਸਮੇਂ ਤੇ ਬੜੇ ਬਦਲਾਓ ਕੀਤੇ, ਜੋ ਉਨਾਂ ਦੇ ਵਿਚਾਰਾਂ ਚੰਗੀ ਤਰ੍ਹਾਂ ਪੜ੍ਹਣ ਤੋਂ ਵੀ ਪਤਾ ਲੱਗਦਾ ਹੈ, ਜਾਂ ਉਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਹੈ। ਬਾਬਾ ਸਾਹਿਬ ਦੇ ਅੰਦਰ ਦੇਸ਼ ਪ੍ਰਤੀ ਲਗਨ ਬਚਪਨ ਤੋਂ ਹੀ ਬਹੁਤ ਜਿਆਦਾ ਗਹਿਰੀ ਸੀ।ਬਾਬਾ ਸਾਹਿਬ ਦੇ ਦੋ ਹੀ ਪ੍ਰਣ ਸਨ ਇਕ ਤਾਂ ਕਿ ਆਪਣਾ ਦੇਸ਼ ਅੱਗੇ ਵਧੇ ਅਤੇ ਦੂਸਰਾ ‘ਸਮਾਜਿਕ ਤਣਾਓ ਸਦਾ ਲਈ ਖਤਮ’ ਹੋਵੇ। ਜੋ ਲੋਕ ਬਾਬਾ ਸਾਹਿਬ ਤੇ ਅਰੋਪ ਲਾਉਦੇ ਹਨ ਕਿ ਬਾਬਾ ਸਾਹਿਬ ਅਜਾਦੀ ਦੇ ਵਿਰੋਧ ਵਿਚ ਸਨ ਇਹ ਉਨਾਂ ਦੀ ਬਹੁਤ ਹੀ ਗਲਤ ਧਾਰਨਾ (ਸੋਚਣੀ) ਹੈ। ਉਹ ਆਪਣੇ ਦੇਸ਼ ਭਾਰਤ ਨੂੰ ਅਜਾਦ ਦੇਖਣਾ ਚਾਹੁੰਦੇ ਸਨ ਅਤੇ ਨਾਲ ਹੀ ਆਪਣੀ ਦਲਿਤ ਕੌਮ ਦੀ ਵੀ ਅਜਾਦੀ ਚਾਹੁੰਦੇ ਸਨ। ਉਨਾਂ ਦੇ ਦਿਮਾਗ਼ ਵਿਚ ਹਮੇਸ਼ਾਂ ਇਹ ਡਰ ਬਣਿਆ ਰਹਿੰਦਾ ਸੀ ਕਿ ਕਿਤੇ ਇਹ ਨਾ ਹੋ ਜਾਏ ਕਿ ਦੇਸ਼ ਅਜਾਦ ਹੋ ਜਾਏ ਪਰ ਸਾਡੀਆਂ ਕੌਮਾਂ ਅਨੁਸੂਚਿਤ ਜਾਤੀਆਂ, ਉਚ ਜਾਤੀਆਂ ਦੀਆਂ ਗੁਲਾਮ ਬਣ ਕੇ ਰਹਿ ਜਾਣ। ਇਸ ਲਈ ਬਾਬਾ ਸਾਹਿਬ ਨੇ ਸੰਨ 1938 ਵਿਚ ਬੰਬਈ ਵਿਧਾਨ ਸਭਾ ਵਿਚ ਬੜੇ ਜ਼ੋਰ-ਸ਼ੋਰ ਨਾਲ ਕਿਹਾ ਸੀ ਕਿ “ਮੈਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ, ਇਸ ਵਿਚ ਕੋਈ ਗਲਤ ਫਹਿਮੀ ਨਹੀ ਹੋਣੀ ਚਾਹੀਦੀ ਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ, ਪਰ ਮੈਂ ਇਸ ਦੇਸ਼ ਦੇ ਲੋਕਾਂ ਨੂੰ ਇਹ ਗੱਲ ਸਾਫ-ਸਾਫ ਕਹਿ ਦੇਣਾ ਚਾਹੁੰਦਾ ਹਾਂ ਕਿ ਮੈਂ ਜਿਸ ਕੌਮ ਵਿਚ ਪੈਦਾ ਹੋਇਆ ਹਾਂ ਉਨਾਂ ਦੀ ਰਾਖੀ ਕਰਨਾ ਮੇਰਾ ਪਹਿਲਾ ਫਰਜ ਹੈ ਮੈ ਇਸ ਸਦਨ ਨੂੰ ਆਪਣੀ ਹੋਸ਼ ਵਿਚ ਜ਼ੋਰ-ਸ਼ੋਰ ਨਾਲ ਕਹਿੰਦਾ ਹਾਂ ਕਿ ਜਦੋਂ ਵੀ ਕਦੇ ਦੇਸ਼ ਦੇ ਹਿੱਤ ਵਿਚ ਕੋਈ ਕਨੂੰਨ ਬਣਦਾ ਹੈ ਤੇ ਉਹ ਕਨੂੰਨ ਸਾਡੀਆਂ ਦਲਿਤ ਕੌਮਾਂ ਦੇ ਖਿਲਾਫ ਜਾਂਦਾ ਹੈ ਤਾਂ ਮੈਂ ਆਪਣੀ ਕੌਮ ਦੇ ਨਾਲ ਡੱਟ ਕੇ ਖੜਾਗਾ। ਮੈਂ ਆਪਣੀਆਂ ਛੋਟੀਆਂ ਜਾਤੀਆਂ, ਕੌਮਾਂ ਦੇ ਨਾਲ ਧੱਕਾ ਨਹੀ ਹੋਣ ਦੇਵਾਂਗਾ।

ਬਾਬਾ ਸਾਹਿਬ ਦੇਸ਼ ਪ੍ਰਤੀ ਬਹੁਤ ਗੰਭੀਰ ਹੋਣ ਦੇ ਨਾਲ-ਨਾਲ, ਉਹ ਦੇਸ਼ ਦੀਆਂ ਅਲੱਗ-ਅਲੱਗ ਭਾਸ਼ਾਂਵਾਂ ਨੂੰ ਲੈ ਕੇ ਵੀ ਬਹੁਤ ਚਿੰਤਤ ਸਨ ਕਿਉਕਿ ਉਹ ਕਹਿੰਦੇ ਸਨ ਕਿ ਭਾਸ਼ਾਵਾਂ ਦੇ ਚੱਲਦੇ ਸੂਬੇ ਅੱਗੇ ਜਾ ਕੇ ਕਿਤੇ ਅਲੱਗ-ਅਲੱਗ ਨਾ ਹੋ ਜਾਣ, ਜੇਕਰ ਇਹ ਸੂਬੇ ਅਲੱਗ-ਅਲੱਗ ਹੁੰਦੇ ਹਨ ਤਾਂ ਇਹ ਦੇਸ਼ ਲਈ ਹੋਰ ਵੀ ਨੁਕਸਾਨ ਦਾਇਕ ਹੋ ਸਕਦਾ ਹੈ। ਉਨਾਂ ਦੇ ਸਬਦਾਂ ਦੇ ਮੁਤਾਬਿਕ ਸੂਬਿਆਂ ਦੀਆਂ ਛੋਟੀਆਂ-ਛੋਟੀਆਂ ਜਾਤੀਆਂ ਦੇ ਲੋਕਾਂ ਦਾ ਕੀ ਭਵਿੱਖ ਹੋਵੇਗਾ? ਕੀ ਉਹ ਵਿਧਾਇਕ ਚੁਣੇ ਜਾਣ ਦੀ ਆਸ ਰੱਖਣਗੇ? ਕੀ ਉਹਨਾਂ ਨੂੰ ਰਾਜ ਵਿਚ ਕੋਈ ਅਹੁੱਦਾ ਮਿਲਣ ਦੀ ਆਸ ਹੋਵੇਗੀ? ਉਹਨਾਂ ਦੀ ਆਰਥਿਕ ਨੀਤੀਆਂ ਵਲ ਧਿਆਨ ਦੇਣ ਵਾਲਾ ਰਹੇਗਾ ਕੋਈ? ਇਹ ਸਾਰੀਆਂ ਪ੍ਰਸਿਥਿਤੀਆਂ ਵਿਚ ਭਸ਼ਾਵਾਂ ਦੇ ਉਪਰ ਬਣੇ ਸੂਬੇ ਬਣਾਉਣ ਦਾ ਮਤਲਬ ਹੋਵੇਗਾ ਸੱਤਾ ਨੂੰ ਕਿਸੇ ਇਕ ਪੂੰਜੀਪਤੀ ਦੇ ਹੱਥ ਵਿਚ ਦੇ ਦੇਣਾ। ਜੋ ਲੋਕ ਇਨਾਂ ਸਮੱਸਿਆਵਾਂ ਨੂੰ ਨਹੀ ਸਮਝਦੇ ਜਾਂ ਸਮਝਣਾ ਨਹੀ ਚਾਹੁੰਦੇ ਉਹ ਸਮਝ ਲੈਣ ਕਿ ਜਦੋਂ ਅਸੀ ਇਕ ਭਾਸ਼ਾਂ ਦੇ ਮੁਤਾਬਿਕ ਰਾਜਾ ਦਾ ਨਾਮ ਲਵਾਂਗੇ ਜਿਵੇ ਕਿ ਜਾਟ ਰਾਜ, ਰੇਡੀ ਰਾਜ, ਮਰਾਠਾ ਰਾਜ ਆਦਿ। ਜੋ ਲੋਕ ਇਸ ਤਰ੍ਹਾਂ ਨਾਲ ਸੂਬੇ ਬਣਾਉਣਾ ਚਾਹੁੰਦੇ ਹਨ ਉਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀ ਦੂਜੇ ਰਾਜਾ ਨਾਲ ਯੁਧ ਕਰਨ ਜਾ ਰਹੇ ਹੋ? ਭਾਸ਼ਾਵਾਂ ਦੇ ਮੁਤਾਬਿਕ ਜੋ ਦੇਸ਼ ਦੇ ਸੂਬੇ ਬਣੇ ਹਨ ਉਨਾਂ ਬਾਰੇ ਬਾਬਾ ਸਾਹਿਬ ਨੇ ਸੰਨ 1938 ਵਿਚ ਇਕ ਚਿਤਾਵਨੀ ਦਿੱਤੀ ਸੀ, ਜੋ ਅੱਜ ਸਾਫ-ਸਾਫ ਨਜ਼ਰ ਆ ਰਹੀ ਹੈ। ਬਾਬਾ ਸਾਹਿਬ ਵਲੋ 75 ਸਾਲ ਪਹਿਲਾਂ ਦਿੱਤੀ ਗਈ ਇਹ ਚਿਤਾਵਨੀ ਅੱਜ ਯਾਦ ਆ ਰਹੀ ਹੈ। ਜੇਕਰ ਸਾਰੇ ਰਾਜ ਇਕ ਹੀ ਭਾਸ਼ਾਂ ਤੇ ਪਰੰਪਰਾਵਾਂ ਦਾ ਬੰਦ ਕਿਲਾ ਬਣ ਜਾਏਗਾ ਤਾਂ ਭਾਰਤ ਦੇਸ਼ ਨੂੰ ਕਦੋਂ ਤੱਕ ਤੇ ਕਿੱਥੇ ਤੱਕ ਰੋਕ ਸਕੋਗੇ ਖਿਲਰਨ ਤੋਂ?ਇਹ ਜੋ ਪ੍ਰਸ਼ਨ ਬਾਬਾ ਸਾਹਿਬ ਨੇ ਖੜਾ ਕੀਤਾ ਸੀ ਅੱਜ ਹੋਰ ਜਿਆਦਾ ਪ੍ਰਸੰਸ਼ਕ ਹੋ ਰਿਹਾ ਹੈ। ਬਾਬਾ ਸਾਹਿਬ ਦੇ ਮਨ ਵਿਚ ਆਪਣੇ ਦੇਸ਼ ਪ੍ਰਤੀ ਕਿੰਨਾਂ ਪਿਆਰ ਸੀ ਉਸ ਦਾ ਨਤੀਜਾ ਅੱਜ ਉਸ ਦੇ ਕਥਨਾਂ ਤੋਂ ਮਿਲ ਰਿਹਾ ਹੈ। “ਮੈਨੂੰ ਇਹ ਬਿਲਕੁਲ ਵੀ ਚੰਗਾ ਨਹੀ ਲੱਗਦਾ ਕਿ ਜਦੋ ਕੁਝ ਲੋਕ ਕਹਿੰਦੇ ਸਨ ਕਿ ਅਸੀ ਪਹਿਲਾਂ ਭਾਰਤੀਆ ਹਾਂ ਬਾਅਦ ਵਿਚ ਹਿੰਦੂ ਜਾਂ ਮੁਸਲਮਾਨ, ਮੈਨੂੰ ਇਹ ਬਿਲਕੁਲ ਸਵੀਕਾਰ ਨਹੀ ਹੈ। ਧਰਮ, ਸੰਸਕ੍ਰਿਤੀ, ਭਾਸ਼ਾਂ ਆਦਿ ਦੀਆਂ ਸਮੱਸਿਆਵਾਂ ਇਕੱਠੇ ਰਹਿਣ ਦੇ ਨਾਲ ਨਹੀ ਸ਼ੁਰੂ ਹੋ ਸਕਦੀਆਂ ਹਨ। ਮੈਂ ਤਾਂ ਇਹ ਚਾਹੁੰਦਾ ਹਾਂ ਕਿ ਲੋਕ ਪਹਿਲਾਂ ਵੀ ਭਾਰਤੀ ਸਨ ਅਤੇ ਅੰਤ ਤੱਕ ਵੀ ਭਾਰਤੀ ਹੀ ਰਹਿਣ। ਭਾਰਤ ਦੇ ਇਲਾਵਾ ਹੋਰ ਕੁਝ ਨਹੀ ਹੈ। ਅੱਜ ਸਾਡੇ ਦੇਸ਼ ਵਿਚ ਕਿੰਨੇ ਭਾਰਤੀ ਹਨ ਜੋ ਇਹ ਕਹਿ ਸਕਦੇ ਹੋਣ, ਕਿ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤੀ ਦੇ ਕਿਉਂ ਨਾ ਹੋਣ, ਉਹ ਇਹ ਕਹਿਣ ਕਿ ਮੈਂ ਪਹਿਲਾਂ ਵੀ ਭਾਰਤੀ ਹਾਂ ਅਤੇ ਅੰਤ ਤੱਕ ਵੀ ਭਾਰਤੀ ਹੀ ਰਹਾਂਗਾ।

ਬਾਬਾ ਸਾਹਿਬ ਇਹ ਸੱਭ ਮੰਨਦੇ ਸਨ ਕਿ ਰਾਜ ਤਾਂ ਹੀ ਲੋਕਤੰਤਰ ਹੋ ਸਕਦਾ ਹੈ ਜਦੋਂ ਸਮਾਜ ਖੁਦ ਆਪ ਵੀ ਲੋਕਤੰਤਰ ਹੋਵੇ। ਅੱਜ ਸਾਡਾ ਸਮਾਜ ਮਾਨਸ ਅਲੋਕਤੰਤਰ ਹੈ। ਪਰ ਸੂਬਿਆਂ ਦਾ ਸਾਰਾ ਸਿਸਟਮ (ਲੋਕ ਪ੍ਰਣਾਲੀ) ਲੋਕਤੰਤਰ ਹੈ। ਇਸ ਕਰਕੇ ਸਾਡਾ ਲੋਕਤੰਤਰ ਕੁਝ ਅਰਥਾਂ ਵਿਚ ਅਸਫਲ ਹੋ ਰਿਹਾ ਹੈ। ਜੇਕਰ ਲੋਕਤੰਤਰ ਦੀ ਪ੍ਰਣਾਲੀ ਨੂੰ ਸਫਲ ਬਣਾਉਣਾ ਹੈ ਤਾਂ ਰਾਸ਼ਟਰ ਮਾਨਸ ਜਾਂ ਲੋਕ-ਮਾਨਸ ਨੂੰ ਹੀ ਲੋਕਤੰਤਰ ਬਣਾਉਣਾ ਹੋਵੇਗਾ। ਬਾਬਾ ਸਾਹਿਬ ਮਜ਼ਦੂਰਾਂ ਅਤੇ ਛੋਟੀਆਂ ਜਾਤੀਆਂ ਦੇ ਹਮਦਰਦ ਸਨ। ਉਨਾਂ ਨੇ ਮਹਾਂਰਾਸ਼ਟਰ ਦੇ ਅੰਦਰ ਦਲਿਤ ਰੇਲ ਮਜ਼ਦੂਰ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ “ਸਾਡੇ ਦੋ ਵੱਡੇ ਦੁਸ਼ਮਣ ਹਨ ਇਕ ਬ੍ਰਾਹਮਣਵਾਦ ਅਤੇ ਦੂਸਰਾ ਪੂੰਜ਼ੀਵਾਦ, ਉਹ ਬ੍ਰਾਹਮਣ ਜਾਤੀ ਦੇ ਵਿਰੋਧ ਵਿਚ ਨਹੀ ਸਨ, ਬ੍ਰਾਹਮਣ ਲੋਕਾਂ ਦੇ ਵਿਰੋਧ ਵਿਚ ਨਹੀ ਸਨ, ਬਲਕਿ ਉਨਾਂ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਸੀ ਕਿ ਮਹਾਂਰਾਸ਼ਟਰ ਦੇ ਮਰਾਠਾਵਾਦ ਤੋਂ ਬ੍ਰਾਹਮਣ ਵੀ ਤੰਗ ਹਨ, ਕਿਉਕਿ ਉਹ ਬ੍ਰਾਹਮਣਾਂ ਨੂੰ ਭੇਦਭਾਵ ਕਰਨ ਵਾਲੇ ਲੋਕ ਹੀ ਸਮਝਦੇ ਸਨ।

ਅੱਜ ਕੁਝ ਐਸੀਆਂ ਜਮਾਤਾਂ ਦੇਸ਼ ਵਿਚ ਹਨ ਜੋ ਕਿ ਬਾਬਾ ਸਾਹਿਬ ਦਾ ਨਾਮ “ਤੋਤਾ ਰੰਟਤ” ਲੈਦੀਆਂ ਹਨ ਜਾਂ ਬਾਬਾ ਸਾਹਿਬ ਨੂੰ ਆਪਣੇ ਸਮਾਜਿਕ ਪਰਿਵਾਰ ਦਾ ਵੱਡਾ ਆਦਮੀ ਮੰਨ ਕੇ ਉਨਾਂ ਦਾ ਨਾਮ ਲੈਦੇ ਹਨ ਪਰ ਬਾਬਾ ਸਾਹਿਬ ਦੇ ਵਿਚਾਰਾਂ ਦਾ ਕਈ ਵਾਰ ਉਹ ਖੰਡਨ ਕਰਦੇ ਹਨ। ਇਸ ਤਰ੍ਹਾਂ ਦੇ ਮਿੱਤਰ ਬਾਬਾ ਸਾਹਿਬ ਦੇ ਚਹੇਤੇ ਨਹੀ ਹੋ ਸਕਦੇ, ਉਹ ਸਿਰਫ ਮੂਰਤੀ ਪੂਜਕ ਹੀ ਹਨ। ਜਦ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ “ਮੂਰਤੀ ਪੂਜਣਾ ਮਹਿਜ ਇਕ ਡਰਾਮਾ ਹੈ”। ਬਾਬਾ ਸਾਹਿਬ ਨੇ ਦੂਸਰਾ ਦੁਸਮਣ ਪੂੰਜੀਪਤੀ ਨੂੰ ਕਿਹਾ ਸੀ ਉਹ ਪੂੰਜੀਪਤੀ ਨੂੰ ਮਿਟਾਉਣਾ ਚਾਹੁੰਦੇ ਸਨ ਨਾ ਕਿ ਦਲਿਤ ਪੂੰਜੀਪਤੀ ਚਾਹੁੰਦੇ ਸਨ। ਅੱਜ ਦੇਸ਼ ਵਿਚ 200-300 ਅਰਬ ਖਰਬਪਤੀ ਵੱਡੀ ਜਾਤੀਆਂ ਦੇ ਲੋਕ ਹਨ ਜੋ ਦੇਸ਼ ਦੀ 100 ਕਰੋੜ ਅਬਾਦੀ ਦਾ ਸ਼ੋਸ਼ਣ ਕਰਕੇ ਪੂੰਜੀ ਦੇ ਮਾਲਕ ਬਣੇ ਬੈਠੇ ਹਨ। ਕਲ ਨੂੰ ਜੇਕਰ 5-10 ਦਲਿਤਾਂ ਦੇ ਘਰ ਵਿਚ ਜਨਮ ਲੈਦੇ, ਪੂੰਜੀਪਤੀ ਬਣ ਜਾਦੇ ਤਾਂ ਕੀ 20 ਕਰੋੜ ਦਲਿਤਾਂ ਦਾ ਦੇਸ਼ ਬਣ ਜਾਏਗਾ। ਔਸਤਨ 53 ਲੱਖ ਲੋਕਾਂ ਦੀ ਕੀਮਤ ਤੇ ਜਾਂ ਇਹ ਕਹਿ ਲਓ ਕਿ ਲਾਸ਼ਾਂ ਤੇ ਇਕ ਅਰਬਪਤੀ ਬਣਦਾ ਹੈ। ਉਹ ਭਾਵੇਂ ਸਵਰਨ ਬਣੇ ਜਾਂ ਸ਼ੂਦਰ। ਜੇਕਰ 53 ਲੱਖ ਸ਼ੂਦਰਾਂ ਦੀਆਂ ਲਾਸ਼ਾਂ ਤੇ ਇਕ ਦਲਿਤ ਪੂੰਜੀਪਤੀ ਬਣ ਜਾਦਾ ਹੈ ਤਾਂ ਕੀ ਇਹਦੇ ਵਿਚ ਸ਼ੂਦਰਾਂ ਦਾ ਕੋਈ ਭਲਾ ਹੋ ਸਕਦਾ ਹੈ? ਪਰ ਬਾਬਾ ਸਾਹਿਬ ਦੇ ਵਿਚਾਰ ਤਾਂ ਹਮੇਸ਼ਾਂ ਦੇ ਲਈ ਕੁਝ ਨਾ ਕੁਝ ਕਹਿੰਦੇ ਰਹੇ ਸਨ, ਉਹ ਤਾਂ ਆਰਥਿਕ, ਸਮਾਜਿਕ, ਬਰਾਬਰਤਾ ਅਤੇ ਰਾਜਨਿਤਕਤਾ ਹੀ ਹਮੇਸ਼ਾਂ ਚਾਹੁੰਦੇ ਸਨ। ਉਹ ਸਮਾਜਵਾਦ ਚਾਹੁੰਦੇ ਸਨ ਜੋ ਸੱਭ ਦੇ ਲਈ ਬਰਾਬਰ ਹੋਵੇ। ਬਾਬਾ ਸਾਹਿਬ ਸ਼ੁਰੂ ਤੋਂ ਹੀ ਮੂਲ ਉਦਯੋਗ ਸਰਕਾਰੀ ਰੱਖਣ ਦੇ ਹੱਕ ਵਿਚ ਸਨ। ਬਾਬਾ ਸਾਹਿਬ ਦੇ ਇਨਾਂ ਵਿਚਾਰਾਂ ਨੂੰ ਦੇਸ਼ ਸਮਝੇਗਾ, ਮੰਨੇਗਾ ਅਤੇ ਅਮਲੀ ਰੂਪ ਦੇ ਪਾਏਗਾ।

ਮੈ ਸੋਚਦਾ ਹਾਂ ਕਿ ਜੇਕਰ ਅੱਜ ਬਾਬਾ ਸਾਹਿਬ ਹੁੰਦੇ ਤਾਂ, 1940-50 ਦੇ ਦਹਾਕੇ ਵਿਚ ਤਾਂ ਉਹ ਆਪਣਿਆ ਤੋਂ ਹੀ ਨਿਰਾਸ਼ ਸਨ ਪਰ 21ਵੀ ਸਦੀ ਦੇ ਸ਼ੁਰੂਆਤ ਵਿਚ ਆਪਣੇ ਤੇ ਬਗਾਨਿਆ ਦੇ ਸਾਹਮਣੇ ਬਰਾਬਰਤਾ ਦੇ ਸੰਘਰਸ਼ ਦੇ ਮਹਾਂਭਾਰਤ ਨੂੰ ਅਰਜੁਨ ਬਣ ਕੇ ਲੜ ਰਹੇ ਹੁੰਦੇ।