(ਸਮਾਜ ਵੀਕਲੀ)
ਬਾਬਾ ਵਾਲਮੀਕ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼”
ਅੱਜ ਅਸੀਂ ਬਾਬਾ ਵਾਲਮੀਕ ਜੀ ਦੀ ਜਨਮ ਦਿਹਾੜਾ ਮਨਾ ਰਹੇ ਹਾਂ ਜਿਨ੍ਹਾਂ ਨੇ ਜ਼ਾਤਪਾਤ, ਛੂਤਛਾਤ, ਅਤੇ ਅਨਿਆਂ ਦੇ ਖਿਲਾਫ਼ ਉਸ ਵੇਲੇ ਸੰਘਰਸ਼ ਕੀਤਾ ਜਦੋਂ ਕੁਝ ਲੋਕਾਂ ਨੂੰ ਜ਼ਾਤੀ ਦੇ ਅਧਾਰ ਤੇ ਨਫ਼ਰਤ ਕੀਤੀ ਜਾਂਦੀ ਸੀ ਕਹਿੰਦੇ ਹਨ ਜਦੋਂ ਪਾਂਡਵਾਂ ਨੇਂ ਯੱਗ ਕਰਵਾਇਆ ਤਾਂ ਬਾਬਾ ਬਾਲਮੀਕ ਜੀ ਨੂੰ ਛੋਟੀ ਜ਼ਾਤੀ ਦਾ ਹੋਣ ਕਰਕੇ ਉਸ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ ਸੀ ਅਤੇ ਯੱਗ ਸੰਪੁਰਨ ਨਾ ਹੋਣ ਕਰਕੇ ਉਨ੍ਹਾਂ ਨੂੰ ਦੁਬਾਰਾ ਬੁਲਾਣਾ ਪਿਆ ਸੀ।
ਭਾਰਤ ਵਿੱਚ ਮਨੂ ਸਿਮਰਤੀ ਨੇ ਲੋਕਾਂ ਨੂੰ ਚਾਰ ਵਰਨਾਂ ਵਿਚ ਵੰਡ ਦਿੱਤਾ ਸੀ ਬ੍ਰਾਹਮਣ ,ਕਸ਼ੱਤਰੀ, ਵੈਸ਼ਯ ਅਤੇ ਸ਼ੂਦਰ। ਪਹਿਲੇ ਵਰਨ ਵਿੱਚ ਵਿਦਵਾਨ ਅਤੇ ਪੁਜਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ। ਅਗਲੀ ਕਤਾਰ ਵਿੱਚ ਖੱਤਰੀ ਹਨ ਜਿਨ੍ਹਾਂ ਨੂੰ ਸਿਪਾਹੀ ਅਤੇ ਰਾਜਨੀਤਿਕ ਨੇਤਾ ਮੰਨਿਆ ਜਾਂਦਾ ਸੀ ਇਨ੍ਹਾਂ ਦਾ ਪਾਲਣ ਵੈਸ਼ਯ ਜਾਂ ਵਪਾਰੀ ਕਰਦੇ ਹਨ ਆਖਰੀ ਸ਼੍ਰੇਣੀ ਵਿੱਚ ਸ਼ੂਦਰਾਂ ਨੂੰ ਰੱਖਿਆ ਗਿਆ ਸੀ ਜੋ ਆਮ ਤੌਰ ਤੇ ਨੌਕਰ, ਮਜ਼ਦੂਰ, ਕਾਰੀਗਰ ਹੁੰਦੇ ਸਨ ਜਿਨ੍ਹਾਂ ਨੂੰ ਅਛੂਤ ਵੀ ਕਿਹਾ ਜਾਂਦਾ ਸੀ ਅਤੇ ਬਾਹਰ ਜਾਣ ਵਾਲਾ ਮੰਨਿਆ ਜਾਂਦਾ ਰਿਹਾ ਹੈ । ਮਰੇ ਹੋਏ ਪਸ਼ੂਆਂ ਦੀ ਚਮੜੀ ਅਤੇ ਸਫਾਈ ਵਰਗੇ ਕੰਮ ਕਰਦੇ ਹਨ ਨੂੰ ਸ਼ੂਦਰਾਂ ਦੇ ਹਿਸੇ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਅਛੂਤ ਮੰਨਿਆ ਜਾਂਦਾ ਸੀ।
ਇਹੋ ਜਿਹੇ ਲੋਕਾਂ ਨੂੰ ਬਰਾਬਰਤਾ, ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਆਤਮ ਸਨਮਾਨ ਨਾਲ ਜਿਉਣ ਦਾ ਹੱਕ ਦਿਵਾਉਣ ਲਈ ਹੀ ਬਾਬਾ ਬਾਲਮੀਕ ਜੀ ਨੇ ਸਘੰਰਸ਼ ਕੀਤਾ ਸੀ। ਪਰ ਅੱਜ ਉਨ੍ਹਾਂ ਦੀ ਸੋਚ ਨੂੰ ਕੁਝ ਧਾਰਮਿਕ ਕੱਟੜਵਾਦੀਆ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਬਾਬਾ ਵਾਲਮੀਕ ਜੀ ਦਾ ਮਿਸ਼ਨ ਸੀ ਕਿ ਦੱਬੇ ਕੁੱਚਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਵੇ ਅਤੇ ਉਨ੍ਹਾਂ ਨੂੰ ਬਰਾਬਰਤਾ ਦਾ ਅਧਿਕਾਰ ਦਵਾਇਆ ਜਾਵੇ। ਪਰ ਸ਼ਾਤਿਰ ਲੋਕਾਂ ਵਲੋਂ ਉਨ੍ਹਾਂ ਦੇ ਮਿਸ਼ਨ, ਸੋਚ ਅਤੇ ਵਿਚਾਰਧਾਰਾ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਸਮਾਜ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਰਿਹਾ ਹੈ।
ਜਦੋਂ ਇਨਸਾਨ ਜਨਮ ਲੈਂਦਾ ਹੈ ਉਸ ਵੇਲੇ ਉਸਦੀ ਕੋਈ ਵੀ ਜ਼ਾਤ ਜਾਂ ਧਰਮ ਨਹੀਂ ਹੁੰਦਾ ਸਾਰਿਆ ਦੇ ਇਕੋਂ ਜਿਹੇ ਅੰਗ ਹੁੰਦੇ ਹਨ ਅਤੇ ਸਾਰਿਆ ਦਾ ਖੂਨ ਲਾਲ ਹੁੰਦਾ ਹੈ ਪਰ ਭਾਰਤ ਦੇਸ਼ ਵਿਚ ਜਨਮ ਲੈਂਦਿਆਂ ਸਾਰ ਹੀ ਬੱਚਿਆਂ ਨੂੰ ਧਰਮ ਅਤੇ ਜਾਤ ਦੇ ਸਰਟੀਫਿਕੇਟ ਦੇ ਦਿੱਤੇ ਜਾਂਦੇ ਹਨ ਜਿਸ ਦੀ ਵਜ੍ਹਾ ਕਰਕੇ ਦੇਸ਼ ਵਿੱਚ ਧਰਮ ਅਤੇ ਜਾਤਾ ਦੇ ਨਾਂ ਉੱਤੇ ਦੰਗੇ ਫਸਾਦ ਅਤੇ ਨਫ਼ਰਤਾਂ ਦੇ ਬੀਜ ਉਗਦੇ ਹਨ। ਬੇਸ਼ੱਕ ਸਮੇਂ ਦੇ ਨਾਲ ਨਾਲ ਛੂਤਛਾਤ ਦੀ ਬਿਮਾਰੀ ਕੁਝ ਹੱਦ ਤੱਕ ਜ਼ਰੂਰ ਘਟੀ ਹੈ ਪਰ ਇਹ ਉਦੋਂ ਤੱਕ ਖ਼ਤਮ ਨਹੀਂ ਹੋ ਸਕਦੀ ਜਦੋਂ ਤੱਕ ਦੇਸ਼ ਵਿੱਚੋ ਜ਼ਾਤੀ ਵਿਵਸਥਾ ਖਤਮ ਕਰਕੇ ਸਿਰਫ ਇੱਕੋ ਇਨਸਾਨੀਅਤ ਜ਼ਾਤ ਨਹੀਂ ਬਣਾਈ ਜਾਂਦੀ।
ਇਸ ਦੇ ਲਈ ਸਿਰਫ ਰਾਜਨੀਤਕ ਪਾਰਟੀਆਂ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਦੇਸ਼ ਦੇ ਨਾਗਰਿਕਾਂ ਦੇ ਮਨਾਂ ਵਿੱਚ ਵੀ ਪੱਖਪਾਤ ਹੈ। ਦੇਸ਼ ਅਜੇ ਵੀ ਜਾਤ ਪ੍ਰਣਾਲੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ. ਦੇਸ਼ ਵਿੱਚੋਂ ਜਾਤ ਪ੍ਰਣਾਲੀ ਦੀਆਂ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਲਈ ਬਹੁਤ ਸਾਰੇ ਕੰਮ ਕਰਨ ਦੀ ਲੋੜ ਹੈ. ਸਰਕਾਰਾਂ ਕਾਨੂੰਨ ਬਣਾ ਸਕਦੀਆਂ ਅਤੇ ਸੁਰੱਖਿਆ ਪ੍ਰਦਾਨ ਕਰ ਸਕਦੀਆਂ ਹਨ ਪਰ ਧਾਰਨਾ ਅਤੇ ਰਵੱਈਏ ਵਿੱਚ ਬਦਲਾਅ ਸਮਾਜ ਦੁਆਰਾ ਲਿਆਉਣਾ ਬਣਦਾ ਹੈ। ਫਿਰ ਵੀ ਅਗਰ ਸਰਕਾਰਾ ਕੋਸ਼ਿਸ਼ ਕਰਨ ਤਾਂ ਦੇਸ਼ ਵਿੱਚੋ ਜ਼ਾਤੀ ਵਿਵਸਥਾ ਖਤਮ ਕਰਕੇ ਸਭ ਨੂੰ ਬਰਾਬਰਤਾ ਨਾਲ ਜੀਣ ਦਾ ਹੱਕ ਦਿਵਾਉਣ ਲਈ ਉਪਰਾਲਾ ਕਰ ਸਕਦੀਆ ਹਨ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly