ਨਵੀਂ ਦਿੱਲੀ (ਸਮਾਜ ਵੀਕਲੀ): ਭਾਜਪਾ ਆਗੂਆਂ ਨੇ ਬਾਬਰੀ ਕੇਸ ’ਚ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਸਚਾਈ ਅਤੇ ਨਿਆਂ ਦੀ ਜਿੱਤ ਕਰਾਰ ਦਿੱਤਾ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਫ਼ੈਸਲਾ ਭਾਵੇਂ ਦੇਰੀ ਨਾਲ ਆਇਆ ਹੈ ਪਰ ਇਨਸਾਫ਼ ਦੀ ਜਿੱਤ ਹੋਈ ਹੈ।
ਬਿਹਾਰ ਦੇ ਊਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਵੀਡੀਓ ਸੁਨੇਹੇ ’ਚ ਕਿਹਾ ਕਿ ਫ਼ੈਸਲੇ ਨਾਲ ਭਾਜਪਾ ਦਾ ਦਾਅਵਾ ਸਹੀ ਸਾਬਿਤ ਹੋਇਆ ਹੈ ਕਿ ਮਸਜਿਦ ਢਾਹੁਣ ਦੀ ਸਾਜ਼ਿਸ਼ ਪਹਿਲਾਂ ਤੋਂ ਨਹੀਂ ਘੜੀ ਗਈ ਸੀ। ਭਾਜਪਾ ਆਗੂ ਰਾਮ ਮਾਧਵ ਨੇ ਕਿਹਾ ਕਿ ਸਾਰਿਆਂ ਨੂੰ ਫ਼ੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ। ਆਰਐੱਸਐੱਸ ਦੇ ਜਨਰਲ ਸਕੱਤਰ ਸੁਰੇਸ਼ ‘ਭੱਈਆਜੀ’ ਜੋਸ਼ੀ ਨੇ ਕਿਹਾ ਕਿ ਹੁਣ ਸਾਰੇ ਵਰਗਾਂ ਨੂੰ ਮੁਲਕ ਦੀ ਤਰੱਕੀ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਕਿ ਬਾਬਰੀ ਮਸਜਿਦ ਕੇਸ ਦਾ ਫ਼ੈਸਲਾ ਸੱਚ ਅਤੇ ਨਿਆਂ ਦੀ ਜਿੱਤ ਹੈ। ਪ੍ਰੀਸ਼ਦ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ ਕਿ ਅਦਾਲਤਾਂ ਨੂੰ ਨਿਆਂ ਦੇਣ ’ਚ 28 ਵਰ੍ਹੇ ਲੱਗ ਗਏ।
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਹੁਣ ਇਸ ਮਾਮਲੇ ਨੂੰ ਭੁਲਾ ਦੇਣ ਦੀ ਲੋੜ ਹੈ। ਊਨ੍ਹਾਂ ਕਿਹਾ ਕਿ ਜੇਕਰ ਬਾਬਰੀ ਮਸਜਿਦ ਢਾਹੀ ਨਾ ਗਈ ਹੁੰਦੀ ਤਾਂ ਅਯੁੱਧਿਆ ’ਚ ਰਾਮ ਮੰਦਰ ਦਾ ‘ਭੂਮੀ ਪੂਜਨ’ ਸੰਭਵ ਨਹੀਂ ਸੀ।